ਪਟਿਆਲਾ

ਗਾਰਡੀਅਨਜ਼ ਆਫ ਗਵਰਨੈਂਸ ਨੇ ਜਿਲਾ ਪ੍ਰਸ਼ਾਸਨ ਦੇ ਨਾਲ ਲੋਕ ਭਲਾਈ ਸਕੀਮਾਂ ‘ਤੇ ਕੀਤੀ ਚਰਚਾ

ਰਾਜ ਸਰਕਾਰ ਦੀਆਂ ਸਕੀਮਾਂ ਨੂੰ ਹਰ ਇੱਕ ਪਿੰਡ ਦੇ ਹਰ ਘਰ ਤੱਕ ਪਹੁੰਚਾਉਣਾ ਹੈ ਟੀਚਾ: ਸੂਬਾ ਸਿੰਘ
ਜਿਲ੍ਹੇ ਵਿੱਚ ਕੁੱਲ 312 ਗਾਰਡੀਅਨਜ਼ ਆਫ ਗਵਰਨੈਂਸ ਦੇਣਗੇ ਸਰਕਾਰ ਨੂੰ ਜ਼ਮੀਨੀ ਪੱਧਰ ਦੀ ਫੀਡ ਬੈਕ: ਬ੍ਰਿਗੇਡੀਅਰ ਗਰੇਵਾਲ
ਪਟਿਆਲਾ , 30 ਮਈ (ਮਧੂਸਾਰ ਬਿਊਰੋ) ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫਲੈਗਸ਼ਿਪ ਯੋਜਨਾ ਦੇ ਤਹਿਤ ਤੈਨਾਤ ਕੀਤੇ ਗਏ ਗਾਰਡੀਅਨਜ਼ ਆਫ ਗਵਰਨੈਂਸ ਨੇ ਅੱਜ ਸਟੇਟ ਕਾਲਜ ਦੇ ਆਡੀਟੋਰੀਅਮ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦੇ ਲੱਗਭੱਗ ਹਰ ਵਿਭਾਗ ਦੇ ਅਧਿਕਾਰੀਆਂ ਨਾਲ ਲੋਕ ਭਲਾਈ ਸਕੀਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ।

ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਹਾਇਕ ਕਮਿਸ਼ਨਰ ਸ਼੍ਰੀ ਸੂਬਾ ਸਿੰਘ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮੰਤਵ ਇਹ ਹੈ ਕਿ ਗਾਰਡੀਅਨਜ਼ ਆਫ ਗਵਰਨੈਂਸ ਜਿਹਨਾਂ ਨੂੰ ਖੁਸ਼ਹਾਲੀ ਦੇ ਰਾਖੇ ਵੀ ਕਿਹਾ ਜਾਂਦਾ ਹੈ, ਨੂੰ ਰਾਜ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਉਨ੍ਹਾਂ ਦੇ ਕੰਮਾਂ ਬਾਰੇ ਪੂਰੀ ਜਾਣਕਾਰੀ ਹੈ। ਇਸ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਸੰਪਰਕ ਸਾਧਨਾਂ ਬਾਰੇ ਗਾਰਡੀਅਨਜ਼ ਆਫ ਗਵਰਨੈਂਸ ਨੂੰ ਜਾਣੂ ਕਰਵਾਉਣਾ ਅਤੇ ਉਨ੍ਹਾਂ ਨਾਲ ਤਾਲਮੇਲ ਕਰਕੇ ਭਵਿੱਖ ਵਿੱਚ ਬਿਹਤਰ ਨਤੀਜਾ ਪ੍ਰਾਪਤ ਕਰਨਾ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਹੈ।
ਸ਼੍ਰੀ ਸੂਬਾ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਦੀਆਂ ਯੋਜਨਾਵਾਂ ਨੂੰ ਹਰ ਇੱਕ ਪਿੰਡ ਦੇ ਹਰ ਘਰ ਤੱਕ ਪਹੁੰਚਾਇਆ ਜਾਣਾ ਹੈ ਜਿਸ ਦੇ ਲਈ ਗਾਰਡੀਅਨਜ਼ ਆਫ ਗਵਰਨੈਂਸ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਕਿ ਵੱਖ-ਵੱਖ ਚੈਨਲਾਂ ਦੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਹਰ ਪ੍ਰਕਾਰ ਦੀ ਜਾਣਕਾਰੀ ਹੋ ਸਕੇ।
ਗਾਰਡੀਅਨਜ਼ ਆਫ ਗਵਰਨੈਂਸ ਦੇ ਜਿਲਾ ਅਧਿਕਾਰੀ ਬ੍ਰਿਗੇਡੀਅਰ ਸੇਵਾ ਮੁਕਤ ਸ਼੍ਰੀ ਡੀ.ਐਸ. ਗਰੇਵਾਲ ਨੇ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 312 ਗਾਰਡੀਅਨਜ਼ ਆਫ ਗਵਰਨੈਂਸ ਤੈਨਾਤ ਕੀਤੇ ਜਾਣੇ ਹਨ । ਇਸ ਦੇ ਲਈ ਦੋ ਪੜਾਅ ਪੂਰੇ ਕਰ ਲਏ ਗਏ ਹਨ । ਉਹਨਾਂ ਦੱਸਿਆ ਕਿ ਬਾਕੀ ਦੀ ਨਿਯੁਕਤੀ ਛੇਤੀ ਹੀ ਕਰ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਗਾਰਡੀਅਨਜ਼ ਆਫ ਗਵਰਨੈਂਸ ਸਰਕਾਰ ਨੂੰ ਜ਼ਮੀਨੀ ਪੱਧਰ ਦੀ ਸਥਿਤੀ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਫੀਡ ਬੈਕ ਵੀ ਦੇਵਾਂਗੇ । ਬ੍ਰਿਗੇਡੀਅਰ ਸੇਵਾ ਮੁਕਤ ਗਰੇਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ , ਪਰੰਤੂ ਫਾਲਤੂ ਵਿੱਚ ਅੜਿੱਕਾ ਵੀ ਨਹੀਂ ਬਣਨਾ ਹੈ । ਮੀਟਿੰਗ ਵਿੱਚ ਜਿੱਥੇ ਪ੍ਰਬੰਧਕੀ ਅਧਿਕਾਰੀਆਂ ਨੇ ਆਪਣੇ – ਆਪਣੇ ਵਿਭਾਗਾਂ ਦੀਆਂ ਚੱਲ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ, ਉਥੇ ਹੀ ਗਾਰਡੀਅਨਜ਼ ਆਫ ਗਵਰਨੈਂਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ।
ਇਸ ਮੌਕੇ ਟਰੇਨੀ ਆਈ.ਏ.ਐਸ. ਸ਼੍ਰੀ ਰਾਹੁਲ ਐਸ.ਡੀ.ਐਮ ਨਾਭਾ ਜਸ਼ਨਪ੍ਰੀਤ ਕੌਰ , ਐਸ.ਡੀ.ਐਮ. ਸਮਾਣਾ ਸ਼੍ਰੀ ਅਰਵਿੰਦ ਕੁਮਾਰ , ਐਸ.ਡੀ.ਐਮ. ਪਾਤੜਾਂ ਸ਼੍ਰੀ ਕਾਲ਼ਾ ਰਾਮ ਕਾਂਸਲ , ਡੀ.ਐਸ.ਪੀ. ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ , ਪਟਿਆਲਾ ਵਿੱਚ ਗਾਰਡੀਅਨਜ਼ ਆਫ ਗਵਰਨੈਂਸ ਦੇ ਉਪ ਪ੍ਰਧਾਨ ਕਰਨਲ ਸੇਵਾ ਮੁਕਤ ਸ਼੍ਰੀ ਐਨ.ਐਸ.ਸਿੱਧੂ ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *