ਖ਼ਾਲਸਾ ਕਾਲਜ ਪਟਿਆਲਾ ਵਲੋਂ ਗੂਗਲ ਕਲਾਸ ਰੂਮ ਤੇ ਗੂਗਲ ਮੀਟ ਵਿਸ਼ੇ ਸਬੰਧੀ ਇਕ ਰੋਜ਼ਾ ਵਰਕਸ਼ਾਪ
ਪਟਿਆਲਾ 17 ਅਗਸਤ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਆਈ. ਕਿਊ. ਏ. ਸੀ. ਸੈੱਲ ਵੱਲੋਂ ਅੱਜ ਗੂਗਲ ਕਲਾਸਰੂਮ ਅਤੇ ਗੂਗਲ ਮੀਟ ਵਿਸ਼ੇ ਉੱਪਰ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਾਰੇ ਵਿਭਾਗਾਂ ਦੇ ਦੋ-ਦੋ ਅਧਿਆਪਕ ਸਾਹਿਬਾਨਾਂ ਨੇ ਭਾਗ ਲਿਆ।
ਇਸ ਮੌਕੇ ਪ੍ਰੋ. ਇੰਦਰਬੀਰ ਕੌਰ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਕਾਲਜ ਦੇ ਸਟਾਫ ਮੈਂਬਰਾਂ ਨੂੰ ਗੂਗਲ ਕਲਾਸਰੂਮ ਅਤੇ ਗੂਗਲ ਮੀਟ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਟਾਫ਼ ਦੁਆਰਾ ਇਨ੍ਹਾਂ ਮਾਧਿਅਮਾਂ ਰਾਹੀਂ ਵਿਦਿਆਰਥੀਆਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਦੀ ਪੜ੍ਹਾਈ ਕਰਾਈ ਜਾ ਸਕਦੀ ਹੈ। ਰੋਜ਼ਾਨਾ ਵਿਦਿਆਰਥੀਆਂ ਦੀ ਕਲਾਸ ਲਈ ਜਾ ਸਕਦੀ ਹੈ, ਉਨ੍ਹਾਂ ਦੇ ਟੈਸਟ ਲਏ ਜਾ ਸਕਦੇ ਹਨ ਤੇ ਅਸਾਈਨਮੈਂਟ ਲਈਆਂ ਤੇ ਚੈੱਕ ਵੀ ਕੀਤੀਆਂ ਜਾ ਸਕਦੀਆਂ ਹਨ। ਬੱਚਿਆਂ ਦੀ ਕਲਾਸ ਕਿਵੇਂ ਲੈਣੀ ਹੈ, ਉਨ੍ਹਾਂ ਦਾ ਹੋਮਵਰਕ ਕਿਵੇਂ ਦੇਣਾ ਹੈ ਜਾਂ ਚੈੱਕ ਕਰਨਾ ਹੈ ਤੇ ਉਨ੍ਹਾਂ ਦੇ ਟੈਸਟ ਕਿਵੇਂ ਲੈਣੇ ਹਨ, ਇਸ ਸਭ ਕੁਝ ਦੇ ਤਕਨੀਕੀ ਪੱਖਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਵਰਨਣਯੋਗ ਹੈ ਕਿ ਇਹ ਸਭ ਕੁਝ ਅਧਿਆਪਕਾਂ ਨੂੰ ਕੰਪਿਊਟਰ ਉੱਪਰ ਪ੍ਰੈਕਟੀਕਲ ਰੂਪ ਵਿੱਚ ਕਰਨਾ ਵੀ ਸਿਖਾਇਆ ਗਿਆ।
ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਤਕਨਾਲੋਜੀ ਦੀਆਂ ਨਵੀਆਂ ਤਕਨੀਕਾਂ ਪ੍ਰਤੀ ਜਾਗਰੂਕ ਹੋਈਏ ਤੇ ਲੋੜ ਅਨੁਸਾਰ ਉਨ੍ਹਾਂ ਨੂੰ ਸਿੱਖੀਏ ਵੀ ਤੇ ਵਰਤੋਂ ਵਿੱਚ ਵੀ ਲਿਆਈਏ। ਇਸ ਤਰੀਕੇ ਹੀ ਅਸੀਂ ਸਮੇਂ ਨਾਲ ਹਮਕਦਮ ਹੋ ਕੇ ਚੱਲ ਸਕਾਂਗੇ। ਇਸ ਮੌਕੇ ਆਈ. ਕਿਊ. ਏ. ਸੀ. ਸੈੱਲ ਦੇ ਇੰਚਾਰਜ ਡਾ. ਜਸਲੀਨ ਕੌਰ ਡਿਪਟੀ ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਕਿਹਾ ਕਿ ਆਈ. ਕਿਊ. ਏ. ਸੀ. ਸੈੱਲ ਹਮੇਸ਼ਾ ਹੀ ਆਪਣੇ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਨਵੀਆਂ ਨਵੀਆਂ ਤਕਨੀਕਾਂ ਨਾਲ ਜਾਣੂ ਕਰਵਾਉਂਦਾ ਰਹਿੰਦਾ ਹੈ। ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਖ਼ਾਲਸਾ ਕਾਲਜ ਦੇ ਅਧਿਆਪਕ ਗਿਆਨ ਦੇ ਨਿੱਤ ਨਵੇਂ ਖੁੱਲ੍ਹ ਰਹੇ ਪਸਾਰਾਂ ਦੇ ਗਿਆਨ ਨਾਲ ਭਰਪੂਰ ਹੋਣ ਤਾਂ ਜੋ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਾਰਜ ਕੀਤਾ ਜਾ ਸਕੇ।

