ਪੰਜਾਬੀ ‘ਵਰਸਿਟੀ ਵਿਖੇ ਵਿਦਿਆਰਥੀਆਂ ਲਈ “ਕਮਿਊਨੀਕੇਸ਼ਨ ਸਕਿੱਲਜ਼ ਐਂਡ ਐਪਟੀਚਿਊਡ ਟਰੇਨਿੰਗ ਪ੍ਰੋਗਰਾਮ”
ਪਟਿਆਲਾ, 13 ਸਤੰਬਰ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਨੇ ਇੱਕ ਨਵਾਂ ਅਧਿਆਇ ਸਥਾਪਤ ਕੀਤਾ ਜਦੋਂ ਅੱਜ ਇਥੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਸੋਸ਼ਲ ਸਾਇੰਸ ਅਤੇ ਬਿਜ਼ਨੈਸ ਸਟੱਡੀਜ਼ ਫੈਕਲਟੀ ਦੇ ਵਿਦਿਆਰਥੀਆਂ ਲਈ “ਕਮਿਊਨੀਕੇਸ਼ਨ ਸਕਿੱਲਜ਼ ਐਂਡ ਐਪਟੀਚਿਊਡ ਟਰੇਨਿੰਗ ਪ੍ਰੋਗਰਾਮ“ ਆਯੋਜਿਤ ਕੀਤਾ ਗਿਆ ਜਿਸ ਦਾ ਉਦੇਸ਼ ਯੂਨੀਵਰਸਿਟੀ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਵਸੀਲੇ ਵਧਾਉਣਾ ਹੈ।
ਕਾਰਪੋਰੇਟ ਟਰੇਨਰ ਇੰਸਟੀਚਿਊਟ, ਗਲੋਬਲ ਵੋਇਸ ਦੇ ਡਾਇਰੈਕਟਰ ਸ਼੍ਰੀ ਆਸ਼ੀਸ਼ ਨਾਗਰਥ ਅਤੇ ਅਰਚਨਾ ਨਾਗਰਥ ਵਲੋਂ ਕਰਵਾਏ ਗਏ ਨਿਵੇਕਲੀ ਕਿਸਮ ਦੇ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮਿਲਿਆ। ਇੰਜੀਨਰਿੰਗ ਅਤੇ ਤਕਨਾਲੋਜੀ ਦੇ ਵਿਦਿਆਰਥੀਆਂ ਨਾਲ ਸਬੰਧਤ ਸ਼ਾਮ ਦੇ ਸੈਸ਼ਨ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਜੋ ਵਿਦਿਆਰਥੀਆਂ ਦੇ ਅਜਿਹੇ ਪ੍ਰੋਗਰਾਮਾਂ ਵੱਲ ਝੁਕਾਅ ਦਾ ਪ੍ਰਤੱਖ ਸਬੂਤ ਸੀ।
ਇਸ ਮੌਕੇ ਤੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਈ.ਈ.ਐਲ.ਟੀ.ਐਸ. ਅਤੇ ਟੀ.ਓ.ਈ.ਐਫ.ਐਲ. ਦੀ ਟ੍ਰੇਨਿੰਗ ਦੇਣ ਦੇ ਉਦੇਸ਼ ਨਾਲ ਯੂਨੀਵਰਸਿਟੀ ਵਲੋਂ ਇਕ ਸਪੈਸ਼ਲ ਸੈੱਲ ਬਣਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ ਜਿਸ ਨਾਲ ਇਹ ਵਿਦਿਆਰਥੀ ਪ੍ਰਾਈਵੇਟ ਸੰਸਥਾਵਾਂ ਵਿੱਚ ਅਣਉਚਿਤ ਧਨ ਖਰਚਣ ਤੋਂ ਬਚਣਗੇ। ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀ ਦੇ ਆਈ.ਏ.ਐਸ. ਅਤੇ ਅਲਾਈਡ ਸਰਵਿਸ ਟ੍ਰੇਨਿੰਗ ਸੈਂਟਰ ਦੇ ਕਾਰਜ-ਖੇਤਰ ਦਾ ਘੇਰਾ ਵਿਸ਼ਾਲ ਕਰਨ ਦੇ ਵੀ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਘੁੰਮਣ ਨੇ ਕਿਹਾ ਕਿ ਇਨਫੋਸਿਸ ਵਲੋਂ ਯੂਨੀਵਰਸਿਟੀ ਦੇ 134 ਇੰਜੀਨੀਰਿੰਗ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਨਾਲ ਉਹ ਆਸ ਪ੍ਰਗਟ ਕਰਦੇ ਹਨ ਕਿ ਇਹ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤੀ ਜਾਵੇਗੀ। ਉਨ੍ਹਾਂ ਪਰੰਪਰਾਗਤ ਕੋਰਸ ਪਾਠਕ੍ਰਮ ਤੋਂ ਹੱਟ ਕੇ ਸਰਵੋਤਮ ਕਾਰਜਖੇਤਰ ਗਿਆਨ ਰੱਖਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੀ ਵਕਾਲਤ ਕੀਤੀ।
ਡਾ. ਘੁੰਮਣ ਨੇ ਅੱਗੇ ਕਿਹਾ ਕਿ ਜਿਥੋਂ ਤੱਕ ਵਿਦਿਆਰਥੀਆਂ ਦੇ ਰੋਜ਼ਗਾਰ ਦੀ ਗੱਲ ਹੈ, ਇਸ ਦੀ ਪੂਰਤੀ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਇਸ ਨੂੰ ਖਾਸ ਤੌਰ ਤੇ ਪਰੰਪਰਾਗਤ ਵਿਸ਼ਿਆਂ ਵਿੱਚ “ਆਵੇਦਨ-ਕੇਂਦਰਿਤ“ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਜੋ ਮਾਰਕੀਟ ਰੋਜ਼ਗਾਰ ਨਾਲ ਸਬੰਧਤ ਹੋਵੇ। ਉਨ੍ਹਾਂ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੂੰ ਪੇਸ਼ੇਵਰ ਮਾਹਿਰ ਵਿਦਵਾਨਾਂ ਨੂੰ ਬੁਲਾਉਣ ਦੀ ਸਲਾਹ ਦਿੱਤੀ ਤਾਂ ਜੋ ਅੱਜ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਸਮਝਦਾਰ ਇਨਸਾਨ ਬਣਾਉਣ ਵਿੱਚ ਮਦਦ ਮਿਲ ਸਕੇ। ਡਾ. ਘੁੰਮਣ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਨਿਪੁੰਨ ਯੋਗਤਾਵਾਂ ਅਤੇ ਕੌਸ਼ਲ ਵਿੱਚ ਵਾਧਾ ਕਰਨ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਆਪਣੇ ਅਧਿਆਪਕਾਂ ਨੂੰ ਜਵਾਬਦੇਹ ਬਣਾਉਣ ਦੀ ਗੱਲ ਕਹੀ।
ਇਸ ਮੌਕੇ ਤੇ ਕੈਰੀਅਰ ਅਤੇ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਡਾ. ਏ.ਕੇ. ਧਾਮ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਯੂਨੀਵਰਸਿਟੀ ਵਿੱਚ ਹੋਈਆਂ ਪਲੇਸਮੈਂਟਸ ਦੇ ਪਿਛਲੇ ਇਤਿਹਾਸ ਨਾਲ ਸਬੰਧਤ ਕੁੱਝ ਪੱਖ ਰੱਖੇ। ਇਸ ਮੌਕੇ ਤੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ ਅਤੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

