ਡੇਰਾ ਬਾਬਾ ਨਾਨਕ ਦੀ ਇਮਾਰਤ ਨੂੰ ਕਿਸੇ ਵੀ ਹਾਲਤ ‘ਚ ਢਾਹੁਣਾ ਵਾਜਬ ਨਹੀ : ਬੀ ਐੱਸ ਗੁਰਾਇਆ
ਅੰਮ੍ਰਿਤਸਰ 28 ਮਈ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਧਰੋਹਰ ਗੁਰਦਵਾਰਾ ਦਰਬਾਰ ਡੇਰਾ ਬਾਬਾ ਨਾਨਕ ਦੀ ਨਵ ਉਸਾਰੀ ਦੀ ਤਜਵੀਜ਼ ਦਾ ਮਾਮਲਾ ਗਰਮਾਉਦਾ ਜਾ ਰਿਹਾ ਹੈ।
ਦਮਦਮੀ ਟਕਸਾਲ ਵੱਲੋਂ ਕੀਤੇ ਗਏ ਵਿਰੋਧ ਉਪਰੰਤ ਕਰਤਾਰਪੁਰ ਲਾਂਘਾ ਅੰਦੋਲਨ ਦੇ ਸੰਸਥਾਪਕ ਆਗੂ ਅਤੇ ਪੰਜਾਬ ਮੋਨੀਟਰ ਦੇ ਸਾਬਕਾ ਸੰਪਾਦਕ ਭਬੀਸ਼ਨ ਸਿੰਘ ਗੁਰਾਇਆ ਨੇ ਸਿਖ ਕੌਮ ਅਤੇ ਪੰਜਾਬ ਵਾਸੀਆਂ ਨੂੰ ਅਨਮੋਲ ਵਿਰਾਸਤੀ ਧਰੋਹਰਾਂ ਦੀ ਖ਼ਾਤਮੇ ਪ੍ਰਤੀ ਸੁਚੇਤ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਰਾਹੀ 7 ਜੂਨ ਨੂੰ ਗੁਰਦਵਾਰਾ ਸਾਹਿਬ ਦੀ ਇਤਿਹਾਸਕ ਇਮਾਰਤ ਨੂੰ ਢਾਉਣ ਦੀ ਤਜਵੀਜ਼ ‘ਤੇ ਰੋਸ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਆਪਣੇ ਫ਼ੈਸਲੇ ‘ਤੇ ਮੁੜ ਗ਼ੌਰ ਕਰਨ ਲਈ ਕਿਹਾ ਹੈ। ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਡਾ: ਰੂਪ ਸਿੰਘ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਲੀਲਾਂ ਦਿੱਤੀਆਂ ਕਿ ਮੌਜੂਦਾ ਸੰਗਮਰਮਰੀ ਇਮਾਰਤ ਬਹੁਤ ਖੁੱਲ੍ਹੀ, ਮਜ਼ਬੂਤ ਤੇ ਖ਼ੂਬਸੂਰਤ ਹੈ। ਲੀਕੇਜ ਦੀ ਜੋ ਦਿੱਕਤ ਆਈ ਸੀ ਉਹ ਕਿਸੇ ਦੀ ਗ਼ਲਤੀ ਜਾਂ ਸ਼ਰਾਰਤ ਸੀ। ਹੁਣ ਲੀਕੇਜ ਪੂਰੀ ਤਰਾਂ ਬੰਦ ਹੋ ਚੁੱਕੀ ਹੈ।ਢਾਹੁਣ ਨਾਲ ਲੱਖਾਂ ਰੁਪਏ ਦੀ ਬਰਬਾਦੀ ਹੋਵੇਗੀ।