ਪੰਜਾਬਪਟਿਆਲਾ

ਕਿਸਾਨ ਮੱਛੀ ਪਾਲਣ ਵਰਗੇ ਨਗਦ ਆਮਦਨ ਵਾਲੇ ਕਿੱਤੇ ਨੂੰ ਤਰਜੀਹ ਦੇਣ – ਬਲਬੀਰ ਸਿੰਘ ਸਿੱਧੂ

ਮੱਛੀ ਪਾਲਣ ਹੇਠ ਰਕਬੇ ਨੂੰ ਹੋਰ ਵਧਾਇਆ ਜਾਵੇਗਾ
ਅਮੂਰ ਕਾਰਪ ਮੱਛੀ ਦੇ ਪੂੰਗ ਦੀ ਕੀਤੀ ਸ਼ੁਰੂਆਤ
ਪਟਿਆਲਾ, 8 ਜੂਨ (ਮਧੂਸਾਰ ਬਿਊਰੋ) ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਮੱਛੀ ਪੂੰਗ ਫਾਰਮ ਬੀੜ ਦੋਸਾਂਝ ਨਾਭਾ ਪਟਿਆਲਾ ਦਾ ਦੌਰਾ ਕੀਤਾ।

ਉਨ੍ਹਾਂ ਮੱਛੀ ਫਾਰਮ ਵਿੱਚ ਚੱਲ ਰਹੀਆਂ ਮੇਜਰ ਕਾਰਪ ਬ੍ਰੀਡਿੰਗ, ਬਰੂਡ ਸਟਾਕ ਅਤੇ ਫਾਰਮ ਦੀਆਂ ਪਿਛਲੇ ਪੰਜ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਅਧਿਕਾਰੀਆਂ ਪਾਸੋਂ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੱਛੀ ਪਾਲਣ ਸਹਾਇਕ ਧੰਦਿਆਂ ਵਿੱਚ ਸਭ ਤੋਂ ਵੱਧ ਮਹੱਤਵ ਰੱਖਦਾ ਹੈ ਅਤੇ ਕਿਸਾਨਾਂ ਨੂੰ ਇਸ ਵੱਲ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੱਛੀ ਪਾਲਣ ਵਰਗੇ ਨਗਦ ਆਮਦਨ ਵਾਲੇ ਕਿੱਤੇ ਵੱਲ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਅਤੇ ਮੱਛੀ ਪਾਲਣ ਦੇ ਹੇਠ ਰਕਬੇ ਨੂੰ ਹੋਰ ਵਧਾਇਆ ਜਾਵੇ।
ਇਸ ਮੌਕੇ ਸ. ਬਲਬੀਰ ਸਿੰਘ ਨੇ ਮੱਛੀ ਕਾਸ਼ਤਕਾਰ ਸ੍ਰੀ ਪਾਲਾ ਰਾਮ, ਪਿੰਡ ਸੁਰਲਕਲਾਂ ਬਲਾਕ ਰਾਜਪੁਰਾ, ਜ਼ਿਲ੍ਹਾ ਪਟਿਆਲਾ ਨੂੰ ਪੰਜਾਬ ਵਿੱਚ ਪਾਇਲਟ ਪ੍ਰੋਜੈਕਟ ਅਧੀਨ ਅਮੂਰ ਕਾਰਪ ਮੱਛੀ ਦਾ ਪੂੰਗ ਸਪਲਾਈ ਕਰਕੇ ਇਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਮੱਛੀ ਦੀ ਕਿਸਮ ਕਾਮਨ ਕਾਰਪ ਮੱਛੀ ਦੀ ਤੁਲਨਾ ਵਿੱਚ 27 ਪ੍ਰਤੀਸ਼ਤ ਜ਼ਿਆਦਾ ਵਧਦੀ ਹੈ ਅਤੇ ਅਮੂਰ ਕਾਰਪ ਮੱਛੀ ਜੇਨੇਟੀਕਲੀ ਵਿਕਸਤ ਕਿਸਮ ਹੈ। ਅਮੂਰ ਕਾਰਪ ਮੱਛੀ ਨੂੰ ਬਿਮਾਰੀ ਵੀ ਘੱਟ ਲਗਦੀ ਹੈ ਅਤੇ ਅਮੂਰ ਕਾਰਪ ਮੱਛੀ ਦੀ ਕਿਸਮ ਸਟਾਕ ਕਰਨ ਨਾਲ ਮੱਛੀ ਦੀ ਪੈਦਾਵਾਰ ਤੇ ਆਮਦਨ ਵਿੱਚ ਵਾਧਾ ਹੋਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਪਟਿਆਲਾ ਦੇ ਸਮੂਹ ਸਟਾਫ਼ ਨੂੰ ਸਾਲ 2017-18 ਦੇ ਮਿਥੇ ਟੀਚੇ ਪ੍ਰਾਪਤ ਕਰਨ ਦੇ ਨਾਲ ਵਿਭਾਗੀ ਕੰਮਾਂ ਵਿੱਚ ਵੱਧ ਤੋ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ੍ਰੀ ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਸੁਖਵਿੰਦਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਮੁੱਖ ਦਫ਼ਤਰ ਮੋਹਾਲੀ ਸ੍ਰੀ ਅਮਰਜੀਤ ਸਿੰਘ ਬੱਲ, ਸ੍ਰੀ ਪਵਨ ਕੁਮਾਰ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਨਾਭਾ, ਗੁਰਜੀਤ ਸਿੰਘ ਫਾਰਮ ਸੁਪਰਡੈਟ, ਸ੍ਰੀ ਦਵਿੰਦਰ ਸਿੰਘ ਬੇਦੀ, ਮੱਛੀ ਪ੍ਰਸਾਰ ਅਫਸਰ, ਸ੍ਰੀ ਮਤੀ ਹਰਦੀਪ ਕੌਰ, ਸੀਨੀਅਰ ਮੱਛੀ ਪਾਲਣ ਅਫਸਰ, ਸ੍ਰੀ ਅਮਨਦੀਪ ਸਿੰਘ, ਮੱਛੀ ਪਾਲਣ ਅਫਸਰ ਅਤੇ ਜਿਲ੍ਹੇ ਦੇ ਮੱਛੀ ਪਾਲਕ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *