ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਠੇਕਾ ਮੁਲਾਜਮਾ ਨੇ 11 ਦਿਨਾਂ ਬਾਅਦ ਚੁੱਕਿਆ ਧਰਨਾ

ਡੇਲੀ ਵੇਜਿਜ ‘ਤੇ ਕਰਨ ਦੀ ਮੰਗ ਲਈ ਯੂਨੀਵਰਸਿਟੀ ਅਥਾਰਿਟੀ ਨੇ ਮੰਗਿਆ 1 ਮਹੀਨੇ ਦਾ ਸਮਾਂ
ਕਰਮਚਾਰੀਆਂ ਦੀ ਤਨਖਾਹ ਵਿਚ 1 ਹਜਾਰ ਦੇ ਵਾਧੇ ਸਮੇਤ ਕਈ ਹੋਰ ਮੰਗਾਂ ਪ੍ਰਵਾਨ
ਪਟਿਆਲਾ 15 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਠੇਕਾ ਸਿਸਟਮ ਤਹਿਤ ਕੰਮ ਕਰ ਰਹੇ 600 ਦੇ ਲਗਭਗ ਸਫਾਈ ਸੇਵਕਾਂ, ਸੇਵਾਦਾਰਾਂ ਅਤੇ ਸੁਰੱਖਿਆ ਮੁਲਾਜਮਾ ਵਲੋਂ ਆਪਣੀਆਂ ਸੇਵਾਵਾਂ ਡੇਲੀਵੇਜਿਜ ‘ਤੇ ਕਰਵਾਉਣ ਲਈ 4 ਜੁਲਾਈ ਤੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਅਤੇ ਭੁੱਖ ਹੜਤਾਲ ਐਤਵਾਰ 11 ਦਿਨਾਂ ਬਾਅਦ ਯੂਨੀਵਰਸਿਟੀ ਪ੍ਰਸ਼ਾਸ਼ਨ ਅਤੇ ਕਰਮਚਾਰੀਆਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ ਖਤਮ ਕੀਤੀ ਗਈ।

ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵਲੋਂ ਇੰਨਾਂ ਕਰਮਚਾਰੀਆਂ ਦੇ ਹੱਕ ਵਿਚ ਰੱਖੀ ਗਈ 25 ਘੰਟੇ ਦੀ ਭੁੱਖ ਹੜਤਾਲ ਨੇ ਰੋਸ ਧਰਨੇ ਨੂੰ ਪੂਰੀ ਤਰਾਂ ਭਖਾ ਦਿੱਤਾ ਸੀ। ਜਿਸ ਕਾਰਣ ਪੰਜਾਬ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਹਮਾਇਤ ਧਰਨਾਕਾਰੀਆਂ ਨੂੰ ਮਿਲਣੀ ਸ਼ੁਰੂ ਹੋ ਗਈ। ਸ਼ਨੀਵਾਰ 14 ਜੁਲਾਈ ਨੂੰ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਠੇਕਾ ਸਿਸਟਮ ਮੁਲਾਜਮਾ ਦੀ ਕਮੇਟੀ ਦੇ ਆਗੂਆਂ ਜਤਿੰਦਰ ਧਾਲੀਵਾਲ, ਸੰਦੀਪ ਕੁਮਾਰ, ਰਾਜੇਸ਼ ਕੁਮਾਰ, ਇਕਬਾਲ ਮੀਰ, ਅਜੈ ਅਰੋੜਾ, ਅਰਵਿੰਦਰ ਸਿੰਘ, ਅੰਗਰੇਜ ਸਿੰਘ ਆਦਿ ਦੀ ਮੀਟਿੰਗ ਵਾਈਸ ਚਾਂਸਲਰ ਡਾ. ਬੀ.ਐਸ.