ਅਨਾਜ ਦੀ ਵਿਸ਼ੇਸ਼ ਕਿਸਮ ਤੋਂ ਸੁਆਦਲੇ ਪਕਵਾਨ ਬਣਾਉਣ ਬਾਰੇ ਵਰਕਸ਼ਾਪ ਕਰਵਾਈ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ‘ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਹੋਟਲ ਪ੍ਰਬੰਧਨ ਵਿਭਾਗ’ ਵੱਲੋਂ ਅਨਾਜ ਦੀ ਇੱਕ ਵਿਸ਼ੇਸ਼ ਕਿਸਮ ਮਿੱਲਟ ਨੂੰ ਵੱਖ-ਵੱਖ ਤਰੀਕਿਆਂ ਨਾਲ਼ ਸਵਾਦੀ ਭੋਜਨ ਵਜੋਂ ਪਕਾਉਣ ਬਾਰੇ ਵਰਕਸ਼ਾਪ ਲਗਾਈ ਗਈ। ਇਹ ਵਰਕਸ਼ਾਪ ਸੁਣਨ ਜਾਂ ਬੋਲਣ ਪੱਖੋਂ ਅਸਰਮਥ ਵਿਦਿਆਰਥੀਆਂ ਲਈ ਲਗਾਈ ਗਈ। ਜਿ਼ਕਰਯੋਗ ਹੈ ਕਿ ਦੁਨੀਆ ਭਰ ਵਿੱਚ ਸਾਲ 2023 ਨੂੰ ‘ਇੰਟਰਨੈਸ਼ਨਲ ਮਿੱਲਟ ਵਰ੍ਹੇ’ ਵਜੋਂ ਮਨਾਇਆ ਜਾ ਰਿਹਾ ਹੈ। ਇਹ ਵਰਕਸ਼ਾਪ ਪਟਿਆਲਾ ਸਕੂਲ ਫਾਰ ਡੈਫ/ਬਲਾਇੰਡ ਦੇ ਵਿਸ਼ੇਸ਼ ਤੌਰ ਉੱਤੇ ਪੁੱਜੇ ਬੱਚਿਆਂ ਨੂੰ ਸਿਖਲਾਈ ਦੇਣ ਉੱਤੇ ਕੇਂਦਰਿਤ ਸੀ, ਜਿਸ ਵਿੱਚ ਵਿਦਿਆਰਥੀਆਂ ਨੂੰ ਮਿੱਲਟ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਕੰਗਣੀ, ਮੋਤੀ ਬਾਜਰਾ, ਕੋਧਰਾ ਆਦਿ ਅਤੇ ਉਨ੍ਹਾਂ ਦੇ ਬੇਮਿਸਾਲ ਸਿਹਤ ਲਾਭਾਂ ਬਾਰੇ ਦੱਸਿਆ ਗਿਆ। .
ਵਿਭਾਗ ਮੁਖੀ ਡਾ. ਸ਼ੈੱਫ਼ ਪਰਮਿੰਦਰ ਸਿੰਘ ਢਿੱਲੋਂ ਅਤੇ ਡਾ. ਅਮਰ ਸਿੰਘ ਆਜ਼ਾਦ ਵੱਲੋਂ ਚਲਾਏ ਜਾ ਰਹੇ ਪਟਿਆਲਾ ਨੇਚਰ ਕੇਅਰ ਸੈਂਟਰ ਤੋਂ ਪੁੱਜੇ ਡਾ. ਅਨੁਪਮ ਦੀਪ ਵੱਲੋਂ ਵਰਕਸ਼ਾਪ ਵਿੱਚ ਸਿਖਲਾਈ ਦਿੱਤੀ ਗਈ ਅਤੇ ਇਸ ਅਨਾਜ ਤੋਂ ਵੱਖ-ਵੱਖ ਕਿਸਮਾਂ ਦੇ ਕਬਾਬ, ਸਲਾਦ, ਸੂਪ ਅਤੇ ਮਿਠਾਈ ਵਾਲੇ ਪਕਵਾਨ ਬਣਾਉਣੇ ਸਿਖਾਏ ਗਏ। ਇਸ ਮੌਕੇ ਪੁੱਜੇ ਸੁਖਵਿੰਦਰ ਖਰੌੜ ਨੇ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਵਿਭਾਗ ਮੁੱਖੀ ਡਾ. ਪਰਮਿੰਦਰ ਢਿੱਲੋਂ ਨੇ ਕਿਹਾ ਕਿ ਇਹ ਵਰਕਸ਼ਾਪ ਬਾਜਰੇ ਅਤੇ ਇਸ ਨਾਲ਼ ਸੰਬੰਧਤ ਹੋਰ ਅਨਾਜ ਨੂੰ ਉਤਸ਼ਾਹਿਤ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ ਇਸ ਖੇਤਰ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਵਿੱਚੋਂ ਇੱਕ ਸੀ। ਉੁਨ੍ਹਾਂ ਕਿਹਾ ਕਿ ਉਨ੍ਹਾਂ ਦਾ ਵਿਭਾਗ ਭਵਿੱਖ ਵਿੱਚ ਇਸ ਵਿਸ਼ੇ ਉੱਤੇ ਵਰਕਸ਼ਾਪਾਂ ਦੀ ਲੜੀ ਦਾ ਆਯੋਜਨ ਕਰਕੇ ਨੌਜਵਾਨਾਂ ਵਿੱਚ ਇਸ ਅਨਾਜ ਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਨ ਬਾਰੇ ਉਤਸ਼ਾਹ ਪੈਦਾ ਕਰੇਗਾ।

