ਪੰਜਾਬਪਟਿਆਲਾ

ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਅਰੰਭ

ਪਟਿਆਲਾ 4 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਗਈ, ਜਿਨਾਂ ਦੇ ਭੋਗ ਗੁਰਦੁਆਰਾ ਸਾਹਿਬ ਦੇ ਦੀਵਾਨ ਵਿਖੇ 6 ਜੂਨ ਸਵੇਰੇ 10.30 ਵਜੇ ਪਾਏ ਜਾਣਗੇ। ਅਰਦਾਸ ਉਪਰੰਤ ਪਾਵਨ ਹੁਕਮਨਾਮਾ ਭਾਈ ਗੁਲਵਿੰਦਰ ਸਿੰਘ ਵੱਲੋ ਲਿਆ। ਇਸ ਮੌਕੇ ਮੈਨੇਜਰ ਸਤਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ ਕਿ ਜੂਨ 1984 ਨੂੰ ਘੱਲੂਘਾਰਾ ਦਿਵਸ ਦੀ 39ਵੀਂ ਵਰੇਗੰਢ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਧਾਰਮਕ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੂਨ 1984 ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ’ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਵੱਡਾ ਨੁਕਸਾਨ ਕੌਮ ਦਾ ਹੋਇਆ ਅਤੇ ਅੱਜ ਵੀ ਮਨਾਂ ਅੰਦਰ ਇਹ ਜ਼ਖ਼ਮ ਅੱਲੇ ਪਏ ਹਨ।

ਇਸ ਹਮਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਅਨੇਕਾਂ ਹੀ ਸਿੰਘਾਂ, ਸਿੰਘਣੀਆਂ ਨੂੰ ਸ਼ਹੀਦ ਕੀਤਾ ਗਿਆ, ਜਿਨਾਂ ਨੂੰ ਧਾਰਮਕ ਸਮਾਗਮ ਦੌਰਾਨ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਖੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਅਤੇ ਹਜੂਰੀ ਰਾਗੀ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਸਤਿੰਦਰ ਸਿੰਘ ਬਾਜਵਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸਾਬਕਾ ਚੇਅਰਮੈਨ ਇੰਦਰ ਮੋਹਨ ਬਜਾਜ ਅਤੇ ਸਾਬਕਾ ਮੇਅਰ ਅਮਰਿੰਦਰ ਬਜਾਜ, ਸਾਬਕਾ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਸਟਾਫ ਮੈਂਬਰ ਆਦਿ ਸ਼ਾਮਲ ਸਨ।

ਪੂਰਨਮਾਸ਼ੀ ਦੇ ਦਿਹਾੜੇ ਮੌਕੇ 98 ਪ੍ਰਾਣੀਆਂ ਨੇ ਲਈ ਅੰਮਿ੍ਰਤ ਦੀ ਦਾਤ

ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਪੂਰਨਮਾਸ਼ੀ ਦੇ ਦਿਹਾੜੇ ’ਤੇ ਅੰਮਿ੍ਰਤ ਸੰਚਾਰ ਕਰਵਾਇਆ ਗਿਆ। ਪੰਜ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲਿਆਂ ’ਚ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਨੌਜਵਾਨ ਆਦਿ ਸ਼ਾਮਲ ਸਨ। ਇਸ ਮੌਕੇ ਅੰਮਿ੍ਰਤ ਦੀ ਦਾਤ ਹਾਸਲ ਕਰਨ ਵਾਲੇ 98 ਪ੍ਰਾਣੀਆਂ ਨੂੰ ਨਾਮ ਸਿਮਰਨ, ਰਹਿਤ ਅਨੁਸਾਰ ਜੀਵਨ ਬਤੀਤ ਕੀਤੇ ਜਾਣ ਦੀ ਪ੍ਰੇਰਨਾ ਪੰਜ ਪਿਆਰਿਆਂ ਨੇ ਦਿੱਤੀ।

Leave a Reply

Your email address will not be published. Required fields are marked *