ਇਮਾਰਤ ਨੂੰ ਢਾਹੁਣਾ ਕਿਸੇ ਤਰਾਂ ਵੀ ਵਾਜਬ ਨਹੀ ਹੈ। ਉਨ੍ਹਾਂ ਕਿਹਾ ਕਿ ਇਮਾਰਤ ਦੇ ਉੱਪਰ ਜੋ ਖ਼ੂਬਸੂਰਤ ਸੁਨਹਿਰੀ ਗੁੰਬਦ ਹੈ, ਇਤਿਹਾਸਿਕ ਕੌਮੀ ਸਰਮਾਇਆ ਹੈ। ਮਹਾਰਾਜਾ ਚੁੰਨੀ ਲਾਲ ਪ੍ਰਧਾਨ ਮੰਤਰੀ ਹੈਦਰਾਬਾਦ ਨੇ ਆਪਣੇ ਚਾਚਾ ਨਾਨਕ ਚੰਦ ਰਾਹੀ 1750 ਦੇ ਆਸਪਾਸ ਬਣਵਾਇਆ ਸੀ। ਇਸ ਬਾਬਤ ਮਹਾਨ ਕੋਸ਼ ਵਿਚ ਇੰਦਰਾਜ ਵੀ ਦਰਜ ਹੈ। ਗੁੰਬਦ ਦੀ ਤਸਵੀਰ ਵੀ ਮਹਾਨ ਕੋਸ਼ ਵਿਚ ਦਰਜ ਹੈ। ਉਨ੍ਹਾਂ ਦਸਿਆ ਕਿ ਸਰਹੱਦ ਤੇ ਹੋਣ ਦੇ ਬਾਵਜੂਦ ਡੇਰਾ ਬਾਬਾ ਨਾਨਕ ਅੱਜ ਵੱਡਾ ਕਸਬਾ ਹੈ। ਇਹਦੀ ਖ਼ਾਸੀਅਤ ਇਹ ਹੈ ਕਿ ਇਹ ਸਾਰਾ ਸ਼ਹਿਰ ਇਸ ਗੁਰਦੁਆਰਾ ਸਾਹਿਬ ਦੇ ਚਰਨਾਂ ਵਿਚ ਹੀ ਚੜ੍ਹਦੇ ਪਾਸੇ ਹੀ ਹੌਲੀ ਹੌਲੀ ਬਣਿਆ। ਸ਼੍ਰੋਮਣੀ ਕਮੇਟੀ ਦੀ ਨਵੀ ਤਜਵੀਜ਼ ਅਨੁਸਾਰ ਗੁਰਦੁਆਰਾ ਸਾਹਿਬ ਦਾ ਮੁਖ ਦਰਵਾਜਾ ਲਹਿੰਦੇ ਪਾਸੇ ਕਰਨ ਦਾ ਹੈ। ਜੋ ਸ਼ਹਿਰ ਵਾਸੀਆਂ ਨਾਲ ਬੇਇਨਸਾਫ਼ੀ ਹੋਵੇਗੀ। ਉਂਜ ਵੀ ਪੱਛਮ ਪਾਸੇ ਕੋਈ ਆਬਾਦੀ ਨਹੀ ਅਤੇ ਦੋ ਫ਼ਰਲਾਂਗ ਦੀ ਵਿੱਥ ਤੇ ਸਰਹੱਦ ਹੈ। ਤਜਵੀਜ਼ ਦੀ ਸਥਾਨਕ ਦੁਕਾਨਦਾਰਾਂ ਨੇ ਵਿਰੋਧਤਾ ਕਰਨੀ ਵੀ ਸ਼ੁਰੂ ਕਰ ਦਿਤੀ ਹੈ। ਗੁਰੂ ਘਰ ਵਿਚ ਨਿਮਰਤਾ ਹੈ। ਅਸੀ ਅਜਿਹਾ ਕੁੱਝ ਨਹੀ ਕਰ ਸਕਦੇ ਜਿਸ ਨਾਲ ਸਾਡੇ ਸ਼ਰਧਾਲੂ ਦੇ ਮੰਨ ਤੇ ਠੇਸ ਪਹੁੰਚੇ। ਉਨ੍ਹਾਂ ਅਪੀਲ ਕੀਤੀ ਕਿ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪੁਰਬ ਖ਼ਾਲਸਾ ਪੰਥ ਵੱਡੇ ਉਤਸ਼ਾਹ ਨਾਲ ਮਨਾਉਣ ਜਾ ਰਿਹਾ ਹੈ। ਅਖ਼ਬਾਰਾਂ ਟੀ ਵੀ ਤੋ ਪਤਾ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਬਾਬਤ ਤਿਆਰੀਆਂ ਵੀ ਅਰੰਭ ਦਿੱਤੀਆਂ ਹਨ। ਇਸ ਇਤਿਹਾਸਿਕ ਮੌਕੇ ਗੁਰਦੁਆਰਾ ਸਾਹਿਬ ਨੂੰ ਢਾਹੁਣਾ ਸ਼ਰਧਾਲੂਆਂ ਨਾਲ ਵੱਡਾ ਧੱਕਾ ਕਰਨਾ ਹੋਵੇਗਾ। ਤੁਸੀ ਜਾਣਦੇ ਹੋ ਡੇਰਾ ਬਾਬਾ ਨਾਨਕ ਵਿਖੇ ਗੁਰੂ ਸਾਹਿਬ ਦਾ ਇਤਿਹਾਸਿਕ ਚੋਲਾ ਸਾਹਿਬ ਵੀ ਹੈ ਜਿਸ ਦੇ ਦਰਸ਼ਨ ਪਹਿਲੀ ਮਾਰਚ ਨੂੰ ਖੁੱਲ੍ਹਦੇ ਹਨ। ਕੋਈ 25 ਲੱਖ ਸ਼ਰਧਾਲੂ 15 ਦਿਨਾਂ ਵਿਚ ਆਉਂਦੇ ਹਨ। ਗੁਰ ਅਸਥਾਨ ਢੱਠਾ ਹੋਇਆ ਵੇਖਣਗੇ ਤਾਂ ਲੋਕ ਮਨਾਂ ਨੂੰ ਠੇਸ ਪਹੁੰਚੇਗੀ। ਉਨ੍ਹਾਂ ਕਿਹਾ ਕਿ ਤਜਵੀਜ਼ ਅਨੁਸਾਰ ਖੂਹ ਨੂੰ ਵੀ ਨੰਗਿਆਂ ਕੀਤਾ ਜਾਣਾ ਹੈ। ਉਹ ਵੀ ਗਲਤ ਹੈ। ਕਿਉਂਕਿ ਨੰਗੇ ਖੂਹ ਵਿਚ ਅਕਸਰ ਚੀਜ਼ਾਂ ਡਿਗਦੀਆਂ ਰਹਿੰਦੀਆਂ ਹਨ। ਫਿਰ ਮੇਲੇ ਮੌਕੇ ਭੀੜ ਵੀ ਬਹੁਤ ਹੋ ਜਾਂਦੀ ਹੈ। ਅੱਜ ਕਲ ਕੁੱਝ ਰੁਝਾਨ ਵੀ ਗਲਤ ਹੋ ਚੁੱਕੇ ਹਨ ਜੋ ਤੁਸੀ ਸਮਝਦੇ ਹੋ। ਸੁਰੱਖਿਆ ਪੱਖੋਂ ਅਜਿਹਾ ਕਰਨਾ ਨਿਹਾਇਤ ਗਲਤ ਹੋਵੇਗਾ। ਢਾਹੁਣ ਮੌਕੇ ਅਕਸਰ ਬਣਤਰਾਂ ਨੂੰ ਖ਼ਤਰੇ ਹੁੰਦੇ ਹਨ। ਇਮਾਰਤ ਵਿਚ ਇਤਿਹਾਸਿਕ ਸੁਨਹਿਰੀ ਪਾਲਕੀ ਹੈ ਜੋ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਸੀ। ਇਹ ਪਾਲਕੀ ਸਭ ਤੋਂ ਖ਼ੂਬਸੂਰਤ ਗਿਣੀ ਗਈ ਹੈ। ਪਤਾ ਲੱਗਾ ਹੈ ਕਿ ਇਮਾਰਤ ਨੂੰ ਢਾਹੁਣ ਅਤੇ ਨਵ ਉਸਾਰਨ ਲਈ ਕਾਰ ਸੇਵਾ ਵਾਲੇ ਬਜ਼ਿਦ ਹਨ। ਕਿਰਪਾ ਕਰਕੇ ਉਨ੍ਹਾਂ ਨੂੰ ਕਿਸੇ ਹੋਰ ਸਥਾਨ ਤੇ ਐਡਜਸਟ ਕਰ ਦਿਤਾ ਜਾਵੇ ਉਨ੍ਹਾਂ ਦਾ ਮੰਨ ਵੀ ਦੁਖਿ ਨਾਂ ਹੋਵੇ। ਸਾਡੇ ਅਨੇਕਾਂ ਗੁਰਦੁਆਰਾ ਸਾਹਿਬਾਨ ਅਜਿਹੇ ਹਨ ਜਿੱਥੇ ਕਾਰ ਸੇਵਾ ਦੀ ਜਰੂਰਤਿ ਹੈ। ਉਨ੍ਹਾਂ ਕਿਹਾ ਕਿ ਗੁਰਦਵਾਰਾ ਸਾਹਿਬ ਢਾਉਣ ਦੀ ਤਜਵੀਜ਼ ਰੱਦ ਕਰਦਿਆਂ ਲੋੜ ਪੈਣ ‘ਤੇ ਹੰਗਾਮੀ ਮੀਟਿੰਗ ਬੁਲਾਏ ਜਾਣ ਦੀ ਅਪੀਲ ਕੀਤੀ ਹੈ।

