ਵਾਤਾਵਰਣ ਦੀ ਸ਼ੁੱਧਤਾ ਲਈ ਹਰ ਮਨੁੱਖ ਇੱਕ-ਇੱਕ ਬੂਟਾ ਲਾਵੇ ਤੇ ਇਨ੍ਹਾਂ ਦੀ ਸੰਭਾਲ ਵੀ ਕਰੇ-ਚਹਿਲ
ਪਟਿਆਲਾ, 18 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ ਨੇ ਅੱਜ ਇਥੇ ਰਜਿੰਦਰਾ ਜਿੰਮਖਾਨਾ ਕਲੱਬ ਵਿਖੇ ਜਾਗਰਣ ਸਮੂਹ ਦੀ ‘ਬੂਟੇ ਲਾਓ-ਰੁੱਖ ਬਚਾਓ’ ਮੁਹਿੰਮ ਦੀ ਸ਼ੁਰੂਆਤ ਬੂਟਾ ਲਗਾ ਕੇ ਕੀਤੀ।
ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਣ ਵਿਭਾਗ ਦੇ ਘਰ-ਘਰ ਹਰਿਆਲੀ ਮੁਹਿੰਮ ਤਹਿਤ ਘਰੇਲੂ ਬਗੀਚੀ ‘ਚ ਲਗਾਉਣ ਵਾਲੇ ਬੂਟੇ ਵੀ ਵੰਡੇ ਅਤੇ ਸੱਦਾ ਦਿੱਤਾ ਕਿ ਹਰ ਮਨੁੱਖ ਵਾਤਾਵਰਣ ਦੀ ਸ਼ੁੱਧਤਾ ਲਈ ਇੱਕ-ਇੱਕ ਬੂਟਾ ਜਰੂਰ ਲਾਏ ਅਤੇ ਇਨ੍ਹਾਂ ਬੂਟਿਆਂ ਦੀ ਸੰਭਾਲ ਵੀ ਕਰੇ।
ਬੂਟੇ ਲਾਉਣ ਅਤੇ ਰੁੱਖ ਬਚਾਉਣ ਲਈ ਅਰੰਭੀ ਜਾਗਰਣ ਸਮੂਹ ਦੀ ਇਸ 10 ਦਿਨਾਂ ਮੁਹਿੰਮ ਦੀ ਸ਼ਲਾਘਾ ਕਰਦਿਆਂ ਸ. ਭਰਤਇੰਦਰ ਸਿੰਘ ਚਾਹਲ ਨੇ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ ਅਤੇ ਅਜਿਹੇ ਕਦਮਾਂ ਨਾਲ ਸਾਡੇ ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਮੁਹਿੰਮ ਨੂੰ ਲੰਮੇ ਸਮੇਂ ਤੱਕ ਚਲਦਾ ਰੱਖਣ ਦੀ ਸਲਾਹ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਸ. ਚਾਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਪੰਜਾਬੀ ਨੂੰ ਦੇਸ਼ ਭਰ ‘ਚੋਂ ਤੰਦਰੁਸਤ ਬਨਾਉਣ ਹਿੱਤ ਅਰੰਭਿਆ ਇਹ ਮਿਸ਼ਨ ਤਦ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਹਰ ਮਨੁੱਖ ਇੱਕ-ਇੱਕ ਬੂਟਾ ਲਾ ਕੇ ਉਸਦੀ ਸੰਭਾਲ ਕਰਨੀ ਯਕੀਨੀ ਬਣਾਵੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਵਣ ਤੇ ਜਨ ਵਧਣਾ ਕੁਦਰਤੀ ਹੈ ਪਰੰਤੂ ਇਸ ਸਮੇਂ ਵਣ ਨਾਲੋਂ ਜਨ (ਆਬਾਦੀ) ‘ਚ ਜਿਆਦਾ ਵਾਧਾ ਹੋਣ ਕਰਕੇ ਆਕਸੀਜਨ ਦਾ ਪੱਧਰ ਘੱਟਦਾ ਜਾ ਰਿਹਾ ਹੈ, ਇਸ ਲਈ ਬੂਟੇ ਲਾਉਣਾਂ ਬੇਹੱਦ ਜਰੂਰੀ ਹੋ ਗਿਆ ਹੈ। ਉਨ੍ਹਾਂ ਨੇ ਜਾਗਰਣ ਸਮੂਹ ਦੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਕੁਦਰਤ ਲਈ ਨਿਭਾਇਆ ਗਿਆ ਕਰਤੱਬ ਸਾਡੇ ਲਈ ਲਾਭਕਾਰੀ ਹੀ ਸਾਬਤ ਹੋਵੇਗਾ। ਜਦੋਂਕਿ ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ ਨੇ ਵੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਰਜਿੰਦਰਾ ਜਿੰਮਖਾਨਾ ਕਲੱਬ ਦੇ ਪ੍ਰਧਾਨ ਸ੍ਰੀ ਵਿਨੋਦ ਢੂੰਡੀਆ ਨੇ ਸ. ਚਹਿਲ ਦਾ ਸਵਾਗਤ ਕੀਤਾ। ਜਦੋਂਕਿ ਜਾਗਰਣ ਸਮੂਹ ਦੇ ਪਟਿਆਲਾ ਦੇ ਮੈਨੇਜਰ ਸ੍ਰੀ ਜਤਿੰਦਰ ਸਿੰਘ ਨੇ ਆਪਣੀ ਇਸ ਬੂਟੇ ਲਾਓ-ਰੁੱਖ ਬਚਾਓ ਮੁਹਿੰਮ ਦੀ ਜਾਣਕਾਰੀ ਦਿੱਤੀ। ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਸਕੱਤਰ ਵਿਪਨ ਸ਼ਰਮਾ, ਖ਼ਜ਼ਾਨਚੀ ਬੀ.ਡੀ. ਗੁਪਤਾ, ਕੌਂਸਲਰ ਹਰਵਿੰਦਰ ਸਿੰਘ ਨਿੱਪੀ, ਵਿਜੇ ਕੂਕਾ, ਸਮਾਜ ਸੇਵੀ ਰਜਨੀਸ਼ ਜੈਨ, ਮਨਪ੍ਰੀਤ ਸਿੰਘ ਚਹਿਲ, ਡਾ. ਸੁਭਾਸ਼ ਡਾਬਰ, ਰਾਮ ਕੁਮਾਰ ਸਿੰਗਲਾ, ਮਨੀਸ਼ ਜਲੋਟਾ, ਜਸਵਿੰਦਰ ਜੁਲਕਾ, ਡੀ.ਐਫ.ਓ ਹਰਭਜਨ ਸਿੰਘ, ਵਣ ਵਿਭਾਗ ਦੇ ਬੀਟ ਇੰਚਾਰਜ ਅਮਨ ਅਰੋੜਾ, ਜਾਗਰਣ ਦੇ ਪਟਿਆਲਾ ਬਿਊਰੋ ਸ੍ਰੀ ਦੀਪਕ ਮੋਦਗਿਲ ਸਮੇਤ ਹੋਰ ਪਤਵੰਤੇ ਮੌਜੂਦ ਸਨ।

