ਰਮਜ਼ਾਨ ਮੁਆਫੀ : ਦੁਬਈ ‘ਚ ਫਾਂਸੀ ਦੇ ਸਜ਼ਾਜ਼ਾਫਤਾ 10 ਭਾਰਤੀਆਂ ਦੀ ਜੇਲ੍ਹ ਤੋਂ ਰਿਹਾਈ
ਬਲੱਡ ਮਨੀ ਦੇ ਭੁਗਤਾਨ ਮਗਰੋਂ ਅਦਾਲਤ ਨੇ ਸੁਣਾਇਆ ਰਿਹਾਈ ਦਾ ਫੈਸਲਾ
ਜੂਨ ਮਹੀਨੇ ਘਰ ਪਰਤ ਆਉਣਗੇ : ਡਾ. ਐਸ.ਪੀ. ਸਿੰਘ ਓਬਰਾਏ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਦੋ ਪਾਕਿਸਤਾਨੀ ਨਾਗਰਿਕਾਂ ਦੇ ਕਤਲ ਮਾਮਲੇ ‘ਚ ਦੁਬਈ ਜੇਲ੍ਹ ਵਿਖੇ ਫਾਂਸੀ ਦੇ ਸਜ਼ਾਜ਼ਾਫਤਾ 10 ਭਾਰਤੀ ਜੂਨ ਮਹੀਨੇ ਦੇ ਪਹਿਲੇ ਹਫ਼ਤਿਆਂ ‘ਚ ਰਿਹਾਅ ਹੋਣ ਜਾ ਰਹੇ ਹਨ, ਜਿਨਾਂ ਦੀ ਰਿਹਾਈ ਰੱਬ ਦਾ ਮਸੀਹਾ ਬਣੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਸੰਭਵ ਹੋ ਰਹੀ ਹੈ।
ਇਸ ਸਬੰਧੀ ਪ੍ਰਗਟਾਵਾ ਟਰੱਸਟ ਦੇ ਚੇਅਰਮੈਨ ਡਾ. ਐਸ.ਪੀ. ਸਿੰਘ ਓਬਰਾਏ ਨੇ ਅਦਾਰਾ ਮਧੂਸਾਰ ਨਾਲ ਇਕ ਵਿਸ਼ੇਸ਼ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਕੀਤਾ। ਡਾ. ਓਬਰਾਏ ਨੇ ਦੱਸਿਆ ਕਿ ਅਦਾਲਤ ਨੇ 10 ਭਾਰਤੀਆਂ ਨੂੰ ਰਮਜ਼ਾਨ ਮੁਆਫ਼ੀ ਤਹਿਤ ਰਿਹਾਈ ਦਾ ਫੈਸਲਾ ਸੁਣਾਇਆ ਹੈ। ਉਨ੍ਹਾਂ ਦੱਸਿਆ ਕਿ ਦੁਬਈ ਦੀ ਇਕ ਅਦਾਲਤ ਵੱਲੋਂ ਦਸ ਭਾਰਤੀਆਂ ਨੂੰ ਮੁਲਜ਼ਮ ਮੰਨਦੇ ਹੋਏ ਪਾਕਿਸਤਾਨੀ ਮੁਹੰਮਦ ਫਰਹਾਨ, ਮੁਹੰਮਦ ਰਿਆਦ ਦੇ ਕਤਲ ਮਾਮਲੇ ‘ਚ 10 ਭਾਰਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਸਾਲ 2017 ਵਿਚ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਤਿੰਨ ਸਾਲ ਦੀ ਕੈਦ ‘ਚ ਬਦਲ ਦਿੱਤਾ ਗਿਆ, ਜਿਨ੍ਹਾਂ ਨੂੰ ਮੁਆਫੀ ਦਿੰਦਿਆਂ ਰਮਜ਼ਾਨ ਮਹੀਨੇ ਰਿਹਾਅ ਕਰਨ ਦੇ ਹੁਕਮ ਸੁਣਾ ਦਿੱਤੇ ਗਏ ਹਨ, ਜੋ ਰਿਹਾਅ ਹੋ ਕੇ ਆਪਣੇ ਪਰਿਵਾਰਕ ਮੈਂਬਰਾਂ ਕੋਲ ਪੁੱਜ ਜਾਣਗੇ।
