5 ਨਾਕਿਆਂ ‘ਤੇ 200 ਵਹੀਕਲਾਂ ਦੀ ਪੜਤਾਲ, 25 ਚਲਾਨ ਕੱਟੇ
ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਤੇ ਟ੍ਰੈਫ਼ਿਕ ਪੁਲਿਸ ਦੀ ਸਾਂਝੀ ਮਸ਼ਕ
ਪਟਿਆਲਾ, 4 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਤਰਜੀਹੀ ਪ੍ਰੋਗਰਾਮ ਤੰਦਰੁਸਤ ਪੰਜਾਬ ਤਹਿਤ ਚੌਗਿਰਦੇ ਦੀ ਸਾਂਭ-ਸੰਭਾਲ ਅਤੇ ਸਾਫ਼ ਵਾਤਾਵਰਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪਟਿਆਲਾ ਨੇ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ 5 ਨਾਕੇ ਲਾ ਕੇ ਬੱਸਾਂ ਤੇ ਟਰੱਕਾਂ ਆਦਿ ‘ਤੇ ਲਗਾਏ ਜਾਂਦੇ ਪ੍ਰੈਸ਼ਰ ਹਾਰਨ ਅਤੇ ਬੁਲੇਟ ਮੋਟਰਸਾਇਕਲਾਂ ਦੇ ਪਟਾਕੇ ਮਾਰਨ ਸਬੰਧੀਂ ਚੈਕਿੰਗ ਕੀਤੀ।
ਜਾਣਕਾਰੀ ਦਿੰਦਿਆਂ ਬੋਰਡ ਦੇ ਵਾਤਾਵਰਣ ਇੰਜੀਨੀਅਰ ਸ. ਐਸ.ਐਸ. ਮਠਾੜੂ ਨੇ ਦੱਸਿਆ ਕਿ ਇਹ ਨਾਕੇ ਪਟਿਆਲਾ, ਰਾਜਪੁਰਾ, ਪਾਤੜਾਂ, ਨਾਭਾ ਅਤੇ ਸਮਾਣਾ ‘ਚ ਲਾਏ ਗਏ ਅਤੇ ਇਸ ਦੌਰਾਨ 200 ਵਹੀਕਲਾਂ, ਜਿਨ੍ਹਾਂ ‘ਚ 15 ਬੁਲੇਟ ਮੋਟਰਸਾਇਕਲ ਵੀ ਸ਼ਾਮਲ ਸਨ, ਦੀ ਪੜਤਾਲ ਕੀਤੀ ਗਈ ਤੇ ਇਨ੍ਹਾਂ ਵਿੱਚੋਂ 25 ਦੇ ਚਲਾਨ ਵੀ ਕੱਟੇ ਗਏ।
ਇਸ ਮੌਕੇ ਸ. ਮਠਾੜੂ ਸਮੇਤ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਕਰਨੈਲ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਇਨ੍ਹਾਂ ਦੀਆਂ ਟੀਮਾਂ ਨੇ 23 ਗੱਡੀਆਂ, ਜਿਨ੍ਹਾਂ ਉਪਰ ਪ੍ਰੈਸ਼ਰ ਹਾਰਨ ਲਗਾਏ ਗਏ ਸਨ, ਦੇ ਚਲਾਨ ਕੱਟੇ ਅਤੇ ਪ੍ਰੈਸ਼ਰ ਹਾਰਨ ਉਤਰਵਾਏ ਜਦੋਂਕਿ ਪਟਾਕੇ ਮਾਰਨ ਵਾਲੇ ਸਾਇਲੈਂਸਰ ਲੱਗੇ 2 ਬੁਲੇਟ ਮੋਟਰਸਾਇਕਲਾਂ ਦੇ ਚਲਾਨ ਕੱਟੇ ਗਏ।
ਇਸ ਦੌਰਾਨ ਟ੍ਰੈਫਿਕ ਪੁਲਿਸ ਅਤੇ ਪੀ.ਪੀ.ਸੀ.ਬੀ. ਟੀਮਾਂ ਵੱਲੋਂ ਗੱਡੀਆਂ ਦੇ ਚਾਲਕਾਂ ਨੂੰ ਜਾਣੂ ਕਰਵਾਇਆ ਗਿਆ ਕਿ ਪੰਜਾਬ ਸਰਕਾਰ ਨੇ ਪ੍ਰੈਸ਼ਰ ਹਾਰਨਾਂ ਅਤੇ ਬੁਲੇਟ ਮੋਟਰਸਾਇਕਲਾਂ ਦੇ ਪਟਾਕਿਆਂ ‘ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਲਈ ਇਨ੍ਹਾਂ ਦੀ ਵਰਤੋਂ ਕਰਨੀ ਗ਼ੈਰਕਾਨੂੰਨੀ ਹੈ, ਕਿਉਂਕਿ ਇਸਦੇ ਮਨੁੱਖੀ ਸਿਹਤ ਉਪਰ ਬਹੁਤ ਮਾੜੇ ਪ੍ਰਭਾਵ ਪੈਂਦੇ ਹਨ ਤੇ ਆਵਾਜ਼ ਪ੍ਰਦੂਸ਼ਣ ਨਾਲ ਵਾਤਾਵਰਣ ਵੀ ਗੰਧਲਾ ਹੁੰਦਾ ਹੈ।

