ਭਾਈ ਰਾਜੋਆਣਾ ਦੀ ਭੁੱਖ ਹੜਤਾਲ ਖ਼ਤਮ !
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਭਾਈ ਰਾਜੋਆਣਾ ਨਾਲ ਮੁਲਾਕਾਤ
ਪਟਿਆਲਾ 20 ਜੁਲਾਈ (ਕੰਵਰ ਬੇਦੀ) ਕੇਂਦਰੀ ਜੇਲ੍ਹ ਪਟਿਆਲਾ ‘ਚ ਭਾਈ ਰਾਜੋਆਣਾ ਦੀ ਭੁੱਖ ਹੜਤਾਲ ਦਾ ਅੱਜ ਤੀਸਰਾ ਦਿਨ ਹੈ ਅਤੇ ਉਨ੍ਹਾਂ ਦੀ ਦਿਨ ਬ ਦਿਨ ਵਿਗੜਦੀ ਸਿਹਤ ਨੂੰ ਵੇਖਦੇ ਹੋਏ ਭਾਈ ਰਾਜੋਆਣਾ ਦੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿਦ ਸਿੰਘ ਲੌਂਗੋਵਾਲ ਖ਼ੁਦ ਜੇਲ੍ਹ ਪੁੱਜੇ, ਉਥੇ ਉਨ੍ਹਾਂ ਦੀ ਭੈਣ ਕਮਲਦੀਪ ਕੌਰ ਵੀ ਭੁੱਖ ਹੜਤਾਲ ਕਰਵਾਉਣ ਲਈ ਜੇਲ੍ਹ ਪੁੱਜ ਰਹੇ ਹਨ। ਟੈਲੀਫੋਨ ‘ਤੇ ਗੱਲਬਾਤ ਕਰਦਿਆਂ ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਕਿਹਾ ਕਿ ਉਹ ਜੇਲ੍ਹ ਪਹੁੰਚ ਕੇ ਭਾਈ ਰਾਜੋਆਣਾ ਦੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਯਤਨ ਕਰਨਗੇ ਅਤੇ ਭੁੱਖ ਹੜਤਾਲ ਖ਼ਤਮ ਕਰਨ ਬਾਰੇ ਲਿਖਤੀ ਫੈਸਲਾ ਜਲਦ ਆ ਜਾਵੇਗਾ।
ਕੇਂਦਰੀ ਜੇਲ੍ਹ ਪਟਿਆਲਾ ‘ਚ ਫਾਂਸੀ ਸਜ਼ਾਜ਼ਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਰੱਖੀ ਭੁੱਖ ਹੜਤਾਲ ਖ਼ਤਮ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਈ ਰਾਜੋਆਣਾ ਨੂੰ ਭੁੱਖ ਹੜਤਾਲ ਖ਼ਤਮ ਕਰਨ ਲਈ ਬੇਨਤੀ ਕੀਤੀ, ਜੋ ਭਾਈ ਰਾਜੋਆਣਾ ਨੇ ਪ੍ਰਵਾਨ ਨਾ ਕੀਤੀ। ਭਾਈ ਰਾਜੋਆਣਾ ਦੀ ਭੁੱਖ ਹੜਤਾਲ ਤੀਜੇ ਦਿਨ ‘ਚ ਦਾਖਲ ਹੋ ਗਈ ਹੈ ਅਤੇ ਦਿਨ-ਬ-ਦਿਨ ਉਨ੍ਹਾਂ ਦੀ ਸਿਹਤ ਵੀ ਵਿਗੜਦੀ ਜਾ ਰਹੀ ਹੈ, ਜਿਸ ਨੂੰ ਵੇਖਦੇ ਹੋਏ ਭਾਈ ਰਾਜੋਆਣਾ ਦੀ ਭੁੱਖ ਹੜਤਾਲ ਖਤਮ ਕਰਵਾਉਣ ਭਾਈ ਲੌਂਗੋਵਾਲ ਕੇਂਦਰੀ ਜੇਲ੍ਹ ਪੁੱਜੇ ਹੋਏ ਸਨ
ਇਸ ਮੁਲਾਕਾਤ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨਾਲ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਜਰਨੈਲ ਸਿੰਘ ਕਰਤਾਰਪੁਰ, ਜਸਮੇਰ ਸਿੰਘ ਲਾਛੜੂ ਆਦਿ ਵੀ ਹਾਜ਼ਰ ਸਨ। ਜੇਲ੍ਹ ‘ਚ ਭਾਈ ਲੌਂਗੋਵਾਲ ਨੇ ਇਕ ਘੰਟੇ ਦੇ ਕਰੀਬ ਭਾਈ ਰਾਜੋਆਣਾ ਨਾਲ ਗੱਲਬਾਤ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਰਾਜੋਆਣਾ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਖ਼ਤਮ ਕਰਵਾਉਣ ਗੱਲਬਾਤ ਕੀਤੀ ਗਈ ਅਤੇ ਭਾਈ ਰਾਜੋਆਣਾ ਨੇ ਭਰੋਸਾ ਦਿੱਤਾ ਹੈ ਕਿ ਉਹ ਦੇਰ ਸ਼ਾਮ ਤੱਕ ਭੈਣ ਬੀਬੀ ਕਮਲਦੀਪ ਕੌਰ ਨਾਲ ਸ਼ਲਾਹ ਮਸ਼ਵਰੇ ਤੋਂ ਬਾਅਦ ਭੁੱਖ ਹੜਤਾਲ ਸਮਾਪਤ ਕਰਨਗੇ। ਉਨ੍ਹਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਮਿਲਕ ਕੇ ਜਾਣੂੰ ਕਰਵਾਇਆ ਗਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਨਾਲ ਮੁਲਾਕਾਤ ਕਰਕੇ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਜਲਦ ਹੀ ਇਸ ‘ਤੇ ਫੈਸਲਾ ਆ ਜਾਵੇਗਾ। ਭਾਈ ਰਾਜੋਆਣਾ ਨੂੰ ਕੀ ਉਹ ਅੱਤਵਾਦੀ ਮੰਨਦੇ ਹਨ ਦੇ ਸਵਾਲ ਦਾ ਜਵਾਬ ਦਿੰਦਿਆਂ ਲੌਂਗੋਵਾਲ ਨੇ ਕਿਹਾ ਕਿ ਸਿੱਖਾਂ ਦੇ ਜਜ਼ਬਾਤਾਂ ਨੂੰ ਧਿਆਨ ‘ਚ ਰੱਖਦਿਆਂ ਜੇਲ੍ਹਾਂ ‘ਚ ਬੰਦ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਭਾਈ ਰਾਜੋਆਣਾ ਦੀ ਫਾਂਸੀ ਸਜ਼ਾ ਨੂੰ ਉਮਰ ਕੈਦ ‘ਚ ਬਦਲਣ ਲਈ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਪਾਈ ਸੀ।

