ਪੰਜਾਬ

ਪੰਜਾਬ ਕਾਂਗਰਸ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਵਿਰੁੱਧ ਸੜਕਾਂ ‘ਤੇ ਉਤਰੇਗੀ

ਚੰਡੀਗੜ੍ਹ, 28 ਮਈ (ਮਧੂਸਾਰ ਬਿਊਰੋ) ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਅਸਮਾਨ ‘ਤੇ ਪਹੁੰਚਣ ਦੇ ਕਾਰਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਵਲੋਂ 31 ਮਈ ਨੂੰ ਸ਼ੁਰੂ ਕੀਤੇ ਜਾ ਰਹੇ ਰਾਸ਼ਟਰ ਵਿਆਪੀ ਵਿਰੋਧ ਦੇ ਮੱਦੇਨਜ਼ਰ ਸੂਬੇ ਵਿੱਚ ਵੀ ਪਾਰਟੀ ਵਲੋਂ ਸੜਕਾਂ ‘ਤੇ ਆਉਣ ਦਾ ਐਲਾਨ ਕੀਤਾ ਹੈ।

ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਲਾਨਾ 10-12 ਲੱਖ ਕਰੋੜ ਰੁਪਏ ਦੀ ਕਮਾਈ ਕਰ ਰਹੀ ਹੈ ਅਤੇ ਇਸ ਨੇ ਵਿਸ਼ਵ ਪੱਧਰ ‘ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕਮੀ ਆਉਣ ਕਾਰਨ ਇਸ ਦਾ ਲਾਭ ਲੋਕਾਂ ਨੂੰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਜਨਤਾ ਨੂੰ ਜਵਾਬਦੇਹ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਸਪਸ਼ਟ ਕਰਨ ਵਾਸਤੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਵਲੋਂ ਬਚਾਇਆ ਜਾਂਦਾ ਧਨ ਆਖਿਰ ਕਿੱਥੇ ਜਾਂਦਾ ਹੈ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਜਾਖੜ ਨੇ ਪ੍ਰੈਸ ਕਾਨਫਰੈਂਸ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੇ ਵਿਰੁੱਧ 31 ਮਈ, 2012 ਨੂੰ ਭਾਰਤੀ ਜਨਤਾ ਪਾਰਟੀ ਵਲੋਂ ਭਾਰਤ ਬੰਦ ਅਤੇ ਜੇਲ੍ਹ ਭਰੋਂ ਅੰਦੋਲਨ ਆਯੋਜਿਤ ਕਰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਹੁਣ ਦੇ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੁਸ਼ਮਾ ਸਵਰਾਜ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸਮ੍ਰਿਤੀ ਇਰਾਨੀ ਨੇ ਉਸ ਸਮੇਂ ਭਾਰੀ ਹੋ- ਹੱਲਾ ਕੀਤਾ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਉਦਯੋਗ ਤੋਂ ਇਲਾਵਾ ਕਿਸਾਨਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਆਦਮੀ ਸਣੇ ਹਰੇਕ ‘ਤੇ ਬੁਰਾ ਪ੍ਰਭਾਵ ਪਿਆ ਹੈ ਅਤੇ ਇਸ ਨਾਲ ਜਰੂਰੀ ਵਸਤਾਂ ਦੀ ਕੀਮਤਾਂ ਚੜ੍ਹ ਗਈਆਂ ਹਨ ਅਤੇ ਇਹ ਨਿਯੰਤਰਣ ਤੋਂ ਬਾਹਰ ਹੋ ਗਈਆਂ ਹਨ। ਯੂ ਪੀ ਏ ਦੀ ਸਰਕਾਰ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਕਿਹਾ ਕਿ 31 ਮਈ, 2012 ਨੂੰ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ 104.09 ਡਾਲਰ ਪ੍ਰਤੀ ਬੈਰਲ ਸੀ ਜਦਕਿ ਭਾਰਤ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਕ੍ਰਮਵਾਰ 40.91 ਅਤੇ 73.18 ਰੁਪਏ ਪ੍ਰਤੀ ਲੀਟਰ ਸੀ। ਉਨ੍ਹਾਂ ਕਿਹਾ ਕਿ 25 ਮਈ, 2018 ਨੂੰ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਘਟ ਕੇ 67.50 ਡਾਲਰ ਪ੍ਰਤੀ ਬੈਰਲ ਰਹਿ ਗਈਆਂ ਪਰ ਡੀਜ਼ਲ ਤੇ ਪੈਟਰੋਲ ਕ੍ਰਮਵਾਰ 69.09 ਰੁਪਏ ਅਤੇ 78.12 ਰੁਪਏ ਪ੍ਰਤੀ ਲੀਟਰ ਵੇਚਿਆ ਗਿਆ ਜਿਸ ਤੋਂ ਸਪਸ਼ਟ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਘੱਟਣ ਦੇ ਬਾਵਜੂਦ ਕੇਂਦਰ ਸਰਕਾਰ ਅਨ੍ਹੇਵਾਹ ਕੀਮਤਾਂ ਵਿਚ ਵਾਧਾ ਕਰ ਰਹੀ ਹੈ।
ਕਾਰਪੋਟਰੇਟਸ ਅਤੇ ਵੱਡੇ ਉਦਯੋਗਪਤੀਆਂ ਦੇ ਹੱਕ ਵਿੱਚ ਮੋਦੀ ਸਰਕਾਰ ਦੇ ਭੁਗਤਨ ਦਾ ਦੋਸ਼ ਲਾਉਂਦੇ ਹੋਏ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਜਾਖੜ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ ਜਦਕਿ ਮੌਜੂਦਾ ਸਰਕਾਰ ਵੱਡੇ ਉਦਯੋਗਿਕ ਘਰਾਣਿਆਂ ਦੀਆਂ ਤਿਜੋਰੀਆਂ ਭਰਨ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਐਕਸਾਈਜ ਕਰਾਂ ਵਿੱਚ 22 ਤੋਂ 42 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜਦਕਿ ਸੂਬੇ ਦਾ ਮਾਲੀਆ ਹਿੱਸਾ 10 ਫੀਸਦੀ ਘੱਟ ਗਿਆ ਹੈ।
ਪੰਜਾਬ ਪ੍ਰਤੀ ਕੇਂਦਰ ਸਰਕਾਰ ਵਲੋਂ ਅਪਣਾਏ ਜਾ ਰਹੇ ਮਾਰੂ ਵਤੀਰੇ ਦੀ ਆਲੋਚਨਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਕੇਂਦਰ ਤੋਂ ਕੋਈ ਵੀ ਮਦਦ ਨਾ ਮਿਲਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨੀ ਨੂੰ ਮੌਜੂਦਾ ਸੰਕਟ ਵਿੱਚੋਂ ਬਾਹਰ ਕੱਢਣ ਦਾ ਹਰ ਜਤਨ ਕਰ ਰਹੀ ਹੈ। ਕਰਜ਼ੇ ਦੇ ਜਾਲ ਵਿੱਚ ਫਸੀ ਕਿਸਾਨੀ ਦਾ ਖੇਤੀ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ।
ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਵਿੱਤੀ ਦੁਰਪ੍ਰਬੰਧ ਦੇ ਕਾਰਨ ਪੰਜਾਬ ਸਰਕਾਰ ਨੂੰ ਵਿਰਸੇ ਵਿੱਚ ਮਿਲੀ ਅੱਤ ਦੀ ਮਾੜੀ ਵਿੱਤੀ ਸਥਿਤੀ ਦਾ ਜ਼ਿਕਰ ਕਰਦੇ ਹੋਏ ਜਾਖੜ ਨੇ ਕਿਹਾ ਕਿ ਸਹਿਕਾਰਤਾ ਸੰਘਵਾਦ ਦੇ ਸਿਧਾਂਤ ‘ਤੇ ਸੂਬੇ ਦੇ ਸੰਕਟ ਦੇ ਹੱਲ ਵਾਸਤੇ ਕੇਂਦਰ ਵਲੋਂ ਸੂਬੇ ਨੂੰ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਨੂੰ ਰਾਹਤ ਦੇਣ ਲਈ ਹਰ ਯਤਨ ਕਰੇਗੀ।
ਝੋਨੇ ਦੇ ਆਉਂਦੇ ਸੀਜ਼ਨ ਵਾਸਤੇ ਘੱਟੋ-ਘਟ ਸਮਰਥਨ ਮੁੱਲ ਦੇ ਐਲਾਨ ਦੇ ਮੁੱਦੇ ‘ਤੇ ਸੁਨੀਲ ਜਾਖੜ ਨੇ ਕੇਂਦਰ ਸਰਕਾਰ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੂੰ ਧਿਆਨ ਵਿਚ ਨਾ ਰੱਖ ਕੇ ਇਹ ਐਲਾਨ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 100 ਰੁਪਏ ਪ੍ਰਤੀ ਕੁਵਿੰਟਲ ਤੋਂ ਵੱਧ ਬੋਨਸ ਦੇ ਕੇ ਕਿਸਾਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਕਿਸਾਨਾਂ ਤੇ 1300 ਕਰੋੜ ਰੁਪਏ ਤੋਂ 1500 ਕਰੋੜ ਰੁਪਏ ਦਾ ਸਲਾਨਾ ਬੋਝ ਪਿਆ ਹੈ।
ਕੇਂਦਰ ਦੀ ਭਾਈਵਾਲ ਹੋਣ ਦੇ ਬਾਵਜੂਦ ਸ੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਲੋਕਾਂ ਲਈ ਡੱਕਾ ਭੰਨ ਕੇ ਵੀ ਦੋਹਰਾ ਨਾ ਕਰਨ ਵਿੱਚ ਅਸਫਲ ਹੋਣ ਲਈ ਤਿੱਖੀ ਆਲੋਚਨਾ ਕਰਦੇ ਹੋਏ ਜਾਖੜ ਨੇ ਲੰਗਰ ‘ਤੇ ਜੀਐਸਟੀ ਦੇ ਵਿਰੋਧ ਵਿੱਚ ਅਕਾਲੀਆਂ ਨੂੰ ਕੇਂਦਰੀ ਮੰਤਰੀ ਮੰਡਲ ਵਿਚੋਂ ਅਸਤੀਫਾ ਦੇਣ ਲਈ ਆਖਿਆ ਹੈ।
ਜਾਖੜ ਨੇ ਉਮੀਦ ਪ੍ਰਗਟ ਕੀਤੀ ਕਿ ਕਾਂਗਰਸ ਸ਼ਾਹਕੋਟ ਉਪ ਚੋਣ ਵਿਚ ਦੋ ਤਿਹਾਈ ਬਹੁਮਤ ਤੋਂ ਵੱਧ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਆਪਣੀ ਜਮਾਨਤ ਬਚਾਉਣੀ ਵੀ ਔਖੀ ਹੋਵੇਗੀ।
ਕੁੱਝ ਖੰਡ ਮਿਲਾਂ ਵਿੱਚ ਦਾਖਲ ਹੋਣ ਦੀ ਕਥਿਤ ਕੋਸ਼ਿਸ ਕਾਰਨ ਅਤੇ ਨਜ਼ਾਇਜ ਤੌਰ ਦੂਸਰੇ ਦੇ ਇਲਾਕੇ ਵਿਚ ਘੁਸਣ ਲਈ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਸਬੰਧ ਵਿਚ ਜਾਖੜ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਰਾਹੁਲ ਗਾਂਧੀ ਨੂੰ ਕੁੱਝ ਵਿਧਾਇਕਾਂ ਵਲੋਂ ਮਿਲਣ ਅਤੇ ਆਪਣੀਆਂ ਚਿੰਤਾਵਾਂ ਨੂੰ ਉਠਾਉਣ ‘ਤੇ ਪੁੱਛੇ ਜਾਣ ‘ਤੇ ਸੁਨੀਲ ਜਾਖੜ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਨੂੰ ਮਿਲੇ ਹਨ ਅਤੇ ਮਾਮਲਾ ਖਤਮ ਹੋ ਗਿਆ ਹੈ।
ਇਸ ਤੋਂ ਪਹਿਲਾਂ ਮਈ, 2012 ਵਿੱਚ ਪੈਟਰੋਲ ਦੀ ਕੀਮਤ ਵਿੱਚ ਵਾਧੇ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀਆਂ ਟਿਪਣੀਆਂ ਬਾਰੇ ਇਕ ਵੀਡੀਓ ਮੀਡੀਆ ਸਾਹਮਣੇ ਚਲਾਈ ਗਈ ਜਿਸ ਵਿੱਚ ਬੀ ਜੇ ਪੀ ਆਗੂ ਪ੍ਰਧਾਨ ਮੰਤਰੀ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਵਾਪਸ ਲੈਣ ਲਈ ਆਖ ਰਹੇ ਸਨ।

Leave a Reply

Your email address will not be published. Required fields are marked *