ਪੰਜਾਬੀ ਯੂਨੀਵਰਸਿਟੀ ਦੇ ਜ਼ੁਆਲੋਜੀ ਵਿਭਾਗ ਵਲੋਂ ਅੰਤਰ-ਰਾਸ਼ਟਰੀ ਦਿਵਸ ਮਨਾਇਆ
ਪਟਿਆਲਾ 30 ਮਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਜ਼ੂਆਲੋਜੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਲੋਂ ਰਾਸ਼ਟਰੀ ਬਾਇਓਡਾਇਵਰਸਿਟੀ ਅਥਾਰਟੀ, ਭਾਰਤ ਸਰਕਾਰ ਅਧੀਨ ਪੰਜਾਬ ਬਾਇਓਡਾਇਵਰਸਿਟੀ ਬੋਰਡ ਦੇ ਸਹਿਯੋਗ ਨਾਲ ਵੱਖ-ਵੱਖ ਪੌਦਿਆਂ, ਜਾਨਵਰਾਂ ਅਤੇ ਮਨੁੱਖਾਂ ਵਿਚਕਾਰ ਸੰਤੁਲਨ ਨੂੰ ਬਹਾਲ ਕਰਨ ਦੇ ਸੰਦੇਸ਼ ਨੂੰ ਫੈਲਾਉਣ ਦੇ ਉਦੇਸ਼ ਨਾਲ “ਜੀਵ ਵਿਗਿਆਨਿਕ ਵਿਭਿੰਨਤਾ ਲਈ ਕੌਮਾਂਤਰੀ ਦਿਵਸ“ ਮਨਾਇਆ ਗਿਆ। ਵਾਈਸ-ਚਾਂਸਲਰ ਡਾ. ਬੀ. ਐਸ. ਘੁੰਮਣ ਨੇ ਇਸ ਸਮਾਰੋਹ ਦਾ ਉਦਘਾਟਨ ਕੀਤਾ ਅਤੇ ਪ੍ਰਸਿੱਧ ਵਾਤਾਵਰਣ ਵਿਗਿਆਨੀ ਅਤੇ ਡੀਨ, ਅਕਾਦਮਿਕ ਮਾਮਲੇ, ਅਕਾਲ ਯੂਨੀਵਰਸਿਟੀ, ਤਲਵੰਡੀ ਨੇ ਕੁੰਜੀਵਤ ਭਾਸ਼ਣ ਦਿੱਤਾ।
ਇਸ ਮੌਕੇ ਤੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਤੇਜੀ ਨਾਲ ਲਾਭ ਲੈਣ ਦੇ ਮਨੋਰਥ ਨਾਲ ਮਨੁੱਖੀ ਲਾਲਚ ਅਤੇ ਇੱਛਾਵਾਂ ਦੀ ਪੂਰਤੀ ਸਾਡੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ, “ਕਿਸੇ ਵੇਲੇ ਜੀਵਨ ਰੂਪੀ ਰੇਖਾ ਪੰਜਾਬ ਦੇ ਨਦੀਆਂ ਦੇ ਪਾਣੀ ਕੁਝ ਉਦਯੋਗਪਤੀਆਂ ਦੇ ਕਠੋਰ ਰਵੱਈਏ ਕਾਰਨ ਹਰ ਕਿਸਮ ਦੀਆਂ ਜੀਵਤ ਪ੍ਰਜਾਤੀਆਂ ਲਈ ਮੌਤ ਦੇ ਜਾਲ ਵਿੱਚ ਬਦਲ ਗਏ ਹਨ। ਸਰਕਾਰ ਦੀਆਂ ਦੀ ਚੰਗੀਆਂ ਨੀਤੀਆਂ ਅਤੇ ਇਸ ਦੀਆਂ ਕਾਰਵਾਈਆਂ ਨੂੰ ਅੱਖੋਂ-ਪਰੋਖੇ ਕਰਨ ਨਾਲ ਹਾਲਾਤ ਹੋਰ ਵਿਗੜੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੁਝ ਸਖਤ ਅਤੇ ਦੰਡਾਤਮਕ ਉਪਾਅ ਹਾਲਾਤ ਨੂੰ ਮੁੜ ਲੀਹਾਂ ਤੇ ਲਿਆਉਣ ਵਿੱਚ ਮਦਦ ਕਰ ਸਕਦੇ ਹਨ।
ਡਾ. ਜੌਹਲ ਨੇ “ਪੰਜਾਬ ਦੀ ਸੇਮ ਵਾਲੀ ਧਰਤੀ ਤੇ ਮੱਛੀਆਂ ਦੀ ਵਿਭਿੰਨਤਾ“ ਵਿਸ਼ੇ ਤੇ ਆਪਣਾ ਭਾਸ਼ਣ ਦਿੰਦਿਆਂ ਕਿਹਾ ਕਿ ਮੱਛੀਆਂ ਕਿਸੇ ਵੀ ਜਲ ਪ੍ਰਵਾਹ ਪ੍ਰਣਾਲੀ ਦਾ ਬਹੁਤ ਮਹੱਤਵਪੂਰਨ ਅੰਗ ਹਨ ਅਤੇ ਭੋਜਨ ਦੀ ਲੜੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਵਾਤਾਵਰਨ ਦ੍ਰਿਸ਼ਟੀਕੋਣ ਤੋਂ ਬਿਆਸ ਨਦੀ ਵਿਚ ਮੱਛੀਆਂ ਦੀ ਮੌਤ ਦਰ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਤੇ ਵਿਭਾਗ ਦੀ ਮੁਖੀ ਡਾ. ਸੁਮਨ ਸ਼ਰਮਾ ਅਤੇ ਡਾ ਓਂਕਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

