ਪਟਿਆਲਾ

ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਸਬੰਧੀਂ ਸਿਹਤ ਤੇ ਸਥਾਨਕ ਸਰਕਾਰਾਂ ਵਿਭਾਗ ਦੀ ਸਾਂਝੀ ਵਰਕਸ਼ਾਪ

ਸਥਾਨਕ ਸਰਕਾਰਾਂ ਦੇ ਅਧਿਕਾਰੀ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਡੇਂਗੂ ਵਿਰੋਧੀ ਗਤੀਵਿਧੀਆਂ ਹੋਰ ਤੇਜ਼ ਕਰਨ ਦੇ ਨਿਰਦੇਸ਼
ਪਟਿਆਲਾ 5 ਜੁਲਾਈ (ਮਧੂਸਾਰ ਬਿਊਰੋ) ਬਰਸਾਤਾਂ ਦੇ ਮੌਸਮ ਦੌਰਾਨ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਆਦਿ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਕ ਸਾਂਝੀ ਵਰਕਸ਼ਾਪ ਅੱਜ ਇਥੇ ਨਗਰ ਨਿਗਮ ਵਿਖੇ ਲਗਾਈ ਗਈ। ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਅੱਜ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਈ ਗਈ ਇਸ ਵਰਕਸ਼ਾਪ ਸਿਹਤ ਵਿਭਾਗ ਦੇ ਸੂਬਾ ਪ੍ਰੋਗਰਾਮ ਅਫ਼ਸਰ ਡਾ. ਗਗਨਦੀਪ ਸਿੰਘ ਗਰੋਵਰ ਨੇ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਸਬੰਧੀ ਜਾਣਕਾਰੀ ਦਿੱਤੀ।

ਡਾ. ਗਰੋਵਰ ਨੇ ਸਿਹਤ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਬਰਸਾਤਾਂ ਦਾ ਮੌਸਮ ਸ਼ੁਰੁ ਹੋਣ ਕਰਕੇ ਮੱਛਰਾਂ ਦੀ ਪੈਦਾਇਸ਼ ਹੋਣ ਦਾ ਖਤਰਾ ਵੱਧ ਗਿਆ ਹੈ ਇਸ ਲਈ ਸਿਹਤ ਵਿਭਾਗ ਤੇ ਲੋਕਲ ਬਾਡੀਜ਼ ਨੂੰ ਸਾਂਝੀਆਂ ਟੀਮਾਂ ਬਣਾ ਕੇ ਮੱਛਰਾਂ ਦੀ ਪੈਦਾਇਸ਼ ਰੋਕਣ ਸਬੰਧੀ ਚੱਲ ਰਹੀਆਂ ਗਤੀਵਿਧੀਆਂ ਨੂੰ ਜੰਗੀ ਪੱਧਰ ‘ਤੇ ਕੀਤਾ ਜਾਵੇ।
ਡਾ. ਗਰੋਵਰ ਨੇ ਕਿਹਾ ਕਿ ਪਟਿਆਲਾ ਜਿਲ੍ਹੇ ‘ਚ ਪਿਛਲੇ ਸਾਲ 2434 ਡੇਂਗੂ ਦੇ ਕੇਸ ਰਿਪੋਰਟ ਹੋਏ ਸਨ, ਇਸ ਲਈ ਡੇਂਗੂ ਸੰਭਾਵਤ ਇਲਾਕੇ ‘ਚ ਖੜ੍ਹੇ ਪਾਣੀ ਦੇ ਸਰੋਤਾਂ ਵਿੱਚ ਲਾਰਵੀਸਾਈਡ ਦਵਾਈਆਂ ਦਾ ਛਿੜਕਾਓ ਕਰਕੇ ਫੋਗਿੰਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁਫ਼ਤ ਡੇਂਗੂ ਟੈਸਟ ਲਈ 33 ਐਸ.ਐਸ.ਐਚ ਲੈਬ ਚੱਲ ਰਹੀਆਂ ਹਨ ਅਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਵਾਰਡ ਬਨਾਏ ਗਏ ਹਨ ਜਿੱਥੇ ਡੇਂਗੂ ਦੇ ਮਰੀਜਾਂ ਨੂੰ ਮੱਛਰਦਾਨੀ ਵਿੱਚ ਰੱਖ ਕੇ ਮੁਫ਼ਤ ਇਲਾਜ਼ ਕੀਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਡੇਂਗੂ ਫਰੀ ਪੰਜਾਬ ਐਪ ਵੀ ਜਾਰੀ ਕੀਤੀ ਹੈ, ਜਿਸ ਨੂੰ ਮੁਫ਼ਤ ਡਾਊਲਲੋਡ ਕਰਕੇ ਡੇਂਗੂ ਸਬੰਧੀ ਕਿਸੇ ਕਿਸਮ ਦੀ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਆਮ ਤੌਰ ਤੇ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਹੁੰਦਾ ਹੈ ਇਸ ਲਈ ਹਰ ਸ਼ੁੱਕਰਵਾਰ ਆਪਣੇ ਘਰਾਂ ਵਿੱਚ ਕੂਲਰਾਂ, ਫਰਿੱਜਾਂ ਦੀ ਬੈਕ ਟਰੇਅ ਅਤੇ ਖੜ੍ਹੇ ਪਾਣੀ ਦੇ ਸਰੋਤਾਂ ਨੂੰ ਖਾਲੀ ਕਰਕੇ ਸੁਕਾਇਆ ਜਾਵੇ ਤਾਂ ਜ਼ੋ ਮੱਛਰ ਦੀ ਪੈਦਾਇਸ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਨਿਗਮ ਦੇ ਜੁਆਇੰਟ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਨਗਰ ਨਿਗਮ ਅਤੇ ਕਮੇਟੀ ਦੇ ਨੁਮਾਇੰਦਿਆਂ, ਐਸ.ਆਈ ਤੇ ਈ.ਓਜ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਐਂਟੀ ਡੇਂਗੂ ਗਤੀਵਿਧੀਆਂ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਡਾ. ਮਲਹੋਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈ ਹਨ। ਇਸ ਮੌਕੇ ਜਿਲ੍ਹਾ ਐਪੀਡੈਮੋਲੋਜਿਸਟ ਡਾ. ਗੁਰਮਨਜੀਤ ਕੌਰ ਅਤੇ ਡਾ. ਗੁਰਮੀਤ ਸਿੰਘ, ਐਮ.ਓ.ਐਚ ਡਾ. ਸੁਦੇਸ਼ ਅਤੇ ਚੀਫ ਐਸ.ਆਈ ਹਾਜ਼ਰ ਸਨ।

Leave a Reply

Your email address will not be published. Required fields are marked *