ਪੰਜਾਬ

ਵਧੀਕ ਮੁੱਖ ਸਕੱਤਰ ਵੱਲੋਂ ਸਹਿਕਾਰੀ ਬੈਂਕਾਂ ਨੂੰ ਫਸਲੀ ਕਰਜ਼ੇ ਦੀ ਅਦਾਇਗੀ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼

7 ਲੱਖ ਕਿਸਾਨਾਂ ਦੇ ਹੱਦ ਕਰਜ਼ੇ ਬਣਾਏ ਗਏ: ਡੀ.ਪੀ.ਰੈਡੀ
ਚੰਡੀਗੜ੍ਹ, 25 ਮਈ (ਮਧੂਸਾਰ ਬਿਊਰੋ) ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ ਨੇ ਵਿਭਾਗ ਦੇ ਫੀਲਡ ਅਧਿਕਾਰੀਆਂ ਅਤੇ ਕੇਂਦਰੀ ਸਹਿਕਾਰੀ ਬੈਂਕਾਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਸਾਉਣੀ ਫਸਲ ਦੀ ਬਿਜਾਈ ਲਈ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਫਸਲੀ ਕਰਜ਼ਾ ਦੇਣ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਭਾਵਾਂ ਦੇ ਹੱਦ ਕਰਜ਼ੇ ਬਣਾਉਣ ਦੀ ਕਾਰਵਾਈ 28 ਮਈ ਤੱਕ ਮੁਕੰਮਲ ਕਰ ਲਈ ਜਾਵੇ। ਸ੍ਰੀ ਰੈਡੀ ਅੱਜ ਇਥੇ ਸੈਕਟਰ 34 ਸਥਿਤ ਪੰਜਾਬ ਰਾਜ ਸਹਿਕਾਰੀ ਬੈਂਕ ਵਿਖੇ ਸਹਿਕਾਰੀ ਬੈਂਕ ਦੇ ਖੇਤਰੀ ਅਧਿਕਾਰੀਆਂ, ਕੇਂਦਰੀ ਸਹਿਕਾਰੀ ਬੈਂਕ ਦੇ ਜ਼ਿਲ੍ਹਾ ਮੈਨੇਜਰਾਂ ਦੇ ਕੰਮਕਾਰ ਦੀ ਸਮੀਖਿਆ ਕਰ ਰਹੇ ਸਨ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਸ੍ਰੀ ਰੈਡੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਖੇਤਰੀ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਸੂਬੇ ਦੀਆਂ ਲੱਗਭੱਗ 3500 ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚੋਂ 2618 ਸਭਾਵਾਂ ਦੇ ਹੱਦ ਕਰਜ਼ੇ ਬਣਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੀਆਂ ਸਭਾਵਾਂ ਦੇ ਹੱਦ ਕਰਜ਼ੇ ਬਣਾਉਣ ਦੀ ਕਾਰਵਾਈ ਵੀ 28 ਮਈ ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 7 ਲੱਖ ਤੋਂ ਵੱਧ ਕਿਸਾਨਾਂ ਦੇ ਹੱਦ ਕਰਜ਼ੇ ਬਣਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 639 ਸਭਾਵਾਂ ਦੇ ਮੈਂਬਰਾਂ ਨੂੰ ਪਹਿਲਾਂ ਹੀ ਫਸਲੀ ਕਰਜ਼ੇ ਦੀ ਐਡਵਾਂਸਮੈਂਟ ਸ਼ੁਰੂ ਕੀਤੀ ਜਾ ਚੁੱਕੀ ਹੈ।
ਖੇਤਰੀ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ 80 ਫੀਸਦੀ ਸਭਾਵਾਂ ਦੇ ਹੱਦ ਕਰਜ਼ੇ ਬਣਾਏ ਜਾ ਚੁੱਕੇ ਹਨ। ਨਵਾਂਸ਼ਹਿਰ, ਮੋਗਾ, ਬਠਿੰਡਾ, ਮਾਨਸਾ, ਅੰਮ੍ਰਿਤਸਰ ਆਦਿ ਜ਼ਿਲਿਆਂ ਵਿੱਚ 100 ਫੀਸਦੀ ਸਭਾਵਾਂ ਦੇ ਹੱਦ ਕਰਜ਼ੇ ਮੁਕੰਮਲ ਹੋ ਚੁੱਕੇ ਹਨ। ਵਧੀਕ ਮੁੱਖ ਸਕੱਤਰ ਵੱਲੋਂ ਖੇਤਰੀ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਭਾਵਾਂ ਦੇ ਮੈਂਬਰ ਕਿਸਾਨਾਂ ਨੂੰ ਸਾਉਣੀ ਫਸਲ ਲਈ ਐਡਵਾਂਸਮੈਂਟ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਸਾਉਣੀ ਫਸਲ ਦੀ ਬਿਜਾਈ ਲਈ ਲੋੜੀਂਦੀ ਖਾਦ ਆਦਿ ਪ੍ਰਾਪਤ ਕਰਨ ਵਿੱਚ ਕੋਈ ਵੀ ਦਿੱਕਤ ਨਾ ਆਵੇ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਹਿਕਾਰੀ ਸਭਾਵਾਂ ਕਿਸਾਨਾਂ ਦੀ ਸੇਵਾ ਵਿੱਚ ਹਮੇਸ਼ਾ ਹੀ ਤਤਪਰ ਰਹੀਆਂ ਹਨ। ਹੁਣ ਵੀ ਉਹ ਆਪਣੀ ਪੂਰੀ ਸਮਰੱਥਾ ਅਤੇ ਨੀਅਤ ਨਾਲ ਕਿਸਾਨਾਂ ਦੀ ਸੇਵਾ ਵਿੱਚ ਜੁੱਟ ਜਾਣ। ਉਨ੍ਹਾਂ ਵੱਲੋਂ ਮੀਟਿੰਗ ਵਿੱਚ ਸੀਮਾਂਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਕਰਜ਼ਾ ਰਾਹਤ ਅਤੇ ਹੋਰ ਵਿਸ਼ਿਆਂ ਬਾਰੇ ਵੀ ਸਮੀਖਿਆ ਕੀਤਾ ਗਿਆ।
ਮੀਟਿੰਗ ਵਿੱਚ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਅਰਵਿੰਦਰ ਸਿੰਘ ਬੈਂਸ, ਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਗਗਨਦੀਪ ਸਿੰਘ ਬਰਾੜ, ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਮਨਜੀਤ ਸਿੰਘ ਬਰਾੜ, ਵਧੀਕ ਰਜਿਸਟਰਾਰ ਸ੍ਰੀ ਵਿਮਲ ਸੇਤੀਆ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਐਸ.ਕੇ.ਬਤਿਸ਼ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਹਰਿੰਦਰ ਸਿੰਘ ਸਿੱਧੂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *