ਸ਼੍ਰੋਮਣੀ ਕਮੇਟੀ ਨੇ ਕਰਤਾਰਪੁਰ ਲਾਂਘੇ ਨੂੰ ਸਮਰਪਿਤ ਦੋ ਪੁਰਾਤਨ ਖੂਹਾਂ ਨੂੰ ਢਾਹਿਆ : ਗੁਰਾਇਆ
ਅੰਮ੍ਰਿਤਸਰ, 23 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਮੁਖ ਸੇਵਾਦਾਰ ਬੀ. ਐਸ. ਗੁਰਾਇਆ ਨੇ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੀ ਚਲ ਰਹੀ ਕਾਰ ਸੇਵਾ ਤੇ ਸਵਾਲ ਖੜੇ ਕੀਤੇ ਹਨ। ਗੁਰਾਇਆ ਨੇ ਤਸਵੀਰਾਂ ਭੇਜ ਕੇ ਇਲਜਾਮ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦੋ ਪੁਰਾਤਨ ਖੂਹਾਂ ਨੂੰ ਹੀ ਢਾਹ ਦਿਤਾ ਹੈ ਜਿੰਨਾਂ ਨਾਲ ਗੁਰੂ ਨਾਨਕ ਸਾਹਿਬ ਦੀ ਯਾਦ ਜੁੜੀ ਹੋਈ ਹੈ। ਗੁਰਾਇਆ ਦਾ ਕਹਿਣਾ ਹੈ ਕਿ ਢਾਹੇ ਗਏ ਖੂਹ ਉਸ (ਸਰਜੀ ਖੂਹ) ਨਾਲੋ ਜਿਆਦਾ ਪੁਰਾਣੇ ਹਨ ਜਿਸ ਨੂੰ ਸੰਵਾਰਨ ਦੀ ਗਲ ਕਹੀ ਜਾ ਰਹੀ ਹੈ ।
ਕਾਰ ਸੇਵਾ ਦਾ ਵਿਰੋਧ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਐਤਕਾਂ 7 ਜੂਨ ਨੂੰ ਕਾਰ ਸੇਵਾ ਸ਼ੁਰੂ ਕਰ ਦਿਤੀ ਸੀ। ਹੁਣ ਤਕ ਕਾਰਸੇਵਾ ਬਾਬੇ ਨੇ ਨੀਂਹ ਰੱਖਣ ਲਈ ਗੁਰਦੁਆਰਾ ਸਾਹਿਬ ਦੇ ਦੁਆਲੇ ਦੁਆਲੇ ਕੋਈ 10 ਫੁੱਟ ਚੌੜੀ ਤੇ 10 ਫੁੱਟ ਡੂੰਗੀ ਖਾਲੀ ਪੁੱਟੀ ਹੈ ਜਿਸ ਵਿਚ ਅਨੇਕਾਂ ਪੁਰਾਤਨ ਢਾਂਚੇ ਨਿਕਲੇ ਹਨ। ਇਨਾਂ ਵਿਚੋਂ ਇਕ ਖੂਹ ਤੇ ਇਕ ਖੂਹੀ ਵੀ ਨਿਕਲੀ ਹੈ ਜਿਨ੍ਹਾਂ ਨੂੰ 1973 ਦੀ ਕਾਰਸੇਵਾ ਵੇਲੇ ਢੱਕ ਦਿਤਾ ਗਿਆ ਸੀ।
ਕਾਰ ਸੇਵਾ ਬਾਬੇ ਨੇ ਇਨਾਂ ਖੂਹਾਂ ਦੀ ਸੰਭਾਲ ਕਰਨ ਦੀ ਬਿਜਾਏ ਇਨਾਂ ਨੂੰ ਢਾਹ ਹੀ ਦਿਤਾ ਹੈ। ਗੁਰਾਇਆ ਦਾ ਕਹਿਣਾ ਹੈ ਕਿ ਜੇ ਅੱਜ ਵੀ ਸ਼੍ਰੋਮਣੀ ਕਮੇਟੀ ਚਾਹੇ ਤਾਂ ਇਨਾਂ ਨੂੰ ਸੰਭਾਲਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਹ ਖੂਹ ਸਰਜੀ-ਖੂਹ ਨਾਲੋਂ ਪੁਰਾਣੇ ਹਨ। ਕਿਉਕਿ ਜਦੋਂ ਇਹਨਾਂ ਛੋਟੇ ਖੂਹਾਂ ਨਾਲ ਪੂਰੀ ਨਹੀ ਸੀ ਪੈ ਰਹੀ ਤਾਂ ਹੀ ਵੱਡੇ ਖੂਹ ਦੀ ਜਰੂਰਤ ਪਈ ਹੋਵੇਗੀ। ਗੁਰਾਇਆ ਕਿਹਾ ਹੈ ਕਿ ਢਾਹੇ ਗਏ ਖੂਹ ਗੁਰੂ ਨਾਨਕ ਦੀ ਛੋਹ ਪ੍ਰਾਪਤ ਹਨ। ਯਾਦ ਰਹੇ ਦਰਬਾਰ ਸਾਹਿਬ ਗੁਰੂ ਨਾਨਕ ਸਾਹਿਬ ਦਾ ਪਵਿਤ੍ਰ ਤੀਸਰਾ ਸਮਾਧੀ ਅਸਥਾਨ ਹੈ। ਦੋ (ਕਬਰ ਤੇ ਸਮਾਧ) ਕਰਤਾਰਪੁਰ ਪਾਕਿਸਤਾਨ ਵਿਚ ਹਨ। ਕਰਤਾਰਪੁਰ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਨਾਨਕ ਦਾ ਟਿਕਾਣਾ ਇਥੇ ਹੀ ਅਜਿਤੇ ਰੰਧਾਵੇ ਦੇ ਖੂਹ ਤੇ ਹੁੰਦਾ ਸੀ।
ਗੁਰਾਇਆ ਦਾ ਕਹਿਣਾ ਹੈ ਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਕਈ ਥਾਈ ਬਹੁਤ ਚੰਗੇ ਉਸਾਰੀ ਦੇ ਕੰਮ ਕੀਤੇ ਹਨ ਪਰ ਇਨਾਂ ਨੂੰ ਪੁਰਾਤਤਵ ਦੀ ਅਹਿਮੀਅਤ ਦਾ ਅਹਿਸਾਸ ਨਹੀ ਹੈ ਜਿਸ ਕਰਕੇ ਸੈਕੜੇ ਸਥਾਨਾਂ ਤੋਂ ਇਤਹਾਸਕ ਨਿਸ਼ਾਨੀਆਂ ਨਸ਼ਟ ਹੋ ਚੁੱਕੀਆਂ ਹਨ।

