ਪੰਜਾਬਪਟਿਆਲਾ

ਐਰੋਨੌਟਿਕ ਇੰਜੀਨੀਅਰਿੰਗ ਕਾਲਜ ਦੇ ਕੈਂਪਸ ਵਿੱਚ ਕਲਾਸਾਂ ਅਗਸਤ ਤੋਂ ਸ਼ੁਰੂ, ਉੱਚ ਪੱਧਰੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਐਰੋਨੌਟਿਕ ਇੰਜੀਨੀਅਰਿੰਗ ਕਾਲਜ (ਪੀ.ਐਸ.ਏ.ਈ.ਸੀ.) ਪਟਿਆਲਾ ਨੂੰ ਵਿਚ ਮਾਡਲ ਇੰਸਟੀਚਿਊਟ ਦੇ ਰੂਪ ਵਿਚ ਵਿਕਸਿਤ ਕਰਨ ਦੇ ਫੈਸਲੇ ਤੋਂ ਬਾਅਦ ਅੱਜ ਦਿਨ ਸ਼ਨੀਵਾਰ ਨੂੰ ਕਾਰਜਕਾਰੀ ਕਾਉਂਸਲ ਦੀ ਇੱਕ ਉੱਚ ਪੱਧਰੀ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ: ਮੋਹਨ ਪਾਲ ਸਿੰਘ ਈਸ਼ਰ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਐਰੋਨੌਟਿਕ ਇੰਜੀਨੀਅਰਿੰਗ ਕਾਲਜ ਦੇ ਕੈਂਪਸ ਸਬੰਧੀ ਚੱਲ ਰਹੇ ਕੰਮਾਂ ਅਤੇ ਨਵੇਂ ਅਕਾਦਮਿਕ ਵਰ੍ਹੇ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।

ਪੰਜਾਬ ਦੇ ਮੁੱਖ ਮੰਤਰੀ ਮਾਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਇਸ ਐਰੋਨੌਟਿਕ ਇੰਜੀਨੀਅਰਿੰਗ ਕਾਲਜ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਅੱਜ ਹੋਈ ਇਸ ਮੀਟਿੰਗ ਵਿੱਚ ਮੁੱਖ ਕਾਰਜਕਾਰੀ ਅਫਸਰ ਸਟੇਟ ਸਿਵਲ ਏਵੀਏਸ਼ਨ ਕਾਉਂਸਲ (ਆਈ ਏ ਐਸ) ਸ਼ਿਵ ਦੁਲਾਰ ਸਿੰਘ ਢਿਲੋਂ,
ਯੂਨੀਵਰਸਿਟੀ ਡੀਨ ਅਕਾਦਮਿਕ ਗੁਰਸ਼ਰਨ ਸਿੰਘ, ਚੀਫ ਇੰਜੀਨੀਅਰ ਕੰਵਰਦੀਪ ਸਿੰਘ, ਡਾਈਰੈਕਟਰ ਕਾਲਜ ਡਿਵੈਲਵਪਮੈਂਟ ਆਫਿਸਰ ਆਸ਼ੋਕ ਕੇ ਗੋਇਲ, ਫਾਈਨੈਂਸ ਆਫਿਸਰ ਸੁਭਾਸ਼ ਬਾਂਸਲ ਅਤੇ ਪ੍ਰਸਾਸ਼ਨਿਕ ਅਧਿਕਾਰੀ ਸਟੇਟ ਸਿਵਲ ਏਵੀਏਸ਼ਨ ਕਾਉਂਸਲ ਰਾਜੀਵ ਬੱਗਾ ਨੇ ਵੀ ਇਸ ਮੀਟਿੰਗ ਵਿੱਚ ਭਾਗ ਲਿਆ।
ਮੀਟਿੰਗ ਵਿੱਚ ਦਾਖਲਾ ਪ੍ਰਕਿਰਿਆ, ਕੋਰਸ ਸ਼ੁਰੂ ਕਰਨ ਵਾਸਤੇ ਮੁਢਲਾ ਢਾਂਚਾ ਖੜਾ ਕਰਨ ਬਾਰੇ ਚਰਚਾ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਏ, ਡਾ. ਈਸ਼ਰ ਨੇ ਕਿਹਾ ਕਿ ਹਵਾਈ ਉਦਯੋਗ ਸੰਸਾਰ ਭਰ ਵਿਚ ਤੇਜੀ ਨਾਲ ਵਿਕਸਤ ਹੋ ਰਿਹਾ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰੀ ਹਵਾਈ ਉਦਯੋਗ ਦੇ ਖੇਤਰ ਵਿਚ ਨੌਕਰੀਆਂ ਦੇ ਬੇਹਿਸਾਬ ਮੌਕੇ ਵਧੇ ਹਨ।
ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਪਟਿਆਲਾ ਵਿਚ ਪੀ.ਐਸ.ਏ.ਈ.ਸੀ. ਸਥਾਪਨਾ ਲਈ ਰਾਹ ਪੱਧਰਾ ਕਰਨ ਲਈ ਇਕ ਸਮਝੌਤਾ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੀ.ਐਸ.ਏ.ਈ.ਸੀ. ਸੂਬੇ ਵਿਚ ਸਿਵਲ ਐਵੀਏਸ਼ਨ ਉਦਯੋਗ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਪਟਿਆਲਾ ਐਵੀਏਸ਼ਨ ਕਲੱਬ ਦੇ ਨਾਲ ਲੱਗਦਾ ਇਹ ਕਾਲਜ ਵਿਦਿਆਰਥੀਆਂ ਨੂੰ ਸਹੀ ਪ੍ਰੈਕਟੀਕਲ ਗਿਆਨ ਅਤੇ ਉਡਾਣ ਦਾ ਤਜਰਬਾ ਪ੍ਰਾਪਤ ਕਰਨ ਦੇ ਯੋਗ ਬਣਾਏਗਾ।
ਉਨ੍ਹਾਂ ਨੇ ਦੱਸਿਆ ਕਿ ਫਲਾਇੰਗ ਦੇ ਨਾਲ_ਨਾਲ ਗਰਾਊਂਡ ਟੈਕਨੀਕਲ ਸਟਾਫ, ਹਵਾਈ ਜਹਾਂਜਾਂ ਦੀ ਉਡਾਣ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ।
ਅਕਾਦਮਿਕ ਪਖੋਂ ਅਤੇ ਹੁਨਰ ਵਿਕਾਸ ਵਿਚ ਉਤਮਤਾ ਬਣਾਉਣ ਦੀ ਲੋੜ ‘ਤੇ ਜੋਰ ਦਿੰਦੇ ਹੋਏ ਡਾ. ਈਸ਼ਰ ਨੇ ਕਿਹਾ ਕਿ ਸੁਰੱਖਿਆ ਦੀਆਂ ਜਰੂਰਤਾਂ ਦੇ ਕਾਰਨ ਹਵਾਈਬਾਜੀ ਖੇਤਰ ਵਿਚ ਉੱਚ ਪੱਧਰੀ ਹੁਨਰ, ਵਚਨਬੱਧਤਾਵਾਂ, ਸ਼ੁੱਧਤਾ ਅਤੇ ਉੱਚ ਮਿਆਰੀ ਸਿੱਖਿਆ ਦੀ ਬੇਹੱਦ ਲੋੜ ਹੈ।
ਡਾ. ਈਸ਼ਰ ਨੇ ਦੱਸਿਆ ਕਿ ਤਜਵੀਜ ਕੀਤੇ ਐਰੋਨੋਟਿਕਲ ਕਾਲਜ ਨੂੰ ਮੌਜੂਦਾ ਸੈਸ਼ਨ ਤੋ ਹੀ ਸੁਰੂ ਕਰ ਦਿੱਤਾ ਜਾਵੇਗਾ ਅਤੇ ਬੀ. ਟੈਕ (ਐਰੋਨੋਟਿਕ ਇੰਜੀਨੀਅਰਿੰਗ)ਅਤੇ ਬੀ. ਐਸ. ਸੀ. (ਆਨਰਂ) ਏਅਰਕਰਾਫਟ ਮੇਨਟੇਨੈਂਸ ਦੀਆਂ ਕਲਾਸਾਂ ਯੂਨੀਵਰਸਿਟੀ ਵੱਲੋਂ ਅਗਸਤ ਦੇ ਪਹਿਲੇ ਹਫਤੇ ਸੁਰੂ ਕਰ ਦਿੱਤੀਆਂ ਜਾਣਗੀਆਂ।ਜਦੋਂਕਿ ਬੀ. ਟੈਕ (ਐਰੋਸਪੇਸ ਇੰਜੀਨੀਅਰਿੰਗ) ਦਾ ਕੋਰਸ ਅਗਲੇ ਸੈਸ਼ਨ ਤੋਂ ਸੁਰੂ ਹੋ ਜਾਵੇਗਾ।
ਕੋਰਸ ਦੀ ਫੀਸ ਅਤੇ ਹੋਰ ਜਾਣਕਾਰੀ ਪਹਿਲਾਂ ਹੀ ਯੂਨੀਵਰਸਿਟੀ ਵਲੋਂ ਉਪਲੱਭਦ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਇਆ ਜਾ ਸਕਦਾ ਹੈ। ਇਸ ਕੋਰਸ ਨੂੰ ਕਰਨ ਦੌਰਾਨ ਪੰਜ ਘੰਟਿਆਂ ਦਾ ਹਵਾਈਬਾਜੀ ਦਾ ਤਜਰਬਾ ਜਰੂਰੀ ਹੋਵੇਗਾ ਅਤੇ ਇਸ ਸਬੰਧੀ ਸਿਵਲ ਏਵੀਏਸ਼ਨ ਕਾਉਂਸਲ ਆਪਣੀਆਂ ਸਹੂਲਤਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਨ ਲਈ ਹਾਮੀ ਭਰ ਦਿੱਤੀ ਹੈ।
ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਡਾ. ਈਸ਼ਰ ਨੇ ਕਿਹਾ ਕਿ ਦਾਖਲੇ ਦੀ ਪ੍ਰਕ੍ਰਿਆ ਛੇਤੀ ਹੀ ਸੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਰਾ ਕੰਮ ਅਤੇ ਸੈਸ਼ਨ ਨੂੰ ਸਮੇਂ ਦੀ ਮਿੱਥੀ ਤਾਰੀਖ ਤੱਕ ਪੂਰਾ ਕਰਨ ਲਈ ਸਖਤ ਮਿਹਨਤ ਕਰਨ ਦੀ ਹਦਾਇਤ ਦਿੱਤੀ।

Leave a Reply

Your email address will not be published. Required fields are marked *