ਕਿਸਾਨਾਂ ਦੇ ਮਹਾਂ-ਅੰਦੋਲਨ ਨੂੰ ਨਜ਼ਰਅੰਦਾਜ਼ ਕਰਨ ਦੀ ਗ਼ਲਤੀ ਨਾ ਕਰਨ ਸੱਤਾਧਾਰੀ-ਆਪ
ਕਿਸਾਨਾਂ-ਖੇਤ ਮਜ਼ਦੂਰਾਂ ਨਾਲ ਕੀਤੇ ਸਾਰੇ ਵਾਅਦੇ ਤੁਰੰਤ ਪੂਰੇ ਕਰਨ ਕੈਪਟਨ ਤੇ ਮੋਦੀ-ਡਾ. ਬਲਬੀਰ ਸਿੰਘ
ਚੰਡੀਗੜ੍ਹ, 3 ਜੂਨ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨਾਂ ਦੇ ਦੇਸ਼-ਵਿਆਪੀ ਮਹਾਂ-ਅੰਦੋਲਨ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਬਾਰੇ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਅਜੇ ਵੀ ਜਾਗ ਜਾਣਾ ਚਾਹੀਦਾ ਹੈ।
‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਮਾਲਵਾ ਜ਼ੋਨ-1 ਦੇ ਪ੍ਰਧਾਨ ਅਨਿਲ ਠਾਕੁਰ, ਮਾਲਵਾ ਜ਼ੋਨ-2 ਦੇ ਗੁਰਦਿੱਤ ਸਿੰਘ ਸੇਖੋਂ ਅਤੇ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਨੇ ਮੰਡੀਆਂ ਦੇ ਬਾਈਕਾਟ ਬਾਰੇ ਇਹ ਦੇਸ਼ ਵਿਆਪੀ ਫ਼ੈਸਲਾ ਕੋਈ ਖ਼ੁਸ਼ੀ ਨਾਲ ਨਹੀਂ ਬਲਕਿ ਅੱਤ ਦੀ ਮਜਬੂਰੀ ਨਾਲ ਲਿਆ ਹੈ। ਆਮ ਆਦਮੀ ਪਾਰਟੀ ਪੰਜਾਬ ਕਿਸਾਨਾਂ ਦੇ ਇਸ ਫ਼ੈਸਲੇ ਨਾਲ ਖੜ੍ਹੀ ਹੈ ਅਤੇ ਆਤਮ-ਹੱਤਿਆਵਾਂ ਕਰਨ ਨਾਲ ਇਸ ਤਰ੍ਹਾਂ ਦੇ ਸੰਘਰਸ਼ ਨੂੰ ਹੀ ਸਹੀ ਰਸਤਾ ਮੰਨਦੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਵੋਟਾਂ ਬਟੋਰਨ ਲਈ ਕਿਸਾਨਾਂ ਅਤੇ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹਰੇਕ ਸੱਤਾਧਾਰੀ ਤੇ ਸਿਆਸਤਦਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਜਨਤਾ ਦੇ ਸਬਰ ਦਾ ਪਿਆਲਾ ਭਰ ਜਾਂਦਾ ਹੈ ਤਾਂ ਸੱਤਾ ਦੇ ਤਖ਼ਤੇ ਪਲਟਣ ਨੂੰ ਸਮਾਂ ਨਹੀਂ ਲੱਗਦਾ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਇਸ ਮਹਾਂ-ਅੰਦੋਲਨ ਨੂੰ ਟਰੇਲਰ ਸਮਝਦੇ ਹੋਏ ਬਿਨਾਂ ਦੇਰੀ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ। ਜਿੰਨਾ ‘ਚ ਸਵਾਮੀਨਾਥਨ ਦੀਆਂ ਰਿਪੋਰਟਾਂ ਨੂੰ ਫ਼ਸਲਾਂ ਦੇ ਅਸਲੀ ਲਾਗਤ ਮੁੱਲ ਦੇ ਆਧਾਰਤ ‘ਤੇ ਲਾਗੂ ਕੀਤਾ ਜਾਵੇ। ਘਰਾਨਿਆਂ ਦੀ ਤਰਜ਼ ‘ਤੇ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਨੂੰ ਸਬਸਿਡੀ ਦਿੰਦੀ ਹੋਈ, ਸਾਰੇ ਕਰਜ਼ੇ ਮਾਫ਼ ਕਰਨ ਅਤੇ ਆਪਣਾ ਵਾਅਦਾ ਨਿਭਾਉਣ।
‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ, ਪੰਜਾਬ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਇਸ ਵਾਰ ਵੀ ਕਿਸਾਨਾਂ-ਖੇਤ ਮਜ਼ਦੂਰਾਂ ਦੇ ਇੱਕਜੁੱਟ ਸੰਘਰਸ਼ ਨੂੰ ਨਜ਼ਰ-ਅੰਦਾਜ਼ ਕਰਨ ਦੀ ਗ਼ਲਤੀ ਕੀਤੀ ਤਾਂ ਦੇਸ਼ ਦੇ ਕਿਸਾਨ ਅਤੇ ਆਮ ਨਾਗਰਿਕ ਇਹਨਾਂ ਸੱਤਾਧਾਰੀਆਂ ਨੂੰ ਤਖ਼ਤਾ ਪਲਟ ਦੀ ਅਸਲੀ ਫ਼ਿਲਮ ਆਗਾਮੀ ਲੋਕ ਸਭਾ ਚੋਣਾਂ ‘ਚ ਦਿਖਾ ਦੇਣਗੇ, ਕਿਉਂਕਿ ਲੁੱਟ ਕੇਵਲ ਕਿਸਾਨ ਦੀ ਹੀ ਨਹੀਂ ਹੋ ਰਹੀ ਬਲਕਿ ਖਪਤਕਾਰ (ਖ਼ਰੀਦਦਾਰ) ਦੀ ਕਿਸਾਨ ਤੋਂ ਵੀ ਵੱਧ ਹੋ ਰਹੀ ਹੈ ਅਤੇ ਸੱਤਾ ਦੀ ਸ਼ਹਿ ਥੱਲੇ ਮੁੱਠੀ ਭਰ ਮਿਡਲਮੈਨ (ਵਿਚੋਲਿਆ) ਹੀ ਮੁਨਾਫ਼ਾ ਖੋਰੀ ਕਰ ਰਹੇ ਹਨ। ‘ਆਪ’ ਆਗੂਆਂ ਨੇ ਆਮ ਨਾਗਰਿਕਾਂ ਨੂੰ ਵੀ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