ਡਾ. ਓਬਰਾਏ ਨੇ ਦੱਸਿਆ ਕਿ ਰਮਜ਼ਾਨ ਮੁਆਫੀ ਤੋਂ ਬਾਅਦ 2020 ਤੱਕ ਜੇਲ੍ਹ ‘ਚ ਸਜ਼ਾਜ਼ਾਫਤਾ ਇਨ੍ਹਾਂ ਭਾਰਤੀਆਂ ਦੀ ਰਿਹਾਈ ਬਲੱਡ ਮਨੀ ਦਾ ਭੁਗਤਾਨ ਕੀਤੇ ਜਾਣ ਤੋਂ ਬਾਅਦ ਸੰਭਵ ਹੋਈ ਹੈ। ਡਾ. ਓਬਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਿਹਾਅ ਹੋਣ ਜਾ ਰਹੇ ਭਾਰਤੀ ਪੰਜਾਬੀਆਂ ‘ਚ ਸਤਮਿੰਦਰ ਸਿੰਘ, ਚੰਦਰ ਸਿੰਘ ਸ਼ੇਖਰ, ਚਮਕੌਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਧਰਮਵੀਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਅਤੇ ਜਗਜੀਤ ਸਿੰਘ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਬੀਤੇ ਹਫਤੇ ਅਲ-ਏਨ ਦੀ ਅਦਾਲਤ ਨੇ ਛੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਬਾਕੀ ਚਾਰ ਦੋਸ਼ੀਆਂ ਦਾ ਮਨਜ਼ੂਰੀ ਪੱਤਰ ਵੀ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਬੂਧਾਬੀ ਦੀ ਇੰਡੀਅਨ ਐਮਬੈਂਸੀ ਵਿਚ ਇਨ੍ਹਾਂ ਰਿਹਾਅ ਹੋਣ ਜਾ ਰਹੇ ਭਾਰਤੀਆਂ ਦੇ ਟੈਪਰੇਰੀ ਪਾਸਪੋਰਟ ਅਤੇ ਟਿਕਟਾਂ ਬਣ ਰਹੀਆਂ ਹਨ, ਜੋ ਵਾਪਸ ਭਾਰਤ ਬਿਨਾਂ ਕਿਸੇ ਤਕਲੀਫ ਅਤੇ ਪ੍ਰੇਸ਼ਾਨੀ ਤੋਂ ਪਹੁੰਚ ਜਾਣਗੇ। ਉਨ੍ਹਾਂ ਇੰਡੀਅਨ ਐਮਬੈਂਸੀ ਵੱਲੋਂ ਮਿਲੇ ਸਹਿਯੋਗ ‘ਤੇ ਧੰਨਵਾਦ ਵੀ ਕੀਤਾ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ 12 ਜੁਲਾਈ 2015 ਨੂੰ ਪਾਕਿਸਤਾਨੀ ਨਾਗਰਿਕ ਦਾ ਕਤਲ ਕੀਤਾ ਸੀ ਅਤੇ ਦੋ ਧਿਰਾਂ ‘ਚ ਹੋਏ ਟਕਰਾਅ ਦੌਰਾਨ ਕਤਲ ਦੀ ਘਟਨਾ ਵਾਪਰੀ, ਜਿਸ ਤਹਿਤ ਪੁਲਿਸ ਨੇ 26 ਅਕਤੂਬਰ 2016 ਨੂੰ ਦੋਸ਼ੀ ਗ੍ਰਿਫਤਾਰ ਕੀਤੇ ਸਨ। ਅਲ-ਏਨ ਅਦਾਲਤ ਨੇ 7 ਦਸੰਬਰ 2016 ਨੂੰ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਕੇਸ ‘ਤੇ ਅਪੀਲ ਲਈ 21 ਦਸੰਬਰ 2016 ਨੂੰ ਡਾ. ਓਬਰਾਏ ਨੇ ਬਲੱਡ ਮਨੀ ਦਾ ਭੁਗਤਾਨ ਕਰਦਿਆਂ ਭਾਰਤੀਆਂ ਦੀ ਰਿਹਾਈ ਦੀ ਅਪੀਲ ਕੀਤੇ। ਡਾ. ਓਬਰਾਏ ਨੇ ਇਹ ਕੇਸ ਇਕ ਵਕੀਲ ਰਾਹੀਂ ਕੋਰਟ ‘ਚ ਪੇਸ਼ ਕੀਤਾ ਅਤੇ ਮਾਰੇ ਗਏ ਪਾਕਿਸਤਾਨੀ ਦੇ ਪਰਿਵਾਰ ਨਾਲ ਸਮਝੌਤਾ ਪੱਤਰ ਦੀ ਕਾਪੀ 2 ਫਰਵਰੀ 2017 ਨੂੰ ਕੋਰਟ ‘ਚ ਜਮਾਂ ਕਰਵਾਈ। ਪਾਕਿਸਤਾਨੀ ਪਰਿਵਾਰ ਦਾ ਇਕ ਵਿਅਕਤੀ 22 ਮਾਰਚ 2017 ਨੂੰ ਅਲ ਅਨੀਨਾ ਦੀ ਕੋਰਟ ‘ਚ ਪੇਸ਼ ਹੋਇਆ ਤੇ ਉਸ ਨੇ ਕੋਰਟ ‘ਚ 10 ਭਾਰਤੀ ਕੈਦੀਆਂ ਨੂੰ ਮੁਆਫ਼ ਕਰਨ ਦੀ ਪੇਸ਼ਕਸ਼ ਕੀਤੀ। ਕੋਰਟ ਨੇ ਡਾ. ਓਬਰਾਏ ਵੱਲੋਂ ਕੀਤੇ ਬਲੱਡ ਮਨੀ ਦੇ ਹਵਾਲੇ ਨਾਲ 10 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
14 ਕਤਲਕਾਂਡ ਦੇ ਪੀੜਤਾਂ ਨੇ ਵੀ ਮੰਗੀ ਮੁਆਫ਼ੀ
ਪਟਿਆਲਾ (ਕੰਵਰ ਬੇਦੀ) ਦੋ ਭਾਰਤੀ ਨਾਗਰਿਕਾਂ ਦੇ ਕਤਲ ਮਾਮਲੇ ‘ਚ ਸ਼ਾਮਲ 14 ਸਜ਼ਾਜ਼ਾਫਤਾ ਦੇ ਪੀੜਤਾਂ ਨੇ ਵੀ ਮੌਤ ਦੀ ਸਜ਼ਾ ‘ਤੇ ਮੁਆਫ਼ੀ ਦੀ ਮੰਗ ਕੀਤੀ ਹੈ। ਪੀੜਤ 23 ਸਾਲਾਂ ਦੇ ਕੈਸਿਫ ਅਲ ਅਤੇ 25 ਸਾਲਾਂ ਦੇ ਵਰਿੰਦਰਪਾਲ ਸਿੰਘ ਦੋਵੇਂ ਟੈਕਸੀ ਡਰਾਈਵਰ ਜ਼ਮਾਨਤ ‘ਤੇ ਚੱਲ ਰਹੇ ਹਨ। ਮਾਮਲੇ ‘ਚ ਸ਼ਾਮਲ 12 ਭਾਰਤੀਆਂ ‘ਚੋਂ 11 ਪੰਜਾਬ ਤੋਂ ਅਤੇ ਇਕ ਹਰਿਆਣਾ ਦਾ ਵਾਸੀ ਹੈ। ਸ਼ਾਰਜਨ ਕ੍ਰਿਮੀਨਲ ਕੋਰਟ ‘ਚ ਸੁਣਾਵਾਈ ਦੌਰਾਨ ਕਤਲ ਮਾਮਲੇ ‘ਚ ਸ਼ਾਮਲ ਮੁਲਜ਼ਮਾਂ ਦੇ ਪੀੜਤਾਂ ਨੇ ਸਜ਼ਾ ਮੁਆਫ਼ੀ ਦੀ ਅਪੀਲ ਕੀਤੀ ਹੈ।
