ਦੇਸ਼-ਵਿਦੇਸ਼ਪੰਜਾਬ

ਸਰਕਾਰ ਦਾ ਵਫ਼ਦ ਸ਼ਿਲਾਂਗ ਪੁੱਜਾ, ਨਹੀਂ ਹੋਇਆ ਕਿਸੇ ਵੀ ਗੁਰਦੁਆਰੇ ਨੂੰ ਨੁਕਸਾਨ : ਰੰਧਾਵਾ

ਸ਼ਿਲਾਂਗ, 4 ਜੂਨ (ਮਧੂਸਾਰ ਬਿਊਰੋ) ਫੈਲੀਆਂ ਅਫਵਾਹਾਂ ਤੋਂ ਉਲਟ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਸੋਮਵਾਰ ਨੂੰ ਇੱਥੇ ਪਹੁੰਚੇ ਪੰਜਾਬ ਸਰਕਾਰ ਦੇ ਵਫਦ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਲਾਂਗ ਦੇ ਕਿਸੇ ਵੀ ਗੁਰਦੁਆਰੇ ‘ਤੇ ਕਿਸੇ ਵੀ ਹਮਲੇ ਜਾਂ ਨੁਕਸਾਨ ਦਾ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਥੇ ਸਥਿਤੀ ਤਣਾਅਪੂਰਨ ਪਰ ਕਾਬੂ ਹੇਠ ਹੈ।

ਮੇਘਾਲਿਆ ਸਰਕਾਰ ਵਲੋਂ ਸਥਿਤੀ ਨਾਲ ਨਜਿੱਠਣ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਵਫ਼ਦ ਨੇ ਕਿਹਾ ਕਿ ਭਾਵੇਂ ਕੁਝ ਜਾਇਦਾਦਾਂ ਨੂੰ ਨੁਕਸਾਨ ਹੋਇਆ ਹੈ ਪਰ ਹਾਲ ਹੀ ਵਿੱਚ ਹੋਈ ਹਿੰਸਾ ‘ਚ ਕਿਸੇ ਵੀ ਗੁਰਦੁਆਰਾ ‘ਤੇ ਹਮਲਾ ਜਾਂ ਨੁਕਸਾਨ ਨਹੀਂ ਹੋਇਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਸ਼ਿਲਾਂਗ ਪਹੁੰਚੇ ਵਫਦ ਨੇ ਮੇਘਾਲਿਆ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਕਰਫ਼ਿਊ ਵਾਲੇ ਖੇਤਰਾਂ ‘ਚ ਉਨ੍ਹਾਂ ਦੇ ਦੌਰੇ ਲਈ ਸਹੂਲਤ ਮੁਹਈਆ ਕਰਵਾਈ। ਇਹ ਵਫ਼ਦ ਇਨ੍ਹਾਂ ਖੇਤਰਾਂ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਮਿਲਿਆ ਅਤੇ ਇਸ ਨੂੰ ਪਿਛਲੇ ਹਫਤੇ ਹੋਈਆਂ ਹਿੰਸਕ ਝੜਪਾਂ ਵਿਚ ਜਾਇਦਾਦ ਦੇ ਝਗੜੇ ਦੀ ਕੋਈ ਸਮੱਸਿਆ ਨਜ਼ਰ ਨਹੀ ਆਈ।
ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਵਿਚ ਤਕਰੀਬਨ ਤਿੰਨ ਘੰਟੇ ਬਿਤਾਏ ਅਤੇ ਉੱਥੇ ਰਹਿੰਦੇ ਸਿੱਖਾਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਭਰੋਸਾ ਦਿਵਾਇਆ। ਇਕ ਨਿਰਮਾਣ ਅਧੀਨ ਸਕੂਲ ਦੀ ਇਮਾਰਤ ਨੂੰ ਨੁਕਸਾਨ ਹੋਇਆ ਸੀ ਜਦਕਿ ਇਸ ਇਮਾਰਤ ਦੇ ਸੰਦਰਭ ਵਿੱਚ ਇਕ ਗੁਰਦੁਆਰੇ ਨੂੰ ਨੁਕਸਾਨ ਪਹੁੰਚਾਉਣ ਦੀਆਂ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਰੰਧਾਵਾ ਦੀ ਅਗਵਾਈ ਵਿੱਚ ਵਫ਼ਦ ਵੱਲੋਂ ਪ੍ਰਗਟ ਕੀਤੀ ਗਈ ਚਿੰਤਾ ਦੇ ਜਵਾਬ ਵਿਚ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਇਸ ਪ੍ਰਾਪਰਟੀ ਦੇ ਕੇਸ ਦੀ ਜਾਂਚ ਅਤੇ ਹੱਲ ਕਰਨ ਲਈ ਇਕ ਕੈਬਨਿਟ ਸਬ-ਕਮੇਟੀ ਕਾਇਮ ਕਰ ਦਿੱਤੀ ਹੈ। ਰੰਧਾਵਾ ਨੇ ਦੱਸਿਆ ਕਿ ਸੰਗਮਾ ਨੇ ਤਨਾਅ ਨੂੰ ਘਟਾਉਣ ਲਈ ਇਕ ਸਰਬ ਪਾਰਟੀ ਮੀਟਿੰਗ ਵੀ ਬੁਲਾਈ ਹੈ।
ਮੇਘਾਲਿਆ ਦੇ ਮੁੱਖ ਮੰਤਰੀ ਤੋਂ ਇਲਾਵਾ ਵਫਦ ਜ਼ਮੀਨੀ ਸਥਿਤੀ ਦਾ ਪਤਾ ਲਾਉਣ ਲਈ ਉਪ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀ.ਜੀ.ਪੀ ਨੂੰ ਵੀ ਮਿਲਿਆ ਅਤੇ ਤਣਾਅ ‘ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਲਿਆ।
ਮੇਘਾਲਿਆ ਦੇ ਮੁੱਖ ਮੰਤਰੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਸਥਿਤੀ ਬਾਰੇ ਜਾਣੂ ਕਰਵਾਉਣਗੇ ਅਤੇ ਸਿੱਖ ਭਾਈਚਾਰੇ ਲਈ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ ‘ਤੇ ਇਸ ‘ਤੇ ਨਿਗਰਾਨੀ ਰੱਖਣਗੇ।
ਕੈਬਨਿਟ ਮੰਤਰੀ ਦੇ ਨਾਲ ਵਫਦ ਵਿੱਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਾਲਾ, ਵਿਧਾਇਕ ਕੁਲਦੀਪ ਸਿੰਘ ਵੈਦ ਅਤੇ ਡੀ.ਐਸ. ਮਾਂਗਟ (ਆਈਏਐਸ) ਵੀ ਸ਼ਿਲਾਂਗ ਗਏ ਹੋਏ ਹਨ।

Leave a Reply

Your email address will not be published. Required fields are marked *