ਸ਼ਾਹੀ ਸ਼ਹਿਰ ‘ਚ ਬਣੇਗਾ ਨਵਾਂ 66 ਕੇ. ਵੀ. ਗਰਿੱਡ
ਸਰਕਾਰ ਨੇ ਸਨੌਰੀ ਅੱਡੇ ਨੇੜੇ ਗਰਿੱਡ ਲਈ 3 ਵਿੱਘੇ ਪਾਵਰਕਾਮ ਨੂੰ ਕੀਤੀ ਤਬਦੀਲ
ਪਟਿਆਲਾ, 4 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜਿਥੇ ਸੀ. ਐਮ. ਦੇ ਸ਼ਹਿਰ ਵਿਖੇ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਪਈ ਹੈ, ਉਥੇ ਹੀ ਹੁਣ ਸ਼ਹਿਰ ਨੂੰ ਬਿਜਲੀ ਕੱਟਾਂ ਤੋਂ ਮੁਕਤ ਕਰਨ ਲਈ ਕਈ ਨਵੇਂ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ, ਜਿਸ ਦੇ ਤਹਿਤ ਹੀ ਨਵਾਂ 66 ਕੇ. ਵੀ. ਗਰਿੱਡ ਬਣਾਉਣ ਲਈ ਜ਼ਮੀਨ ਪਾਵਰਕਾਮ ਨੂੰ ਟਰਾਂਸਫਰ ਕਰ ਦਿੱਤੀ ਹੈ।
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਅੰਦਰੂਨੀ ਸ਼ਹਿਰ ਵਿਚ ਬਿਜਲੀ ਕੱਟਾਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਜ਼ਮੀਨ ਦੀ ਪਹਿਚਾਣ ਕਰਕੇ ਮਹਾਰਾਣੀ ਪ੍ਰਨੀਤ ਕੌਰ ਨਾਲ ਇਸ ਬਾਰੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਪ੍ਰਨੀਤ ਕੌਰ ਨੇ ਪਾਵਰਕਾਮ ਦੇ ਚੀਫ ਇੰਜੀਨੀਅਰ ਸਾਊਥ ਇੰਜ. ਡੀ. ਪੀ. ਐਸ. ਗਰੇਵਾਲ ਦੀ ਡਿਊਟੀ ਲਾਈ ਸੀ। ਚੀਫ ਇੰਜੀਨੀਅਰ ਨੇ ਨਵਾਂ ਗਰਿੱਡ ਬਣਾਉਣ ਲਈ ਪ੍ਰੋਜੈਕਟ ਤਿਆਰ ਕਰਕੇ ਪ੍ਰਨੀਤ ਕੌਰ ਨੂੰ ਦਿੱਤਾ, ਜਿਸ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ ਇਹ ਪ੍ਰੋਜੈਕਟ ਚੰਡੀਗੜ੍ਹ ਸੀ. ਐਮ. ਰੈਜ਼ੀਡੈਂਸ ਵਿਖੇ ਬੈਠ ਕੇ ਅਫਸਰਾਂ ਨੂੰ ਮੌਕੇ ‘ਤੇ ਬੁਲਾ ਕੇ ਪਾਸ ਕਰਵਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਮੇਅਰ ਸੰਜੀਵ ਸ਼ਰਮਾ ਬਿੱਟੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਨੌਰੀ ਅੱਡਾ ਦੇ ਨੇੜੇ ਤਿਆਗੀ ਜੀ ਦੇ ਮੰਦਰ ਦੇ ਬਿਲਕੁਲ ਸਾਹਮਣੇ ਪਸ਼ੂ ਪਾਲਣ ਵਿਭਾਗ ਦੀ ਜ਼ਮੀਨ ਪਈ ਸੀ, ਜਿਸ ‘ਤੇ ਨਜਾਇਜ਼ ਕਬਜ਼ੇ ਹੋਣ ਦਾ ਖਤਰਾ ਮੰਡਰਾ ਰਿਹਾ ਸੀ। ਮੇਅਰ ਬਿੱਟੂ ਨੇ ਇਸ ਬਾਰੇ ਪ੍ਰਨੀਤ ਕੌਰ ਨੂੰ ਦੱਸਿਆ ਅਤੇ ਬਿੱਟੂ ਨੇ ਖੁੱਦ ਇਸ ਜ਼ਮੀਨ ਦੇ ਕਾਗਜ਼ ਕਢਵਾ ਕੇ ਪ੍ਰਨੀਤ ਕੌਰ ਦਿੱਤੇ ਅਤੇ ਉਨ੍ਹਾਂ ਇਹ ਜ਼ਮੀਨ ਨਵੇਂ ਗਰਿੱਡ ਲਈ ਪਾਵਰਕਾਮ ਨੂੰ ਦੇਣ ਲਈ ਫਾਈਲ ਤਿਆਰ ਕਰਵਾਈ। ਪ੍ਰਨੀਤ ਕੌਰ ਅਤੇ ਬਿੱਟੂ ਨੇ ਚੰਡੀਗੜ੍ਹ ਵਿਚ ਬੈਠ ਕੇ ਮੌਕੇ ‘ਤੇ ਹੀ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਰੈਵੀਨਿਊ ਮੰਤਰੀ ਸਮੇਤ ਹੋਰ ਅਧਿਕਾਰੀਆਂ ਨੂੰ ਬੁਲਾ ਕੇ ਇਹ ਜ਼ਮੀਨ ਪਾਵਰਕਾਮ ਦੇ ਨਾਮ ਟਰਾਂਸਫਰ ਕਰ ਦਿੱਤੀ। ਮੌਕੇ ‘ਤੇ ਹੀ ਇਸ ਦੀ ਫੈਕਸ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭੇਜ ਦਿੱਤੀ ਅਤੇ ਪਟਿਆਲਾ ਮਾਲ ਵਿਭਾਗ ਨੇ ਇਸ ਦਾ ਇੰਤਕਾਲ ਪਾਵਰਕਾਮ ਦੇ ਨਾਂ ਚੜ੍ਹਾ ਦਿੱਤਾ।
ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ 20 ਸਾਲ ਬਾਅਦ ਪਟਿਆਲਾ ਸ਼ਹਿਰ ਵਿਚ ਕੋਈ ਨਵਾਂ ਗਰਿੱਡ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਸ਼ਹਿਰਾਂ ਨਾਲੋਂ ਪਟਿਆਲਾ ਸ਼ਹਿਰ ਵਿਚ ਗਰਿੱਡ ਕਾਫੀ ਘੱਟ ਹਨ, ਜਿਸ ਕਰਕੇ ਸਾਰੇ ਫੀਡਰ ਓਵਰਲੋਡ ਰਹਿੰਦੇ ਹਨ। ਸ਼ਹਿਰ ਦੀ ਆਬਾਦੀ ਕਾਫੀ ਵੱਧ ਗਈ ਹੈ, ਜਿਸ ਕਾਰਨ ਨਵੇਂ ਗਰਿੱਡ ਬਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਮੇਅਰ ਬਿੱਟੂ ਨੇ ਕਿਹਾ ਕਿ ਜਿਥੇ ਸਰਕਾਰ ਨੇ ਪਾਵਰਕਾਮ ਨੂੰ ਮੁਫਤ ਜ਼ਮੀਨ ਦਿੱਤੀ ਹੈ, ਉਥੇ ਹੀ ਇਸ ਗਰਿੱਡ ‘ਤੇ 6 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜਲਦੀ ਹੀ ਮਹਾਰਾਣੀ ਪ੍ਰਨੀਤ ਕੌਰ ਇਸ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਅਤੇ ਸਬੰਧਤ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾ ਕੇ ਇਸ ਅਹਿਮ ਪ੍ਰੋਜੈਕਟ ਨੂੰ ਪਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਸ਼ਹਿਰ ਦੇ ਵਿਕਾਸ ਲਈ ਬੇਹੱਦ ਚਿੰਤਤ ਹਨ ਅਤੇ ਉਹ ਦਿਨ ਰਾਤ ਪਟਿਆਲਾ ਲਈ ਵਿਕਾਸ ਯੋਜਨਾਵਾਂ ਬਾਰੇ ਸੋਚਦੇ ਰਹਿੰਦੇ ਹਨ। ਜਿਥੇ ਉਨ੍ਹਾਂ ਮੁੱਖ ਮੰਤਰੀ ਤੋਂ 1 ਹਜ਼ਾਰ ਕਰੋੜ ਦੇ ਵਿਕਾਸ ਪ੍ਰੋਜੈਕਟ ਪਾਸ ਕਰਵਾਏ, ਉਥੇ ਹੀ ਹੁਣ 66 ਕੇ. ਵੀ. ਨਵਾਂ ਗਰਿੱਡ ਪਾਸ ਕਰਵਾ ਦਿੱਤਾ ਹੈ। ਬਿੱਟੂ ਨੇ ਕਿਹਾ ਕਿ 10 ਸਾਲ ਅਕਾਲੀ ਸਰਕਾਰ ਨੇ ਪਟਿਆਲਾ ਨੂੰ ਬਿਜਲੀ ਕੱਟਾਂ ਤੋਂ ਮੁਕਤ ਕਰਨ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਅਤੇ ਹੁਣ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵਿਕਾਸ ਗੰਗਾ ਸ਼ੁਰੂ ਹੋਈ ਹੈ।
ਮੇਅਰ ਬਿੱਟੂ ਨੇ ਦੱਸਿਆ ਕਿ ਨਵਾਂ 66 ਕੇ. ਵੀ. ਗਰਿੱਡ ਬਣਨ ਦਾ ਸਭ ਤੋਂ ਜ਼ਿਆਦਾ ਫਾਇਦਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਵਿਧਾਨ ਸਭਾ ਖੇਤਰ ਵਿਚ ਪੈਂਦੇ ਪੁਰਾਣੇ ਪਟਿਆਲਾ ਸ਼ਹਿਰ ਨੂੰ ਹੋਵੇਗਾ। ਮੌਜੂਦਾ ਸਮੇਂ ਪੁਰਾਣੇ ਸ਼ਹਿਰ ਵਿਚ ਬੱਸ ਸਟੈਂਡ ਨੇੜੇ ਬਣੇ ਗਰਿੱਡ ਤੋਂ ਬਿਜਲੀ ਸਪਲਾਈ ਆਉਂਦੀ ਹੈ। ਇਹ ਗਰਿੱਡ ਸ਼ਹਿਰ ਦੇ ਵੱਡੇ ਹਿੱਸੇ ਨੂੰ ਕਵਰ ਕਰਦਾ ਹੈ, ਜਿਸ ਕਰਕੇ ਇਸ ਦੇ ਤਿੰਨੋ ਫੀਡਰ ਹਮੇਸ਼ਾ ਹੀ ਓਵਰਲੋਡ ਰਹਿੰਦੇ ਹਨ। ਇਸ ਲੋਡ ਨੂੰ ਘਟਾਉਣ ਲਈ ਸਨੌਰੀ ਅੱਡਾ ਨੇੜੇ ਇਹ ਗਰਿੱਡ ਬਣਾਇਆ ਜਾ ਰਿਹਾ ਹੈ। ਇਸ ਗਰਿੱਡ ਦੇ ਨਾਲ ਪਟਿਆਲਾ ਸ਼ਹਿਰ ਦੇ ਵਾਰਡ ਨੰ. 31, 32, 34, 39, 40, 41, 42, 43, 44, 45 ਨੂੰ ਫਾਇਦਾ ਹੋਵੇਗਾ ਅਤੇ ਇਹ ਇਲਾਕੇ ਬਿਜਲੀ ਕੱਟਾਂ ਤੋਂ ਮੁਕਤ ਹੋ ਜਾਣਗੇ।

