ਇੱਕ ਵਿਚਾਰ, ਜਿਸ ਨੇ ਗਰੀਬ ਤੇ ਹੁਸ਼ਿਆਰ ਵਿਦਿਆਰਥੀਆਂ ਦੀ ਦੁਨੀਆ ਬਦਲ ਦਿੱਤੀ
ਪਟਿਆਲਾ, 8 ਜੂਨ (ਮਧੂਸਾਰ ਬਿਊਰੋ) ਪਟਿਆਲਾ ਤੋਂ ਵਿਧਾਇਕ ਬਣਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਦੇ ਮਨ ‘ਚ ਆਏ ਇੱਕ ਵਿਚਾਰ ਨੂੰ ਉੁਨ੍ਹਾਂ ਦੀ ਧਰਮ ਪਤਨੀ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਅਤੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਅਤੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸਿਰੇ ਚੜਾਇਆ ਤਾਂ ਰੈਡ ਕਰਾਸ ਦਾ ਸਹਾਇਤਾ ਕੇਂਦਰ ਹੋਂਦ ‘ਚ ਆ ਗਿਆ।
ਉਂਜ ਤਾਂ ਭਾਵੇਂ ਦੁਨੀਆਂ ਭਰ ‘ਚ ਰੈਡ ਕਰਾਸ ਦਾ ਨਾਮ ਭਲਾਈ ਕਾਰਜਾਂ ਲਈ ਜਾਣਿਆਂ ਜਾਂਦਾ ਹੈ ਪੰ੍ਰਤੂ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਜਾਣ ਵਾਲੀ ਸੜਕ ‘ਤੇ ਸਥਾਪਿਤ ਰੈਡ ਕਰਾਸ ਦੇ ਸਹਾਇਤਾ ਕੇਂਦਰ ਨੇ ਸ਼ਹਿਰ ਦੇ ਗਰੀਬ ਪਰੰਤੂ ਹੁਸ਼ਿਆਰ ਵਿਦਿਆਰਥੀਆਂ ਦੀ ਦੁਨੀਆਂ ਬਦਲ ਕੇ ਰੱਖ ਦਿੱਤੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕ ਸ਼ਹਿਰ ‘ਚ ਭੀਖ ਮੰਗਣ ਵਾਲਿਆਂ, ਖਾਸ ਕਰਕੇ ਘਟ ਉਮਰ ਦੇ ਬੱਚਿਆਂ ਨੂੰ ਇਸ ਮਾੜੇ ਪੇਸ਼ੇ ਤੋਂ ਹਟਾ ਕੇ ਮੁੱਖ ਧਾਰਾ ‘ਚ ਲਿਆ ਕੇ ਉਨ੍ਹਾਂ ਨੂੰ ਸਕੂਲੀ ਸਿੱਖਿਆ ਦੇਣ ਦੇ ਯਤਨਾਂ ਦੇ ਅਗਲ ਦੌਰ ਵਜੋਂ ਰੈਡ ਕਰਾਸ ਸਹਾਇਤਾ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਬੀਤੇ ਵਰ੍ਹੇ 17 ਨਵੰਬਰ ਨੂੰ ਰਸਮੀ ਤੌਰ ‘ਤੇ ਕਾਰਜਸ਼ੀਲ ਹੋਏ ਅਤੇ ਲੋਕਾਂ ਦੀ ਸਹਾਇਤਾ ਲਈ ਖੋਲ੍ਹੇ ਗਏ ਇਸ ਕੇਂਦਰ ਵੱਲੋਂ ਪਿਛਲੇ ਸ਼ਨੀਵਾਰ ਤੱਕ 1127 ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਇਨ੍ਹਾਂ ਕੁਝ ਮਹੀਨਿਆਂ ‘ਚ ਸੈਂਕੜੇ ਪਰਿਵਾਰਾਂ ਨੂੰ ਕੱਪੜੇ, ਜੁੱਤੇ, ਕਿਤਾਬਾਂ, ਖਿਡੌਣੇ, ਸਟੇਸ਼ਨਰੀ ਆਦਿ ਨਾਲ ਸਹਾਇਤਾ ਕਰਨ ਤੋਂ ਇਲਾਵਾ ਰੈਡ ਕਰਾਸ ਕੇਂਦਰ ਤੋਂ ਜਰੂਰਤਮੰਦਾਂ ਨੂੰ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ। ਸ੍ਰੀ ਕੁਮਾਰ ਅਮਿਤ ਦੱਸਦੇ ਹਨ ਕਿ ਜ਼ਿਲ੍ਹੇ ਦੇ 60 ਟਾਪ ਸਕੂਲਾਂ ਦੇ ਵਿਦਿਆਰਥੀਆਂ ਅਤੇ ਪਟਿਆਲਵੀਆਂ ਤੋਂ ਇਕੱਠਾ ਕੀਤਾ ਗਿਆ ਸਮਾਨ ਇਥੇ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲੀ ਬੱਚਿਆਂ ਤੋਂ ਪੁਰਾਣੀਆਂ ਕਿਤਾਬਾਂ ਤੇ ਕੱਪੜੇ ਆਦਿ ਇਕੱਠੇ ਕਰਨ ਦਾ ਕੰਮ ਰੈਡ ਕਰਾਸ ਦੀ ਟੀਮ ਕਰਦੀ ਹੈ ਤੇ ਹਰ ਹਫ਼ਤੇ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਉਨ੍ਹਾਂ ਨੇ ਪਟਿਆਲਵੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਅਪਣੇ ਬੱਚਿਆਂ ਦੇ ਨਾਵਰਤਣਯੋਗ ਕੱਪੜੇ, ਜੁੱਤੇ ਆਦਿ ਅਤੇ ਬੱਚਿਆਂ ਦੀਆਂ ਪੁਰਾਣੀਆਂ ਕਿਤਾਬਾਂ ਇਸ ਸਹਾਇਤਾ ਕੇਂਦਰ ਨੂੰ ਦੇ ਸਕਦੇ ਹਨ।
ਇਸੇ ਦੌਰਾਨ ਰੈਡ ਕਰਾਸ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜਿਹੜੇ ਪਰਿਵਾਰਾਂ ਨੂੰ ਕਿਤਾਬਾਂ ਆਦਿ ਦੀ ਲੋੜ ਹੁੰਦੀ ਹੈ, ਉਹ ਉਨ੍ਹਾਂ ਕੋਲ ਪਹਿਲਾਂ ਹੀ ਆਪਣਾ ਨਾਮ ਦਰਜ ਕਰਵਾ ਜਾਂਦੇ ਹਨ ਅਤੇ ਕਿਤਾਬਾਂ ਆਉਣ ਦੀ ਸੂਰਤ ‘ਚ ਉਨ੍ਹਾਂ ਨੂੰ ਸੂਚਨਾ ਦੇ ਦਿੱਤੀ ਜਾਂਦੀ ਹੈ। ਜਦੋਂਕਿ ਕੱਪੜੇ ਆਦਿ ਸਮੱਗਰੀ ਲਈ ਹਰ ਸ਼ਨੀਵਾਰ ਸਵੇਰੇ 10 ਵਜੇ ਤੋਂ 1 ਵਜੇ ਤਕ ਇਸ ਕੇਂਦਰ ਤੋਂ ਕੋਈ ਵੀ ਅਪਣੇ ਮੇਚੇ ਦੇ ਕੱਪੜੇ ਲੈ ਸਕਦਾ ਹੈ। ਡਾ. ਸਿੱਧੂ ਨੇ ਦੱਸਿਆ ਕਿ ਜਿਵੇਂ-ਜਿਵੇਂ ਇਹ ਕੇਂਦਰ ਮਸ਼ਹੂਰ ਹੋ ਰਿਹਾ ਹੈ ਤੇ ਇਥੇ ਆਉਣ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਹਰ ਹਫ਼ਤੇ 40 ਤੋਂ 50 ਪਰਿਵਾਰ ਇਥੇ ਪੁਜ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਕੇਂਦਰ ਨੂੰ ਇਕੱਲੇ ਲੋਕਾਂ ਤੋਂ ਇਕੱਠੇ ਕੀਤੇ ਸਮਾਨ ਨਾਲ ਹੀ ਨਹੀਂ ਚਲਾਇਆ ਜਾ ਸਕਦਾ ਸਗੋਂ ਇਸ ਲਈ ਆਮ ਸ਼ਹਿਰੀਆਂ ਨੂੰ ਵੀ ਅੱਗੇ ਆਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ, ਐਸ.ਐਸ.ਪੀ ਦੋਵੇਂ ਏ.ਡੀ.ਸੀ., ਸਹਾਇਕ ਕਮਿਸ਼ਨਰ, ਐਸ.ਡੀ.ਐਮ., ਕਈ ਇੰਜੀਨੀਅਰ, ਡਾਕਟਰ ਆਦਿ ਸਾਰੇ ਅਧਿਕਾਰੀ ਇਸ ਕੇਂਦਰ ਦੀ ਸਹਾਇਤਾ ਕਰਦੇ ਹਨ। ਇਥੇ ਹੀ ਕੰਮ ਕਰਦੀ ਰਣਜੀਤ ਕੌਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਇਥੇ ਆਏ ਹੋਏ ਇਕ ਮਹੀਨਾ ਹੀ ਹੋਇਆ ਹੈ ਪਰ ਜਿੰਨਾਂ ਸਮਝ ‘ਚ ਆਇਆ ਹੈ, ਉਹ ਇਹ ਹੈ ਕਿ ਬਹੁਤ ਸਾਰੇ ਪਰਿਵਾਰਾਂ ਦਾ ਭਲਾ ਜਰੂਰ ਹੋਇਆ ਹੈ। ਉਸ ਦਾ ਕਹਿਣਾਂ ਹੈ ਕਿ ਕੱਪੜਿਆਂ ਤੋਂ ਬਗੈਰ ਇਥੇ ਕਿਤਾਬਾਂ ਦੀ ਮੰਗ ਬਹੁਤ ਜ਼ਿਆਦਾ ਹੈ। ਜਦੋਂਕਿ ਸਹਾਇਤਾ ਕੇਂਦਰ ਸਹਾਇਤਾ ਲੈਣ ਪੁੱਜੇ ਇਕ ਵਿਅਕਤੀ ਨੇ ਦੱਸਿਆ ਕਿ ਉਸਦਾ ਲੜਕਾ ਬਾਰਵੀਂ ‘ਚ ਪੜ੍ਹ ਰਿਹਾ ਹੈ ਪਰ ਕਿਤਾਬਾਂ ਮਹਿੰਗੀਆਂ ਹਨ, ਇਸ ਲਈ ਉਹ ਇਥੇ ਦੂਜੀ ਵਾਰ ਆਇਆ ਹੈ ਤੇ ਨਾਨ ਮੈਡੀਕਲ ਦੀਆਂ ਕੁਝ ਹੋਰ ਕਿਤਾਬਾਂ ਦੀ ਸੂਚੀ ਦਰਜ ਕਰਵਾ ਕੇ ਚੱਲਿਆ ਹੈ।

