7 ਮਹੀਨਿਆਂ ‘ਚ ਇੰਪਰੂਵਮੈਂਟ ਟਰੱਸਟ ਨੇ ਸ਼ੁਰੂ ਕਰਵਾਏ ਸ਼ਹਿਰ ‘ਚ 20.50 ਕਰੋੜ ਦੇ ਵਿਕਾਸ ਕਾਰਜ : ਵਿਸ਼ਨੂੰ ਸ਼ਰਮਾ
ਪਟਿਆਲਾ ਸ਼ਹਿਰ ਦੇ ਵਿਕਾਸ ‘ਚ ਇੰਪਰੂਵਮੈਂਟ ਟਰੱਸਟ ਦੇ ਵਡਮੁੱਲਾ ਯੋਗਦਾਨ ਪਾਇਆ
ਪਟਿਆਲਾ, 3 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਾਦਲ ਸਰਕਾਰ ਵਲੋਂ ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਵਿਸ਼ਨੂੰ ਸ਼ਰਮਾ ਨੇ ਆਪਣੇ ਕਾਰਜਕਾਲ ਦੇ 7 ਮਹੀਨਿਆਂ ਦਾ ਲੇਖਾ ਜੋਖਾ ਇਥੇ ਪੱਤਰਕਾਰਾਂ ਦੇ ਸਾਹਮਣੇ ਰੱਖਿਆ।
ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਥੇ ਉਨ੍ਹਾਂ ਨਗਰ ਨਿਗਮ ਦੇ ਖਜਾਨੇ ਨੂੰ ਲਬਾਲਬ ਕਰ ਦਿੱਤਾ, ਉਥੇ ਹੀ ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ। ਇਕੱਲੇ ਇੰਪਰੂਵਮੈਂਟ ਟਰੱਸਟ ਵਲੋਂ ਹੀ ਮੌਜੂਦਾ ਸਮੇਂ 20.50 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ ਜੋ ਕਿ 31 ਮਾਰਚ ਤੱਕ ਮੁਕੰਮਲ ਕਰਵਾ ਦਿੱਤੇ ਜਾਣਗੇ। ਵਿਸ਼ਨੂੰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ 6 ਜੂਨ 2016 ਨੂੰ ਆਪਣਾ ਅਹੁਦਾ ਸੰਭਾਲਿਆ ਸੀ, ਉਸ ਸਮੇਂ ਟਰੱਸਟ ਦੇ ਖਜਾਨੇ ਵਿਚ ਸਿਰਫ 3 ਕਰੋੜ 12 ਲੱਖ ਰੁਪਏ ਸਨ। ਉਨ੍ਹਾਂ ਨਿੱਜੀ ਯਤਨ ਕਰਕੇ ਟਰੱਸਟ ਦੀ ਰਿਕਵਰੀ ਕਰਵਾਈ। ਪਿਛਲੇ ਕਈ ਸਾਲਾਂ ਤੋਂ ਇਨਕਮ ਟੈਕਸ ਵੱਲ ਟਰੱਸਟ ਦਾ ਜੋ ਪੈਸਾ ਪੈਂਡਿੰਗ ਪਿਆ ਸੀ, ਉਹ ਇਨਕਮ ਟੈਕਸ ਰਿਫੰਡ ਕਰਵਾਇਆ ਅਤੇ ਅੱਜ ਟਰੱਸਟ ਦੇ ਖਾਤੇ ਵਿਚ 21 ਕਰੋੜ ਰੁਪਏ ਜਮ੍ਹਾ ਹਨ। ਖਜਾਨਾ ਭਰਨ ਤੋਂ ਬਾਅਦ ਉਨ੍ਹਾਂ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਰੂਪਰੇਖਾ ਬਣਾਈ ਅਤੇ ਵਿਕਾਸ ਕਾਰਜਾਂ ਦੇ ਐਸਟੀਮੇਟ ਤਿਆਰ ਕਰਨ ਤੋਂ ਬਾਅਦ ਟੈਂਡਰ ਲਾ ਕੇ ਅੱਜ 20.50 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾ ਦਿੱਤੇ ਹਨ। ਉਨ੍ਹਾਂ ਕਿਹਾ ਕਿ 14 ਕਰੋੜ ਰੁਪਏ ਦੇ ਵਿਕਾਸ ਕਾਰਜ ਇੰਪਰੁਵਮੈਂਟ ਟਰੱਸਟ ਨੇ ਵੱਖ-ਵੱਖ ਰਿਹਾਇਸ਼ੀ ਕਾਲੋਨੀਆਂ ਅਤੇ ਕਮਰਸ਼ੀਅਲ ਸਕੀਮਾਂ ਵਿਚ ਜਦੋਂ ਕਿ ਸਾਢੇ 6 ਕਰੋੜ ਰੁਪਏ ਦੇ ਵਿਕਾਸ ਕਾਰਜ ਨਗਰ ਨਿਗਮ ਦੀ ਹੱਦ ਵਿਚ ਕਰਵਾਏ ਜਾ ਰਹੇ ਹਨ। ਟਰੱਸਟ ਵਲੋਂ ਸ਼ਹਿਰ ਵਿਚ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੋਲੋ ਗਰਾਉਂਡ ਦਾ ਵੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਰੋਜ਼ ਗਾਰਡਨ, ਮਾਡਲ ਟਾਊਨ, ਤ੍ਰਿਪੜੀ ਸਮੇਤ ਹੋਰਨਾਂ ਪ੍ਰਮੁੱਖ ਪਾਰਕਾਂ ਦੀ ਡਿਵੈਲਪਮੈਂਟ ਕਰਵਾਈ ਜਾ ਰਹੀ ਹੈ। ਪਾਰਕਾਂ ਵਿਚ ਓਪਨ ਜਿੰਮ ਸਥਾਪਿਤ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਹਿਰ ਨਿਵਾਸੀਆਂ ਦੀ ਮੰਗ ਪੂਰੀ ਕਰਦੇ ਹੋਏ ਪਟੇਲ ਇੰਨਕਲੇਵ ਅਤੇ ਐਸ. ਐਸ. ਟੀ. ਨਗਰ ਦੇ ਫਲੈਟਾਂ ਦਾ ਕਬਜ਼ਾ ਅਲਾਟੀਆਂ ਦੇ ਸਪੁਰਦ ਕੀਤਾ ਜਦੋਂ ਕਿ ਅਲਾਟੀ 4 ਸਾਲ ਤੋਂ ਇਹ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਦਿਲ ਮੰਨੀ ਜਾਂਦੀ ਅਤੇ ਸ਼ਹਿਰ ਦੀ ਸਭ ਤੋਂ ਵੱਡੀ ਸੈਰਗਾਹ ਬਾਰਾਂਦਰੀ ਦੇ ਵਿਕਾਸ ‘ਤੇ ਇੰਪਰੂਵਮੈਂਟ ਟਰੱਸਟ ਵਿਸ਼ੇਸ਼ ਤੌਰ ‘ਤੇ ਪੈਸਾ ਖਰਚ ਕਰ ਰਿਹਾ ਹੈ। ਇਸੇ ਤਰ੍ਹਾਂ ਵਾਤਾਵਰਣ ਪਾਰਕ ਦਾ ਵਿਕਾਸ ਵੀ ਟਰੱਸਟ ਵਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 9 ਕਰੋੜ ਰੁਪਏ ਦੇ ਫਲੈਟਾਂ ਦੇ ਨਵੇਂ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿਚ ਨਾਭਾ ਰੋਡ ਸਥਿਤ ਮਹਾਰਾਜਾ ਯਾਦਵਿੰਦਰਾ ਇੰਨਕਲੇਵ ਵਿਚ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ ਐਮ. ਆਈ. ਜੀ. ਫਲੈਟ ਅਤੇ ਐਸ. ਐਸ. ਟੀ. ਨਗਰ ਵਿਚ ਸਾਢੇ 4 ਕਰੋੜ ਰੁਪਏ ਦੀ ਲਾਗਤ ਨਾਲ ਐਲ. ਆਈ. ਜੀ. ਫਲੈਟ ਤਿਆਰ ਕੀਤੇ ਜਾ ਰਹੇ ਹਨ। ਚੇਅਰਮੈਨ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ‘ਤੇ ਛੋਟੀ ਨਦੀ ਨੂੰ ਪੱਕਾ ਕਰਨ ਦੇ ਪ੍ਰੋਜੈਕਟ ਵਿਚ ਇੰਪਰੂਵਮੈਂਟ ਟਰੱਸਟ 5 ਕਰੋੜ ਰੁਪਏ ਦਾ ਯੋਗਦਾਨ ਦੇ ਰਿਹਾ ਹੈ। ਇਸੇ ਤਰ੍ਹਾਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਪ੍ਰੋਜੈਕਟ ਨੂੰ ਸਿਰੇ ਚੜ੍ਹਾਉਣ ਲਈ 2 ਕਰੋੜ ਰੁਪਏ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਨੂੰ ਜਲਦੀ ਹੀ ਇੰਨਕਮ ਟੈਕਸ ਤੋਂ 6 ਕਰੋੜ ਰੁਪਏ ਦਾ ਹੋਰ ਰਿਫੰਡ ਆ ਜਾਵੇਗਾ। ਟਰੱਸਟ ਨੇ ਨਗਰ ਨਿਗਮ ਤੋਂ ਵੀ 19 ਕਰੋੜ ਰੁਪਿਆ ਲੈਣਾ ਹੈ ਜੋ ਕਿ ਉਸ ਨੇ ਲੋਨ ਦੇ ਰੂਪ ਵਿਚ ਲਿਆ ਸੀ। ਚੇਅਰਮੈਨ ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਟਰੱਸਟ ਨੇ ਜੋ ਸਾਢੇ 20 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਹਨ, ਉਹ 31 ਮਾਰਚ ਤੱਕ ਮੁਕੰਮਲ ਕਰਵਾ ਦਿੱਤੇ ਜਾਣਗੇ ਅਤੇ ਵਿਕਾਸ ਕਾਰਜਾਂ ਦੀ ਕੁਆਲਟੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਦੌਰਾਨ ਵਿਸ਼ਨੂੰ ਸ਼ਰਮਾ ਦੇ ਨਾਲ ਨਵੇਂ ਨਿਯੁਕਤ ਕੀਤੇ ਗਏ ਟਰੱਸਟੀ ਗੁਰਦੇਵ ਸਿੰਘ ਪੂਨੀਆ, ਪਵਨ ਨਾਗਰਥ, ਰਵਿੰਦਰ ਸਿੰਘ ਵਿੰਦਾ ਤੋਂ ਇਲਾਵਾ ਅਕਾਲੀ ਆਗੂ ਡਾ. ਰਾਕੇਸ਼ ਏਰੀਅਨ, ਸ਼ੇਰੂ ਪੁਰੀ, ਭੂਸ਼ਣ ਸ਼ਰਮਾ, ਦਲਬੀਰ ਸਿੰਘ, ਚੇਅਰਮੈਨ ਦੇ ਓ. ਐਸ. ਡੀ. ਸ਼ਸ਼ੀਕਾਂਤ, ਈ. ਓ. ਰਾਜ ਕੁਮਾਰ ਕਪੂਰ, ਐਕਸੀਅਨ ਨਰਿੰਦਰ ਕੁਮਾਰ, ਐਸ. ਡੀ. ਓ. ਬਲਵਿੰਦਰ ਸਿੰਘ, ਏ. ਪੀ. ਸਿੰਘ, ਜੇ. ਈ. ਬਲਬੀਰ ਸਿੰਘ, ਨਰਿੰਦਰ ਸਿੰਘ ਤੋਂ ਇਲਾਵਾ ਟਰੱਸਟ ਦੇ ਸਮੁੱਚੇ ਅਧਿਕਾਰੀ ਮੌਜੂਦ ਸਨ।

