ਡਾ. ਧਰਮਿੰਦਰ ਸਿੰਘ ਉੱਭਾ ਦੀ ਲਘੂ ਲੇਖਾਂ ਦੀ ਕਿਤਾਬ ਧੁਰ ਅੰਦਰੋਂ ਲੋਕ ਅਰਪਣ
ਪਟਿਆਲਾ 8 ਜੂਨ (ਕੰਵਰ ਬੇਦੀ) ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੀ ਪੁਸਤਕ “ਧੁਰ ਅੰਦਰੋਂ“ ਲੋਕ ਅਰਪਣ ਕੀਤੀ ਗਈ। ਜ਼ਿਕਰਯੋਗ ਹੈ ਕਿ ਡਾ. ਉੱਭਾ ਦੀ ਲਘੂ ਲੇਖਾਂ ਦੀ ਇਹ ਦੂਸਰੀ ਪੁਸਤਕ ਹੈ ਜਿਸ ਵਿਚ ਕੁੱਲ ੧੦੧ ਲਘੂ ਲੇਖ ਸ਼ਾਮਿਲ ਕੀਤੇ ਗਏ ਹਨ।
ਪੁਸਤਕ ਦੇ ਇਸ ਲੋਕ ਅਰਪਣ ਸਮਾਰੋਹ ਦੌਰਾਨ ਡਾ. ਸਤੀਸ਼ ਕੁਮਾਰ ਵਰਮਾ, ਸਾਬਕਾ ਡਾਇਰੈਕਟਰ ਯੂਥ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਡਾ. ਧਰਮਿੰਦਰ ਸਿੰਘ ਉੱਭਾ ਬਹੁ-ਦਿਸ਼ਾਈ ਤੇ ਬਹੁ-ਭਾਂਤੀ ਪ੍ਰਤਿਭਾ ਦੇ ਮਾਲਕ ਹਨ ਜਿਨ੍ਹਾਂ ਦੀ ਕਲਮੀ ਪ੍ਰਤਿਭਾ ਵੀ ਬਹੁ-ਰੰਗੀ ਹੈ ਜੋ ਕਵਿਤਾ, ਲੇਖ ਅਤੇ ਲਘੂ ਲੇਖ ਵਰਗੀਆਂ ਭਿੰਨ ਭਿੰਨ ਰਚਨਾਵਾਂ ਸਿਰਜਦੀ ਰਹਿੰਦੀ ਹੈ। ਡਾ. ਵਰਮਾ ਨੇ ਇਹ ਵੀ ਕਿਹਾ ਕਿ ਡਾ. ਉੱਭਾ ਕਲਮ ਦੇ ਖੇਤਰ ਵਿਚ ਪ੍ਰਬੀਨ ਵੀ ਹਨ ਅਤੇ ਨਵੀਨ ਵੀ ਹਨ ਜਿਨ੍ਹਾਂ ਦਾ ਪ੍ਰਮਾਣ ਉਹਨਾਂ ਵਲੋਂ ਰਚੇ ਗਏ ਪੰਜ ਕਾਵਿ ਸੰਗ੍ਰਹਿ, ਇਕ ਨਿਬੰਧ ਸੰਗ੍ਰਹਿ, ਪ੍ਰੇਰਨਾ ਸਾਹਿਤ ਪੁਸਤਕ, ਤਿੰਨ ਗਿਆਨ ਸਾਹਿਤ ਪੁਸਤਕਾਂ, ਇਕ ਜੀਵਣੀ, ਅੱਠ ਅਨੁਵਾਦ ਪੁਸਤਕਾਂ ਅਤੇ ਛੇ ਸੰਪਾਦਨ ਪੁਸਤਕਾਂ ਤੋਂ ਭਲੀ ਭਾਂਤੀ ਮਿਲ ਜਾਂਦਾ ਹੈ।
ਡਾ. ਵਰਮਾ ਨੇ ਕਿਹਾ ਕਿ “ਧੁਰ ਅੰਦਰੋਂ“ ਪੁਸਤਕ ਵਿਚ ਡਾ. ਉੱਭਾ ਦੇ ਧੁਰ ਅੰਦਰੋਂ ਨਿਕਲੇ ਬੋਲਾਂ ਨੇ ਅੱਖਰਾਂ ਦਾ ਅਜਿਹਾ ਰੂਪ ਧਾਰਨ ਕਰ ਲਿਆ ਜਿਹਨਾਂ ਨੇ ਪਾਠਕ ਅਤੇ ਲੇਖਕ ਦੇ ਵਿਚਾਰਾਂ ਨੂੰ ਇਕ ਲੜੀ ਵਿਚ ਪਰੋ ਦਿਤਾ ਹੈ। ਉਹਨਾਂ ਨੇ ਡਾ. ਉੱਭਾ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੀ ਉਹ ਅਜਿਹੀਆਂ ਰਚਨਾਵਾਂ ਰਚਦੇ ਰਹਿਣ।
