ਪਟਿਆਲਾ

ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾਵੇ : ਵਧੀਕ ਡਿਪਟੀ ਕਮਿਸ਼ਨਰ

ਸਰਵੇ ਦੌਰਾਨ ਪ੍ਰਾਪਤ ਹੋਣ ਵਾਲੇ ਇਤਰਾਜ਼ਾਂ ਦਾ ਨਿਪਟਾਰਾ ਤੁਰੰਤ ਕੀਤਾ ਜਾ ਰਿਹਾ ਹੈ
ਮਰ ਚੁੱਕੇ ਵੋਟਰਾਂ ਦਾ ਨਾਮ ਵੋਟਰ ਸੂਚੀ ਵਿੱਚ ਕੱਟਣ ਦਾ ਅਮਲ ਸ਼ੁਰੂ
ਪਟਿਆਲਾ, 22 ਮਈ (ਮਧੂਸਾਰ ਬਿਊਰੋ) ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਮੌਜੂਦਾ ਵੋਟਰ ਸੂਚੀਆਂ ਵਿੱਚੋਂ ਮਰ ਚੁੱਕੇ ਵੋਟਰਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟਣ ਸਬੰਧੀ ਕਾਰਵਾਈ ਕਰਦੇ ਹੋਏ ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਕਰਨ ਦੇ ਕੰਮ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਪੂਨਮਦੀਪ ਕੌਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਕੇ ਹੁਣ ਤੱਕ ਹੋਏ ਕੰਮ ਦਾ ਜਾਇਜ਼ਾ ਲਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਰਜਿਸਟਰਾਰਾਂ ਨੂੰ ਹਦਾਇਤ ਕੀਤੀ ਕਿ ਮਿਤੀ 1 ਜਨਵਰੀ 2017 ਤੋਂ 30 ਅਪ੍ਰੈਲ 2018 ਤੱਕ ਮਰ ਚੁੱਕੇ ਵਿਅਕਤੀਆਂ ਦੀਆਂ ਸੂਚੀਆਂ ਪਿੰਡ ਪੱਧਰ ਅਤੇ ਮੁਹੱਲਾ ਪੱਧਰ ‘ਤੇ ਤਿਆਰ ਕੀਤੀ ਜਾਣ ਅਤੇ ਇਹ ਸੂਚੀਆਂ 28 ਮਈ ਤੱਕ ਜ਼ਿਲ੍ਹਾ ਚੋਣ ਅਫ਼ਸਰ ਰਾਹੀਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੂੰ ਭਿਜਵਾ ਦਿੱਤੀ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਮਈ ਮਹੀਨੇ ਦੀ ਸੂਚਨਾ 10 ਜੂਨ ਤੱਕ ਭੇਜੀ ਜਾਵੇ ਅਤੇ ਇਸ ਤਰਾਂ ਹਰ ਮਹੀਨੇ 10 ਤਾਰੀਖ ਤੱਕ ਇਹ ਸੂਚਨਾ ਭੇਜਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫ਼ਸਰ ਦੀ ਹਦਾਇਤਾਂ ਮੁਤਾਬਿਕ 15 ਮਈ ਤੋਂ 20 ਜੂਨ ਤੱਕ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਸਰਵੇ ਕਰ ਰਹੇ ਹਨ ਅਤੇ ਮਰ ਚੁੱਕੇ ਜਾ ਘਰ ਬਦਲ ਚੁੱਕੇ ਵੋਟਰਾਂ ਦੀ ਸ਼ਨਾਖ਼ਤ ਕਰਨ ਤੋਂ ਇਲਾਵਾ ਵੋਟਰਾਂ ਦੇ ਦਰਜ਼ ਵੇਰਵਿਆ ਦੀ ਪੜਤਾਲ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਵੇ ਦੌਰਾਨ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜ਼ਾਂ ਦਾ ਯੋਗ ਕਰਵਾਈ ਕਰਕੇ ਨਿਪਟਾਰਾ ਕੀਤਾ ਜਾ ਰਿਹਾ ਹੈ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਸਮੇਂ ਬਿਨੈਕਾਰ ਵੱਲੋਂ ਭਰੇ ਜਾਣ ਵਾਲੇ ਫਾਰਮ ਵਿੱਚ ਮ੍ਰਿਤਕ ਦਾ ਵੋਟਰ ਸ਼ਨਾਖਤੀ ਕਾਰਡ ਨੰਬਰ ਜ਼ਰੂਰ ਭਰਵਾਇਆ ਜਾਵੇ ਤਾਂ ਜੋ ਵੋਟਰ ਸੂਚੀ ਵਿੱਚ ਦਰਜ ਭਾਗ ਨੰਬਰ ਅਤੇ ਲੜੀ ਨੰਬਰ ਦਾ ਪਤਾ ਲਗਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਸਬੰਧਤ ਕਰਮਚਾਰੀਆਂ ਨੂੰ ਮੁੱਖ ਚੋਣ ਅਫ਼ਸਰ, ਪੰਜਾਬ ਦੀ ਵੈਬ ਸਾਈਟ ਰਾਹੀਂ ਵੋਟਰ ਦੇ ਸ਼ਨਾਖ਼ਤੀ ਕਾਰਡ ਨੰਬਰ ਰਾਹੀਂ ਉਸਦਾ ਪੂਰਾ ਵੇਰਵਾ ਜਾਣਨ ਦੀ ਲੋੜੀਂਦੀ ਟ੍ਰੇਨਿੰਗ ਕਰਵਾਈ ਜਾਵੇ।
ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ ਅਨਾਇਤ ਗੁਪਤਾ, ਸਹਾਇਕ ਸਿਵਲ ਸਰਜਨ ਸ਼ੈਲੀ ਜੇਟਲੀ, ਸੁਪਰਡੈਂਟ ਨਗਰ ਨਿਗਮ ਸ਼੍ਰੀ ਪਰਵੀਨ ਕੁਮਾਰ ਗੁਪਤਾ, ਚੋਣ ਕਾਨੂੰਗੋ ਸ਼੍ਰੀ ਵਿਜੈ ਕੁਮਾਰ ਸਮੇਤ ਸਮੂਹ ਕਾਰਜ ਸਾਧਕ ਅਫਸਰ ਅਤੇ ਮੈਡੀਕਲ ਅਫ਼ਸਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *