ਨਰਾਇਣ ਦਾਸ ਸਿਖ ਪੰਥ ਦੇ ਰੋਹ ਅਗੇ ਝੁਕਿਆ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫੀਨਾਮਾ ਭੇਜ ਕੇ ਸਿਖ ਪੰਥ ਤੋਂ ਭੁੱਲ ਬਖ਼ਸ਼ਣ ਕੀਤੀ ਗੁਜਾਰਸ਼
ਅੰਮ੍ਰਿਤਸਰ 20 ਮਈ : (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਈ ਮੇਲ ਰਾਹੀਂ ਭੇਜੀ ਗਈ ਇਕ ਪੱਤਰ ਵਿਚ ਆਪਣੀ ਗ਼ਲਤੀ ਨੂੰ ਸਵੀਕਾਰ ਕਰਦਿਆਂ ਖ਼ਾਲਸਾ ਪੰਥ ਤੋਂ ਮੁਆਫ਼ੀ ਦੀ ਗੁਜਾਰਸ਼ ਕੀਤੀ ਹੈ।
ਨਾਰਾਇਣ ਨਿਵਾਸ ਆਸ਼ਰਮ ਰਿਸ਼ੀਕੇਸ ( ਉਤਰਾਖੰਡ) ਵਾਸੀ ਨਾਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਪੰਜਾਬੀ ਵਿਚ ਲਿਖ ਕੇ ਗੁਰਬਾਣੀ ਮੀਨਿੰਗ ਦੇ ਸੰਤ ਨਾਰਾਇਣਦਾਸਜੀਐਡਦੀਜੀਮੇਲਡਾਊਟ ਕਾਮ gurbani meaning
ਉਸ ਨੇ ਕਿਹਾ ਕਿ ਪਿਛਲੇ ਦਿਨੀਂ ਉਸ ਵੱਲੋਂ ਵਾਇਰਲ ਹੋਈ ਵੀਡੀਉ ਵਿਚ ਜਾਣੇ ਅਨਜਾਣੇ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਬਹੁਤ ਗਲਤ ਸ਼ਬਦਾਵਲੀ ਬੋਲੀ ਗਈ ਹੈ। ਉਨ੍ਹਾਂ ਕਿਹਾ ਕਿ ਉਦਾਸੀ ਸਾਧੂਆ ਨੇ ਹਮੇਸ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰਮਤਿ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਹੈ। ਮੈ ਮਹਿਸੂਸ ਕਰਦਾ ਹਾਂ ਕਿ ਕੋਈ ਕਾਲ ਦਾ ਹੀ ਅਜਿਹਾ ਚੱਕਰ ਸੀ ਜਿਸ ਕਰਕੇ ਸਾਡੇ ਕੋਲੋਂ ਅਜਿਹੀ ਭੁੱਲ ਹੋ ਗਈ। ਮੈਨੂੰ ਆਪਣੀ ਗ਼ਲਤੀ ‘ਤੇ ਬਹੁਤ ਪਛਤਾਵਾ ਹੈ। ਇੱਥੋਂ ਤਕ ਕਿ ਮੈ ਗੁਰੂ ਸਾਹਿਬ ਜੀ ਬਾਰੇ ਅਜਿਹੇ ਸ਼ਬਦ ਬੋਲ ਕੇ ਆਪਣੀਆਂ ਨਜ਼ਰਾਂ ਵਿਚ ਹੀ ਗਿਰ ਚੁਕਾ ਹਾਂ। ਮੈਨੂੰ ਪੂਰਨ ਤੌਰ ‘ਤੇ ਅਹਿਸਾਸ ਹੈ ਕਿ ਮੇਰੀ ਇਸ ਗ਼ਲਤੀ ਨਾਲ ਸਮੂਹ ਸਿਖ ਸੰਗਤਾਂ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ।
ਪੱਤਰ ਦੇ ਅਖੀਰ ‘ਚ ਉਨ੍ਹਾਂ ਆਸ ਪ੍ਰਗਟ ਕੀਤਾ ਕਿ ਪੰਥ ਮੈਨੂੰ ਅਕਾਲ ਤਖਤ ਸਾਹਿਬ ‘ਤੇ ਹਾਜ਼ਰ ਹੋ ਕੇ ਆਪਣੀ ਗ਼ਲਤੀ ਲਈ ਖਿਮਾ ਯਾਚਨਾ ਕਰਨ ਦਾ ਅਵਸਰ ਜ਼ਰੂਰ ਦੇਵੇਗਾ। ਅਤੇ ਮੈਂ ਖ਼ਾਲਸਾ ਪੰਥ ਦੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵਾਂਗਾ।
ਯਾਦ ਰਹੇ ਕਿ ਪਿਛਲੇ ਪੰਜ ਦਿਨ ਪਹਿਲਾਂ ਇਸੇ ਨਰਾਇਣ ਦਾਸ ਵੱਲੋਂ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਅਪਸ਼ਬਦ ਬੋਲਿਆ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨਾਲ ਸਿਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ। ਦਮਦਮੀ ਟਕਸਾਲ ਸਮੇਤ ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਧਿਰਾਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਮੰਗ ਪੱਤਰਾਂ ਦੀ ਝੜੀ ਲਾਉਂਦਿਆਂ ਉਕਤ ਨਰਾਇਣ ਦਾਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।

