ਵੋਟਰ ਸੂਚੀਆਂ ਦੀ ਵੈਰੀਫਿਕੇਸ਼ਨ ਤੇ ਸੁਧਾਈ ਦਾ ਕੰਮ ਸ਼ੁਰੂ
ਪੋਲਿੰਗ ਸਟੇਸ਼ਨਾਂ ਦਾ ਵੀ ਹੋਵੇਗਾ ਪੁਨਰਗਠਨ : ਜ਼ਿਲ੍ਹਾ ਚੋਣ ਅਫ਼ਸਰ
ਪਟਿਆਲਾ, 22 ਮਈ (ਮਧੂਸਾਰ ਬਿਊਰੋ) ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਕੁੱਲ ਅੱਠ ਵਿਧਾਨ ਸਭਾ ਚੋਣ ਹਲਕਿਆਂ 109-ਨਾਭਾ, 110-ਪਟਿਆਲਾ ਦਿਹਾਤੀ, 111-ਰਾਜਪੁਰਾ, 113-ਘਨੌਰ, 114-ਸਨੌਰ, 115-ਪਟਿਆਲਾ, 116-ਸਮਾਣਾ ਅਤੇ 117-ਸ਼ੁਤਰਾਣਾ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2018 ਦੇ ਅਧਾਰ ਤੇ ਵੋਟਰ ਸੂਚੀਆਂ ਦੀ ਘਰ-ਘਰ ਜਾ ਕੇ ਵੈਰੀਫਿਕੇਸ਼ਨ ਅਤੇ ਸੁਧਾਈ ਸਬੰਧੀ ਕੰਮ 15 ਮਈ 2018 ਤੋਂ ਸ਼ੁਰੂ ਹੋ ਚੁੱਕਾ ਹੈ।
ਇਸ ਪ੍ਰੋਗਰਾਮ ਅਨੁਸਾਰ 15 ਮਈ ਤੋਂ 26 ਜੂਨ ਤੱਕ ਵੋਟਰਾਂ ਦੀ ਵੈਰੀਫਿਕੇਸ਼ਨ ਕਰਨ ਲਈ ਬੀ.ਐਲ.ਓਜ਼ ਵਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਅਤੇ 21 ਜੂਨ ਤੋਂ 31 ਜੁਲਾਈ 2018 ਤੱਕ ਪੋਲਿੰਗ ਸਟੇਸ਼ਨਾਂ ਦਾ ਵੀ ਪੁਨਰਗਠਨ ਕੀਤਾ ਜਾਣਾ ਹੈ। ਸਰਵੇ ਦੌਰਾਨ ਜਿਨ੍ਹਾਂ ਨਾਗਰਿਕਾਂ ਦੀ ਉਮਰ ਮਿਤੀ 1 ਜਨਵਰੀ 2018 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਅਤੇ ਉਹ ਵੋਟਰ ਵਜੋਂ ਅਜੇ ਤੱਕ ਰਜਿਸਟਰ ਨਹੀਂ ਹੋਏ ਉਨ੍ਹਾਂ ਦੀ ਵੋਟ ਬਣਾਉਣ ਲਈ ਫਾਰਮ ਨੰ: 6 ਵਿੱਚ ਬਿਨੈ ਪ੍ਰਾਪਤ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਵੋਟਰ ਸੂਚੀ ਨੂੰ ਤਰੁੱਟੀ ਰਹਿਤ ਬਣਾਉਣ ਲਈ ਇਸ ਵਿੱਚ ਵੋਟਰਾਂ ਦੇ ਗ਼ਲਤ ਦਰਜ ਵੇਰਵਿਆਂ ਨੂੰ ਦਰੁਸਤ ਕਰਨ ਲਈ ਫਾਰਮ ਨੰ: 8 ਵਿੱਚ ਬਿਨੈ ਪੱਤਰ ਪ੍ਰਾਪਤ ਕੀਤਾ ਜਾਣਾ ਹੈ, ਜੋ ਵੋਟਰ ਮਰ ਚੁੱਕੇ ਹਨ, ਉਨ੍ਹਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦਾ ਫਾਰਮ ਨੰ: 7 ਭਰਿਆ ਜਾਣਾ ਹੈ, ਪੱਕੇ ਤੌਰ ਤੇ ਸ਼ਿਫ਼ਟ ਹੋ ਚੁੱਕੇ ਵੋਟਰਾਂ ਅਤੇ ਇੱਕ ਹੀ ਵਿਅਕਤੀ ਦੀਆਂ ਇੱਕ ਤੋਂ ਵੱਧ ਦਰਜ ਵੋਟਾਂ ਕੱਟਣ ਸਬੰਧੀ ਵੀ ਫਾਰਮ ਨੰ: 7 ਭਰਿਆ ਜਾਣਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜੇਕਰ ਵੋਟਰ ਕਿਸੇ ਹੋਰ ਖੇਤਰ ਤੋਂ ਸ਼ਿਫ਼ਟ ਹੋ ਕੇ ਆਇਆ ਹੈ ਜਾਂ ਕਿਸੇ ਵੋਟਰ ਦੀ ਉਸਦੇ ਸਬੰਧਤ ਬੂਥ ਵਿੱਚ ਭਾਵ ਜਿਥੇ ਉਸ ਦੀ ਰਿਹਾਇਸ਼ ਹੈ, ਵਿੱਚ ਉਸਦੀ ਵੋਟ ਨਹੀਂ ਬਣੀ ਹੋਈ ਤਾਂ ਉਹ ਇਨ੍ਹਾਂ ਮਿਤੀਆਂ ਦੌਰਾਨ ਆਪਣੀ ਨਵੀਂ ਵੋਟ ਬਣਾਉਣ ਲਈ ਨਿਰਧਾਰਤ ਫਾਰਮ ਨੰ: 6 ਵਿੱਚ ਆਪਣੇ ਖੇਤਰ ਦੇ ਪੋਲਿੰਗ ਸਟੇਸ਼ਨ ਦੇ ਬੀ.ਐਲ.ਓ ਨੂੰ ਬਿਨੈ ਕਰ ਸਕਦਾ ਹੈ ਅਤੇ ਇਸ ਤੋਂ ਇਲਾਵਾ www.nvps.in (ਨੈਸ਼ਨਲ ਵੋਟਰ ਸਰਵਿਸ ਪੋਰਟਲ) ‘ਤੇ ਆਨ ਲਾਈਨ ਵੀ ਅਪਲਾਈ ਕਰ ਸਕਦਾ ਹੈ। ਫਾਰਮ ਨੰ: 6 ਨਾਲ ਬਿਨੈਕਾਰ ਵੱਲੋਂ ਆਪਣੀਆਂ 2 ਪਾਸਪੋਰਟ ਸਾਈਜ਼ ਦੀਆਂ ਤਾਜ਼ਾ ਫੋਟੋਆਂ, ਰਿਹਾਇਸ਼ ਦਾ ਪਰੂਫ਼ ਅਤੇ ਜਨਮ ਮਿਤੀ ਦਾ ਸਬੂਤ ਨੱਥੀ ਕੀਤਾ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਕਤ ਮਿਤੀਆਂ ਦੌਰਾਨ ਪ੍ਰਾਪਤ ਹੋਏ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ ਨਾਲੋਂ-ਨਾਲ ਕਰਕੇ ਮਿਤੀ 31 ਅਗਸਤ 2018 ਤੱਕ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਇਹ ਕੰਮ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਕੁੱਲ 1636 ਪੋਲਿੰਗ ਸਟੇਸ਼ਨ ਹਨ ਅਤੇ ਹਰੇਕ ਪੋਲਿੰਗ ਸਟੇਸ਼ਨ ਤੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਬੀ.ਐਲ.ਓ. ਦੀ ਨਿਯੁਕਤੀ ਕੀਤੀ ਗਈ ਹੈ। ਬੀ.ਐਲ.ਓਜ਼ ਦੇ ਕੰਮ ਦੀ ਨਿਗਰਾਨੀ ਲਈ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਹੋਏ ਹਨ। ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਮਿਤੀ 1 ਸਤੰਬਰ 2018 ਨੂੰ ਕੀਤੀ ਜਾਣੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 21 ਜੂਨ ਤੋਂ 31 ਜੁਲਾਈ 2018 ਤੱਕ ਪੋਲਿੰਗ ਸਟੇਸ਼ਨਾਂ ਦਾ ਪੁਨਰਗਠਨ ਕੀਤਾ ਜਾਣਾ ਹੈ। ਜਿਨ੍ਹਾਂ ਪੋਲਿੰਗ ਸਟੇਸ਼ਨਾਂ ਵਿੱਚ ਸ਼ਹਿਰੀ ਖੇਤਰ ਵਿੱਚ 1400 ਤੋਂ ਵੱਧ ਵੋਟਾਂ ਦਰਜ਼ ਹਨ ਅਤੇ ਪੇਂਡੂ ਖੇਤਰ ਵਿੱਚ 1200 ਤੋਂ ਵੱਧ ਵੋਟਾਂ ਦਰਜ਼ ਹਨ ਤਾਂ ਉਥੇ ਦੋ ਪੋਲਿੰਗ ਸਟੇਸ਼ਨਾਂ ਵਿੱਚ ਵੋਟਾਂ ਵੰਡ ਕੇ ਨਵਾਂ ਪੋਲਿੰਗ ਸਟੇਸ਼ਨ ਬਣਾਇਆ ਜਾਣਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਪੋਲਿੰਗ ਸਟੇਸ਼ਨ ਵਿੱਚ ਦਰਜ਼ ਸੈਕਸ਼ਨਾਂ ਤੋਂ ਇਲਾਵਾ ਕੋਈ ਹੋਰ ਨਵਾਂ ਸੈਕਸ਼ਨ ਬਣਾਉਣਾ ਜਾਂ ਸੈਕਸ਼ਨ ਵਿੱਚ ਕਿਸੇ ਤਰਾਂ ਦੀ ਸੋਧ ਕਰਵਾਉਣ ਸਬੰਧੀ ਆਦਿ ਵੀ ਪੋਲਿੰਗ ਸਟੇਸ਼ਨਾਂ ਦੀ ਰੈਸਨੇਲਾਈਜ਼ੇਸਨ ਦੌਰਾਨ ਕੀਤਾ ਜਾਵੇਗਾ, ਇਸ ਤੋਂ ਇਲਾਵਾ ਜੇਕਰ ਪੋਲਿੰਗ ਸਟੇਸ਼ਨ ਦੀ ਕੋਈ ਬਿਲਡਿੰਗ ਖ਼ਰਾਬ/ਪੁਰਾਣੀ ਹੈ ਜਾਂ ਉਸ ਵਿੱਚ ਸਹੂਲਤਾਂ ਦੀ ਘਾਟ ਹੈ ਤਾਂ ਉਸ ਦੀ ਵੀ ਤਬਦੀਲੀ ਕੀਤੀ ਜਾਣੀ ਹੈ।

