ਪਟਿਆਲਾ

ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਿਰੀਖਣ

ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਵਜੋਂ ਮਨਾਉਂਦਿਆਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦਵਾਈ ਦਾ ਛਿੜਕਾਉ
ਪਟਿਆਲਾ, 22 ਜੂਨ (ਮਧੂਸਾਰ ਬਿਊਰੋ) ‘ਡਰਾਈ ਡੇ’ (ਖੁਸ਼ਕ ਦਿਵਸ) ਵਜੋਂ ਮਨਾਉਂਦਿਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੱਛਰ ਦੇ ਲਾਰਵੇ ਦੀ ਪੈਦਾਇਸ਼ ਰੋਕਣ ਲਈ ਜਿੱਥੇ ਲਾਰਵੀਸਾਈਡਲ ਦਵਾਈ ਦਾ ਛਿੜਕਾਅ ਕੀਤਾ ਗਿਆ, ਉਥੇ ਹੀ ਕੰਪਲੈਕਸ ਵਿਖੇ ਲੱਗੇ ਕੂਲਰਾਂ, ਸਿੱਲ੍ਹੀਆਂ ਥਾਵਾਂ, ਪਾਣੀ ਦੀਆਂ ਟੈਂਕੀਆ ਅਤੇ ਗਮਲਿਆ ਦੇ ਹੇਠਾਂ ਰੱਖੀਆਂ ਪਲੇਟਾਂ ਵਿਚ ਖੜੇ ਪਾਣੀ ਦਾ ਨਿਰੀਖਣ ਕੀਤਾ ਗਿਆ।

ਇਸ ਬਾਰੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਿਰੀਖਣ ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀਆਂ ਹਦਾਇਤਾਂ ‘ਤੇ ਕੀਤਾ ਗਿਆ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਦੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਗੁਰਮਨਜੀਤ ਕੌਰ ਅਤੇ ਡਾ. ਗੁਰਮੀਤ ਸਿੰਘ ਦੀ ਅਗਵਾਈ ਹੇਠਲੀਆਂ ਟੀਮਾਂ ‘ਚ ਜ਼ਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ, ਸੈਨੇਟਰੀ ਇੰਸਪੈਕਟਰ ਸੰਜੀਵ ਸ਼ਰਮਾ, ਮਲਟੀਪਰਪਜ ਵਰਕਰ ਮੇਲ ਧਰਮਿੰਦਰ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਬਦਰੂ, ਵਿਜੈ ਕੁਮਾਰ ਤੇ ਇੰਸੈਕਟ ਕੁਲੈਕਟਰ ਉਪਿੰਦਰ ਸ਼ਰਮਾ ਆਦਿ ਸ਼ਾਮਲ ਸਨ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਟੀਮਾਂ ਵੱਲੋ ਪਾਣੀ ਦੀਆਂ ਟੈਂਕੀਆਂ ਕੋਲ ਅਤੇ ਹੋਰ ਸਿੱਲ ਵਾਲੀਆਂ ਥਾਂਵਾਂ ‘ਤੇ ਲਾਰਾਵਸਾਈਡਲ ਦਵਾਈ ਪਾਈ ਗਈ। ਇਸ ਤੋਂ ਬਿਨ੍ਹਾਂ ਇਥੇ ਤਾਇਨਾਤ ਕਰਮਚਾਰੀਆਂ ਨੂੰ ਡੇਂਗੂ, ਮਲੇਰੀਏ ਤੋਂ ਬਚਾਓ ਸਬੰਧੀ ਜਾਗਰੂਕ ਕਰਦੇ ਹੋਏ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਕਿ ਉਹ ਆਪਣੇ ਘਰਾਂ ਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ। ਜੇਕਰ ਕਿਤੇ ਪਾਣੀ ਖੜਾ੍ਹ ਹੋਵੇ ਤਾਂ ਉਸ ਵਿੱਚ ਕਾਲਾ ਤੇਲ ਜਾਂ ਮਿਟੀ ਦਾ ਤੇਲ ਪਾ ਦਿੱਤਾ ਜਾਵੇ ਤਾਂ ਜੋ ਕਿ ਮੱਛਰ ਪੈਦਾ ਨਾ ਹੋ ਸਕੇ ਪਰੰਤੂ ਫਿਰ ਵੀ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਨੇੜੇ ਦੀ ਸਿਹਤ ਸੰਸਥਾ ਵਿੱਚ ਖ਼ੂਨ ਦੀ ਮੁਕੰਮਲ ਜਾਂਚ ਕਰਵਾਕੇ ਡਾਕਟਰ ਪਾਸੋਂ ਹੀ ਦਵਾਈ ਲੈਣੀ ਚਾਹੀਦੀ ਹੈ।
ਇਸ ਦੌਰਾਨ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਗੁਰਮਨਜੀਤ ਕੌਰ ਨੇ ਡੇਂਗੂ ਬੁਖਾਰ ਬਾਰੇ ਦੱਸਿਆ ਕਿ ਡੇਂਗੂ ਬੁਖਾਰ ਐਡੀਜ ਅਜਪਟੀ ਨਾਂ ਦੇ ਮੱਛਰ ਨਾਲ ਕੱਟਣ ਨਾਲ ਹੁੰਦਾ ਹੈ, ਜੋ ਕਿ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਡੇਂਗ ਵਿੱਚ ਤੇਜ ਸਿਰ, ਕਮਰ ਅਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਤੇਜ ਦਰਦ ਮਹਿਸੂਸ ਹੁੰਦਾ ਹੈ ਤੇ ਤੇਜ ਬੁਖਾਰ ਹੁੰਦਾ ਹੈ। ਡੇਂਗੂ ਦੇ ਕੁੱਝ ਕੇਸਾਂ ਵਿੱਚ ਚਮੜੀ ਦੇ ਹੇਠਾਂ ਖ਼ੂਨ ਦੇ ਨਿਸ਼ਾਨ ਪੈ ਜਾਂਦੇ ਹਨ, ਜਾਂ ਪਿਸ਼ਾਬ, ਨੱਕ, ਉਲਟੀ ਰਾਂਹੀ ਖ਼ੂਨ ਆਉਣ ਲੱਗ ਪੈਦਾਂ ਹੈ। ਅਜਿਹੇ ਕੇਸ ਜਾਨਲੇਵਾ ਸਿੱਧ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਫ਼ਤੇ ਦੇ ਹਰੇਕ ਸ਼ੁਕਰਵਾਰ ਖੁਸ਼ਕ ਦਿਨ ਮਨਾ ਕੇ ਪਾਣੀ ਦੇ ਸ੍ਰੋਤਾਂ ਜਿਵੇ ਕੂਲਰਾਂ, ਫਰਿਜਾਂ ਦੀ ਕੰਪਰੈਸ਼ਰ ਟਰੇਅ, ਪੰਛੀਆਂ ਦੇ ਪੀਣ ਲਈ ਰੱਖੇ ਬਰਤਨ ਸਾਫ ਕੀਤੇ ਜਾਣ ਅਤੇ ਪਾਣੀ ਦੀਆਂ ਟੈਕੀਆਂ ਢੱਕ ਕੇ ਰੱਖੀਆਂ ਜਾਣ।

Leave a Reply

Your email address will not be published. Required fields are marked *