ਕੋਰਟ ‘ਚ ਜੱਜ ਮਹਿਮੂਦ ਅਬੂ ਬੇਕਰ ਵੱਲੋਂ ਜਦੋਂ ਮਾਮਲੇ ‘ਤੇ ਸੁਣਵਾਈ ਕੀਤੀ ਜਾ ਰਹੀ ਸੀ ਤਾਂ ਡਾ. ਐਸ.ਪੀ. ਸਿੰਘ ਓਬਰਾਏ ਪੀੜਤ ਧਿਰ ‘ਚੋਂ ਕਿਸੇ ਇਕ ਨਾਲ ਆਏ ਹੋਏ ਸਨ। ਇਸ ਦੌਰਾਨ ਪੀੜਤ ਨਿਰਮਲ ਸਿੰਘ ਨੇ ਕੋਰਟ ਨੂੰ ਕਿਹਾ ਕਿ ਦੋਵੇਂ ਧਿਰਾਂ ਸਮਝੌਤਾ ਕਰਨ ਲਈ ਤਿਆਰ ਹਨ। ਸੁਣਵਾਈ ਦੌਰਾਨ ਡਾ. ਓਬਰਾਏ ਨੇ ਕੋਰਟ ਨੂੰ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਹੋਣ ਜਾ ਰਹੇ ਸਮਝੌਤੇ ਦੇ ਕਾਗਜ਼ ਤਿਆਰ ਕਰਵਾਏ ਜਾ ਰਹੇ ਹਨ ਉਹ ਬਲੱਡ ਮਨੀ ਦਾ ਭੁਗਤਾਨ ਕਰਨ ਲਈ ਵੀ ਤਿਆਰ ਹਨ। ਅਦਾਲਤ ‘ਚ ਸੁਣਵਾਈ ਦੌਰਾਨ ਪੀੜਤ ਧਿਰ ਨੇ ਆਪਣੀ ਗੱਲ ਜੱਜ ਸਾਹਮਣੇ ਰੱਖੀ ਤਾਂ ਜੋ 12 ਭਾਰਤੀਆਂ ਨੂੰ ਮੁਆਫ਼ੀ ਮਿਲ ਸਕੇ।
ਜ਼ਿਕਰਯੋਗ ਹੈ ਕਿ 1 ਜਨਵਰੀ 2016 ਨੂੰ ਦੁਪਹਿਰ 11 ਵਜੇ ਅਲ ਸਾਜ਼ਾ ਉਦਯੋਗਿਕ ਖੇਤਰ ਵਿਚ ਇਕ ਲੇਬਰ ਫੈਕਟਰੀ ਦੇ ਸਾਹਮਣੇ ਦੋ ਧੜਿਆਂ ਵਿਚ ਟਕਰਾਅ ਹੋਇਆ, ਜਿਸ ਮਗਰੋਂ ਸ਼ਾਰਜ਼ਾਹ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਦੋਹਾਂ ਧਿਰਾਂ ‘ਚ ਹੋਏ ਹਮਲੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਸ਼ਾਰਜ਼ਾਹ ਪੁਲਿਸ ਨੇ 14 ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਾਇਰ ਕਰਕੇ ਉਨ੍ਹਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ। ਪੁਲਿਸ ਅਤੇ ਅਦਾਲਤ ‘ਚ ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਸੀ।

