ਵੱਧਦੀ ਆਬਾਦੀ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ ਜਾਗਰੂਕਤਾ ਲਈ ਮਨਾਇਆ ਵਿਸ਼ਵ ਅਬਾਦੀ ਦਿਵਸ
ਪਰਿਵਾਰ ਸੀਮਤ ਰੱਖਣ ਲਈ ਸਿਹਤ ਵਿਭਾਗ ਮੁਫ਼ਤ ਦਿੰਦਾ ਹੈ ਸੇਵਾਵਾਂ-ਸਹਾਇਕ ਸਿਵਲ ਸਰਜਨ
ਸਿਹਤਮੰਦ ਸਮਾਜ ਲਈ ਅਬਾਦੀ ਦਾ ਸਥਿਰ ਹੋਣਾ ਬਹੁਤ ਜਰੂਰੀ-ਡਾ. ਸ਼ੈਲੀ ਜੇਤਲੀ
ਪਟਿਆਲਾ 11 ਜੁਲਾਈ (ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਜਿਲ੍ਹਾ ਸਿਹਤ ਵਿਭਾਗ ਨੇ ‘ਪਰਿਵਾਰ ਨਿਯੋਜਨ ਮਾਨਵ ਅਧਿਕਾਰ ਹੈ’ ਦੇ ਵਿਸ਼ੇ ਤਹਿਤ ਜ਼ਿਲ੍ਹਾ ਪੱਧਰੀ ਵਿਸ਼ਵ ਆਬਾਦੀ ਦਿਵਸ ਇਥੇ ਸਰਕਾਰੀ ਮਾਤਾ ਕੌਸ਼ੱਲਿਆ ਹਸਪਤਾਲ ਵਿਖੇ ਮਨਾਇਆ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨੇ ਕਿਹਾ ਕਿ ਵਧਦੀ ਆਬਾਦੀ ਇਕ ਅਹਿਮ ਮਸਲਾ ਹੈ, ਜੋ ਦੇਸ਼ ਦੇ ਵਿਕਾਸ ਨੂੰ ਪ੍ਰਭਾਵਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਕ ਸਿਹਤਮੰਦ ਸਮਾਜ ਦੇ ਲਈ ਆਬਾਦੀ ਦਾ ਸਥਿਰ ਹੋਣਾ ਬਹੁਤ ਜਰੂਰੀ ਹੈ ਤੇ ਜਿਨੀ ਤੇਜੀ ਨਾਲ ਸਾਡੀ ਆਬਾਦੀ ਵਧੇਗੀ ਉਨ੍ਹੇ ਹੀ ਸਾਡੇ ਕੁਦਰਤੀ ਸੋਮੇ ਘੱਟਦੇ ਜਾਣਗੇ ਤੇ ਸਾਨੂੰ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ।
ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਸਿਹਤ ਵਿਭਾਗ ਵਲੋ ਪਰਿਵਾਰ ਸੀਮਤ ਰੱਖਣ ਸਬੰਧੀ ਸਾਰੀਆਂ ਸਿਹਤ ਸੇਵਾਵਾਂ ਮੁਫਤ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਬਾਦੀ ਦੀ ਰਫ਼ਤਾਰ ਜੇਕਰ ਇਸੇ ਤਰੀਕੇ ਨਾਲ ਵਧਦੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਸਾਨੂੰ ਰਹਿਣ ਲਈ ਥਾਂ ਦੀ ਥੁੜ ਮਹਿਸੂਸ ਹੋਵੇਗੀ ਅਤੇ ਖਾਣ ਲਈ ਖੁਰਾਕ ਵਿਚ ਵੀ ਕਮੀ ਆਵੇਗੀ ਤੇ ਆਉਣ ਵਾਲੀ ਪੀੜ੍ਹੀ ਵੀ ਇਸ ਵਧਦੀ ਸਮੱਸਿਆ ਨਾਲ ਕੁਪੋਸ਼ਨ ਦਾ ਸ਼ਿਕਾਰ ਹੋਵੇਗੀ।
ਮਾਤਾ ਕੌਸ਼ੱਲਿਆ ਹਸਪਤਾਲ ਦੇ ਐਸ.ਐਮ.ਓ. ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਜਿਥੇ ਪਰਿਵਾਰ ਨਿਯੋਜਨ ਲਈ ਚੀਰਾ ਰਹਿਤ ਨਸਬੰਦੀ ਅਤੇ ਔਰਤਾਂ ਲਈ ਨਲਬੰਦੀ ਦੇ ਆਪ੍ਰੇਸ਼ਨ ਕੀਤੇ ਜਾਂਦੇ ਹਨ ਉਥੇ ਹੁਣ ਜਣੇਪੇ ਤੋਂ 48 ਘੰਟੇ ਦੇ ਅੰਦਰ-ਅੰਦਰ ਕਾਪਰਟੀ ਲਗਾਉਣ ਦੀ ਵਿਵਸਥਾ ਹੈ, ਜੋ 10 ਸਾਲ ਤੱਕ ਗਰਭ ਨਿਰੋਧਕ ਵੱਜੋ ਕੰਮ ਕਰਦੀ ਹੈ। ਇਸ ਤੋਂ ਇਲਾਵਾ ਬੱਚਿਆਂ ਵਿੱਚ ਅੰਤਰ ਰੱਖਣ ਲਈ ਅੰਤਰਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਜਿ ਤਹਿਤ ਇੱਕ ਟੀਕਾ ਲਗਵਾ ਕੇ 3 ਮਹੀਨੇ ਤੱਕ ਗਰਭ ਧਾਰਨ ਨੂੰ ਰੋਕਦਾ ਹੈ। ਇਹ ਟੀਕਾ 3 ਮਹੀਨੇ ਬਾਅਦ ਫਿਰ ਦੁਬਾਰਾ ਲਗਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਵਿੱਚ ਵਕਫਾ ਪਾਉਣ ਲਈ ਔਰਤ ਆਪਣੀ ਇੱਛਾ ਅਨੁਸਾਰ ਛਾਇਆ ਗਰਭ ਰੋਕੂ ਗੋਲੀਆਂ ਵੀ ਲੈ ਸਕਦੀ ਹੈ।
ਕੌਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰੇਨੂੰ ਅਗਰਵਾਲ ਨੇ ਦੱਸਿਆ ਕਿ ਮਰਦ ਵੱਲੋਂ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਅਪਣਾਉਣ ‘ਤੇ 1100 ਰੁਪਏ, ਅਨੁਸੂਚਿਤ ਜਾਤੀ ਤੇ ਗਰੀਬੀ ਰੇਖਾ ਤੋਂ ਹੇਠਾਂ ਦੇ ਪਰਿਵਾਰ ਦੀਆਂ ਔਰਤਾਂ ਦੇ ਆਪ੍ਰੇਸ਼ਨ ਕਰਵਾਉਣ ‘ਤੇ 600 ਰੁਪਏ ਅਤੇ ਜਨਰਲ ਵਰਗ ਨਾਲ ਸਬੰਧਤ ਔਰਤਾਂ ਨੂੰ 250 ਰੁਪਏ ਦੀ ਰਾਸ਼ੀ ਸਿਹਤ ਵਿਭਾਗ ਵੱਲੋਂ ਦਿਤੀ ਜਾਂਦੀ ਹੈ। ਇਸ ਮੌਕੇ ਡਾ. ਤਨਵੀ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ, ਡਿਪਟੀ ਐਮ.ਈ.ਆਈ.ਓ ਭਾਗ ਸਿੰਘ, ਜਸਜੀਤ ਕੌਰ, ਕੁਲਵੀਰ ਕੌਰ, ਜ਼ਿਲ੍ਹਾ ਬੀ.ਸੀ.ਸੀ ਫੈਸੀਲੀਟੇਟਰ ਅਮਰਜੀਤ ਸਿੰਘ, ਏ.ਐਨ.ਐਮ ਬਲਵੀਰ ਕੌਰ ਤੇ ਰਣਧੀਰ ਕੌਰ ਸਮੇਤ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਹਾਜ਼ਰ ਸਨ।