ਵਿਸ਼ੇਸ ਤੌਰ ਤੇ ਪਹੁੰਚੇ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਡਾ. ਉੱਭਾ ਦੀ ਗੁਣਾਤਮਕ ਸਖਸ਼ੀਅਤ ਉਸਾਰੀ ਪਿਛੇ ਉਹਨਾਂ ਦੇ ਪੂਰਵਜਾਂ ਦਾ ਬਹੁਤ ਵੱਡਾ ਆਸ਼ੀਰਵਾਦ ਹੈ। ਜਿਹਨਾਂ ਦੀਆਂ ਦੁਆਵਾਂ ਸਦਕਾ ਹੀ ਡਾ. ਉੱਭਾ ਨੇ ਕਲਮ ਰਾਹੀਂ ਅਜੋਕੇ ਸਮੇਂ ਵਿਚ ਹਰ ਰਿਸ਼ਤੇ, ਜੀਵਨ ਤੇ ਸਮਾਜ ਦੇ ਹਰ ਪੱਖ ਨੂੰ ਸਾਹਮਣੇ ਲਿਆਂਦਾ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਡਾ. ਉੱਭਾ ਦੀਆਂ ਰਚਨਾਵਾਂ ਵਿਚ ਪ੍ਰਤੀਬਧਤਾ, ਚੰਗੀਆਈ, ਲਗਨ ਅਤੇ ਅਗਾਂਹ ਵਧੂ ਸੋਚ ਹਰ ਇਨਸਾਨ ਦਾ ਰਾਹ ਦਰਸਾਉਂਦੀਆਂ ਨਜ਼ਰ ਆਊਦੀਆਂ ਹਨ।
ਡਾ. ਧਰਮਿੰਦਰ ਸਿੰਘ ਉੱਭਾ ਨੇ ਪੁਸਤਕ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਬੁਨੀਆਦੀ ਤੌਰ ਤੇ ਹਾਂ ਪੱਖੀ ਅਤੇ ਆਸ਼ਾਵਾਦੀ ਸੋਚ ਸਦਕਾ ਹੀ ਉਹ ਆਪਣੇ ਧੁਰ ਅੰਦਰੋਂ ਦੀ ਆਵਾਜ਼ ਨੂੰ ਸ਼ਬਦਾਂ ਦਾ ਜਾਮਾਂ ਪਹਿਨਾਉਣ ਵਿਚ ਸਫਲ ਹੋ ਸਕੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸੁਹਿਰਦ ਕੋਸ਼ਿਸ ਕਰਦੇ ਰਹਿਣਗੇ ਕਿ ਆਉਣ ਵਾਲੇ ਸਮੇਂ ਵਿਚ ਉਹ ਹਮੇਸ਼ਾ ਹੀ ਆਸ਼ਾਵਾਦੀ ਰਾਹਾਂ ਨਾਲ ਜੁੜ ਕੇ ਅਜਿਹੀਆਂ ਰਚਨਾਵਾਂ ਰਚਣ ਦੀ ਕੋਸ਼ਿਸ਼ ਕਰਦੇ ਰਹਿਣਗੇ। ਇਸ ਲੋਕ ਅਰਪਣ ਸਮਾਰੋਹ ਦੋਰਾਨ ਕਾਲਜ ਦੇ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

