ਪੰਜਾਬ ਦੀ ਜਵਾਨੀ ਨੂੰ ਨਸ਼ੇ ‘ਚ ਝੋਕਣ ਵਾਲੀਆਂ ਸ਼ਕਤੀਆਂ ਦਾ ਪਰਦਾਫਾਸ਼ ਹੋਵੇ : ਸਵਰਾਜ ਘੁੰਮਣ
ਨਸ਼ਾ ਤਸਕਰ ਅਤੇ ਸਪਲਾਇਰ ਨੂੰ ਕਿਸੇ ਵੀ ਸੂਰਤ ‘ਚ ਬਖਸ਼ੇ ਨਾ ਜਾਣ
ਪਟਿਆਲਾ 30 ਜੂਨ (ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੰਗਠਨ ਦੀ ਸੂਬਾ ਪ੍ਰਧਾਨ ਸਵਰਾਜ ਘੁੰਮਣ ਨੇ ਸੂਬੇ ‘ਚ ਵੱਧ ਰਹੇ ਨਸ਼ੇ ਦੇ ਪ੍ਰਕੋਪ ਅਤੇ ਨਸ਼ੇ ਨਾਲ ਹੋ ਰਹੀਆਂ ਮੌਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ‘ਚ ਝੋਕਣ ਵਾਲੀਆਂ ਸ਼ਕਤੀਆਂ ਨੂੰ ਪੰਜਾਬ ਸਰਕਾਰ ਜਲਦ ਬੇਨਕਾਬ ਕਰੇ ਅਤੇ ਨੌਜਵਾਨਾਂ ਨੂੰ ਨਸ਼ੇ ਦੇ ਮੌਤ ‘ਚ ਸੁੱਟਣ ਵਾਲੇ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਨੂੰ ਕਿਸੇ ਵੀ ਸੂਰਤ ‘ਚ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਸਵਰਾਜ ਘੁੰਮਣ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਤੋਂ ਚੱਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਚਨਬੱਧਤਾ ਦੁਹਰਾਈ ਸੀ ਕਿ ਸੂਬੇ ‘ਚ ਨਸ਼ੇ ਦੀ ਜੜ੍ਹ ਪੁੱਟ ਦਿੱਤੀ ਜਾਵੇਗੀ, ਪਰ ਪਿਛਲੇ ਹਫਤਿਆਂ ‘ਚਂ ਦਰਜਨ ਤੋਂ ਵੱਧ ਨਸ਼ੇ ਨਾਲ ਹੋਈਆਂ ਮੌਤਾਂ ਦੇ ਹੈਰਾਨੀਜਨਕ ਖੁਲਾਸਿਆਂ ਕਾਰਨ ਸਰਕਾਰ ਅਤੇ ਪੁਲਿਸ ਵਿਭਾਗ ਦੀ ਭੂਮਿਕਾ ‘ਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇ ਪੁਲਿਸ ਅਤੇ ਰਾਜਨੀਤਕ ਲੋਕਾਂ ਦੀ ਮਿਲੀਭੁਗਤ ਬਾਰੇ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸੂਬੇ ‘ਚ ਪਾਵਨ ਸਰੂਪਾਂ ਦੀ ਬੇਅਦਬੀ, ਨਸ਼ੇ ਦਾ ਕਾਰੋਬਾਰ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾਯੋਗ ਕਦਮ ਚੁੱਕੇ, ਪਰ ਅਜਿਹੀਆਂ ਘਟਨਾਵਾਂ ਦੇ ਸਿਲਸਿਲੇ ਨੂੰ ਰੋਕਣ ਲਈ ਸਰਕਾਰ ਨੂੰ ਠੋਸ ਕਦਮ ਅਤੇ ਸਖਤ ਫੈਸਲੇ ਲੈਣੇ ਹੋਣਗੇ।
ਸਵਰਾਜ ਘੁੰਮਣ ਨੇ ਕਿਹਾ ਕਿ ਸਰਕਾਰ ਦੀਆਂ ਏਜੰਸੀਆਂ ਨੂੰ ਇਹ ਪਤਾ ਲਗਾਉਣ ਦੀ ਲੋੜ ਹੈ ਕਿ ਉਹ ਕਿਹੜੀਆਂ ਸ਼ਕਤੀਆਂ ਹਨ ਸੂਬਾ ਸਰਕਾਰਾਂ ਲਈ ਚੁਣੌਤੀ ਦੇ ਰੂਪ ‘ਚ ਖੜੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਕੇ ਅਸਥਿਰਤਾ ਵਾਲਾ ਮਾਹੌਲ ਬਣਾਉਣ ਵਾਲੀਆਂ ਸ਼ਕਤੀਆਂ ਦਾ ਪਰਦਾਫਾਸ਼ ਹੋਣਾ ਚਾਹੀਦਾ, ਜੋ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ ਵਾਲੀਆਂ ਸਰਕਾਰਾਂ ਨੂੰ ਚੱਲਣ ਹੀ ਦੇਣਾ ਨਹੀਂ ਚਾਹੁੰਦੀਆਂ।