ਘੁੰਮਣ ਅਤੇ ਪੂਰੀ ਅਥਾਰਿਟੀ ਨਾਲ ਕਰਵਾਈ ਗਈ। ਜਿਸ ਵਿਚ ਕਮੇਟੀ ਆਗੂਆਂ ਵਲੋਂ ਸਮਝੌਤੇ ਲਈ ਰੱਖੀਆਂ ਮੰਗਾਂ ‘ਤੇ ਯੂਨੀਵਰਸਿਟੀ ਅਥਾਰਿਟੀ ਨੇ ਵਿਚਾਰ ਵਟਾਂਦਰਾ ਕੀਤਾ ਅਤੇ ਰਾਤ 9.30 ਵਜੇ ਤੱਕ ਚੱਲੀ ਇਸ ਮੀਟਿੰਗ ਵਿਚ ਕਰਮਚਾਰੀਆਂ ਦੀਆਂ ਜਿਆਦਾਤਰ ਮੰਗਾਂ ‘ਤੇ ਸਹਿਮਤੀ ਹੋ ਗਈ ਸੀ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਸੀ ਕਿ ਠੇਕਾ ਕਰਮਚਾਰੀਆਂ ਦੀ ਤਨਖਾਹ ਵਿਚ ਉੱਕਾ ਪੁੱਕਾ 1 ਹਜਾਰ ਰੁਪਏ ਦਾ ਵਾਧਾ ਕੀਤਾ ਜਾਵੇਗਾ ਜੋ ਬਿਨਾਂ ਕਿਸੇ ਕਟੌਤੀ ਤੋਂ ਕਰਮਚਾਰੀਆਂ ਦੇ ਖਾਤੇ ਵਿਚ ਸਿੱਧੀ ਜਾਵੇਗੀ, 5 ਸਾਲ ਠੇਕਾ ਸਿਸਟਮ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਡੇਲੀਵੇਜਿਜ ‘ਤੇ ਕਰਨ ਲਈ 1 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸਿੰਡੀਗੇਟ ਬੁਲਾਈ ਜਾਵੇਗੀ ਜਿਸ ਵਿਚ ਯੂਨੀਵਰਸਿਟੀ ਅਥਾਰਿਟੀ ਦਸੰਬਰ 2012 ਦੇ ਸਿੰਡੀਗੇਟ ਦੇ ਫੈਸਲੇ ਦੀ ਲੋਅ ਵਿਚ ਕਰਮਚਾਰੀਆਂ ਨੂੰ ਡੇਲੀ ਵੇਜਿਜ ‘ਤੇ ਕਰਨ ਲਈ ਪੂਰੀ ਹਮਦਰਦੀ ਨਾਲ ਰੱਖੇਗੀ ਅਤੇ ਯੂਨੀਵਰਸਿਟੀ ਅਥਾਰਿਟੀ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਕਰਮਚਾਰੀਆਂ ਨੂੰ ਡੇਲੀਵੇਜਿਜ ‘ਤੇ ਕੀਤਾ ਜਾਵੇ। ਕਰਮਚਾਰੀਆਂ ਦੀ ਤਨਖਾਹ ਹਰ ਮਹੀਨੇ 10 ਤਾਰੀਕ ਤੱਕ ਦਿੱਤੀ ਜਾਵੇਗੀ, ਕਰਮਚਾਰੀਆਂ ਨੂੰ ਠੇਕੇਦਾਰ ਵਲੋਂ ਤਜਰਬਾ ਸਰਟੀਫਿਕੇਟ ਦਿੱਤਾ ਜਾਵੇਗਾ ਜਿਸ ਨੂੰ ਯੂਨੀਵਰਸਿਟੀ ਅਥਾਰਿਟੀ ਕਾਊਂਟਰ ਸਾਈਨਾਂ ਰਾਹੀਂ ਪ੍ਰਮਾਣਿਤ ਕਰੇਗੀ, ਰੋਸ ਧਰਨੇ ‘ਤੇ ਬੈਠਣ ਵਾਲੇ ਕਿਸੇ ਵੀ ਕਰਮਚਾਰੀ ਨਾਲ ਕਿਸੇ ਤਰਾਂ ਦੀ ਬਦਲਾ ਲਊ ਨੀਤੀ ਨਹੀਂ ਰੱਖੀ ਜਾਵੇਗੀ। ਇੰਨਾਂ ਮੰਗਾਂ ‘ਤੇ ਕਰਮਚਾਰੀਆਂ ਵਲੋਂ ਸਹਿਮਤੀ ਪ੍ਰਗਟਾਈ ਗਈ ਅਤੇ ਰੋਸ ਧਰਨਾ ਐਤਵਾਰ ਖਤਮ ਕਰਨ ਦਾ ਵਿਸ਼ਵਾਸ਼ ਦਿਵਾਇਆ। ਐਤਵਾਰ ਯੂਨੀਵਰਸਿਟੀ ਅਥਾਰਿਟੀ ਵਲੋਂ ਕੀਤੀ ਗਈ ਲਿਖਤ ਵਾਲੇ ਸਮਝੌਤੇ ਨੂੰ ਕਮੇਟੀ ਆਗੂਆਂ ਨੂੰ ਦਿਖਾ ਕੇ ਪਾਸ ਕਰਵਾਇਆ ਗਿਆ ਅਤੇ ਡੀਨ ਅਕਾਦਮਿਕ ਮਾਮਲੇ ਡਾ. ਜੀ.ਐਸ.ਬੱਤਰਾ, ਰਜਿਸਟਰਾਰ ਡਾ. ਐਮ.ਐਸ.ਨਿਜਰ, ਡਾ. ਯੋਗਰਾਜ ਸਿੰਘ, ਡੀਨ ਰਿਸਰਚ ਡਾ. ਜਸਪਾਲ ਕੌਰ ਨੇ ਠੇਕਾ ਮੁਲਾਜਮਾ ਦੇ ਚੱਲ ਰਹੇ ਰੋਸ ਧਰਨੇ ਵਿਚ ਸਮਝੌਤੇ ਬਾਰੇ ਦੱਸਿਆ ਅਤੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਬਹੁਤ ਗੰਭੀਰ ਹੈ ਲਿਹਾਜਾ ਅਥਾਰਿਟੀ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਅਤੇ ਕਰਮਚਾਰੀ ਵਾਪਿਸ ਆਪਣੇ ਕੰਮਾਂ ‘ਤੇ ਜਾਣ।ਠੇਕਾ ਮੁਲਾਜਮਾ ਦੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਸਮੂਹ ਕਰਮਚਾਰੀਆਂ ਨੇ ਯੂਨੀਵਰਸਿਟੀ ਅਥਾਰਿਟੀ ਦੀ ਗੱਲ ਮੰਨੀ ਅਤੇ ਆਪਣਾ ਰੋਸ ਧਰਨਾ ਖਤਮ ਕੀਤਾ। ਸਾਰੇ ਠੇਕਾ ਸਿਸਟਮ ਕਰਮਚਾਰੀ ਸੋਮਵਾਰ ਤੋਂ ਆਪੋ ਆਪਣੀਆਂ ਡਿਊਟੀਆਂ ਜੁਆਇਨ ਕਰਨਗੇ। ਇਸ ਮੌਕੇ ਫੈਡਰੇਸ਼ਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕਰਮਚਾਰੀਆਂ ਦੀ ਡੇਲੀ ਵੇਜਿਜ ਤੇ ਕਰਨ ਦੀ ਮੰਗ ਬਹੁਤ ਜਾਇਜ਼ ਹੈ ਲਿਹਾਜਾ ਯੂਨੀਵਰਸਿਟੀ ਅਥਾਰਿਟੀ ਨੂੰ ਜਲਦ ਤੋਂ ਜਲਦ ਇਸ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਇਹ ਕਰਮਚਾਰੀ ਵੀ ਯੂਨੀਵਰਸਿਟੀ ਦੇ ਅੰਦਰ ਆ ਸਕਣ।ਇਸ ਮੌਕੇ ਠੇਕਾ ਸਿਸਟਮ ਮੁਲਾਜਮਾ ਦੀ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਵਿਚ ਜਤਿੰਦਰ ਧਾਲੀਵਾਲ, ਰਾਜੇਸ਼ ਕੁਮਾਰ, ਇਕਬਾਲ ਮੀਰ, ਅਜੈ ਅਰੋੜਾ, ਅਰਵਿੰਦਰ ਸਿੰਘ, ਅੰਗਰੇਜ ਸਿੰਘ, ਡੀ.ਐਸ.ਓ ਤੋਂ ਅਜੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *