ਪਟਿਆਲਾ

ਥੀਏਟਰ ਐਂਡ ਟੈਲੀਵਿਯਨ ਵਿਭਾਗ ਦੇ ਇਕ ਕਰਮਚਾਰੀ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਵਾਈਸ-ਚਾਂਸਲਰ ਨੂੰ ਭੇਂਟ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਵਿੱਤੀ ਹਾਲਤ ਵਿਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ ਜਿਸ ਵਿਚ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਸੂਝ ਅਤੇ ਸੰਜਮੀ ਬਿਰਤੀ ਆਪਣੀ ਕੇਂਦਰੀ ਭੂਮਿਕਾ ਅਦਾ ਕਰ ਰਹੀ ਹੈ। ਸਰਕਾਰ ਅਤੇ ਯੂਨੀਵਿਰਸਿਟੀ ਦੇ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਵੱਲੋਂ ਵੀ ਇਸ ਸਥਿਤੀ ਵਿਚ ਆਪੋ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।

ਯੂਨੀਵਰਸਿਟੀ ਨਾਲ ਭਾਵੁਕ ਸਾਂਝ ਰੱਖਣ ਵਾਲੇ ਲੋਕਾਂ ਵੱਲੋਂ ਇਸ ਵੱਕਾਰੀ ਯੂਨੀਵਰਸਿਟੀ ਲਈ ਆਪਣੇ ਵੱਲੋਂ ਤਿਲ ਫੁੱਲ ਯੋਗਦਾਨ ਨਾਲ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਅਜਿਹੇ ਯਤਨਾਂ ਨੂੰ ਅੱਜ ਉਸ ਸਮੇਂ ਹੋਰ ਉਤਸ਼ਾਹ ਮਿਲਿਆ ਜਦ ਥੀਏਟਰ ਐਂਡ ਟੈਲੀਵਿਯਨ ਵਿਭਾਗ ਦੇ ਇਕ ਕਰਮਚਾਰੀ ਬਲਵਿੰਦਰ ਸਿੰਘ ਵੱਲੋਂ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੂੰ ਭੇਂਟ ਕੀਤਾ ਗਿਆ। ਡਾ. ਘੁੰਮਣ ਵੱਲੋਂ ਇਸ ਮੌਕੇ ਬਲਵਿੰਦਰ ਸਿੰਘ ਦੀ ਇਸ ਭਾਵਨਾ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਹੋਇਆਂ ਕਿਹਾ ਕਿ ਉਹ ਅਜਿਹੀ ਨੇਕ ਭਾਵਨਾ ਯੂਨੀਵਰਸਿਟੀ ਦੇ ਹਰੇਕ ਕਰਮਚਾਰੀ ਦੀ ਨਜ਼ਰ ਵਿਚ ਵੇਖ ਰਹੇ ਹਨ । ਉਨ੍ਹਾਂ ਕਿਹਾ ਕਿ ਜਿਵੇਂ ਬਲਵਿੰਦਰ ਸਿੰਘ ਵਰਗੇ ਕਰਮਚਾਰੀ ਆਪਣੇ ਤਨ, ਮਨ, ਧਨ ਨਾਲ ਯੂਨੀਵਰਸਿਟੀ ਦੀ ਸੇਵਾ ਕਰ ਰਹੇ ਹਨ ਇਸ ਲਈ ਯੂਨੀਵਰਸਿਟੀ ਦਾ ਭਵਿੱਖ ਬਹੁਤ ਹੀ ਸੁਨਹਿਰਾ ਹੋਣ ਦੀ ਆਸ ਹੈ। ਇਸ ਮੌਕੇ ਹਾਜ਼ਰ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਵੱਲੋਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਅਜਿਹੇ ਯਤਨਾਂ ਸਦਕਾ ਵਿੱਤੀ ਸਮੱਸਿਆਵਾਂ ਹੁਣ ਜਲਦੀ ਹੀ ਬੀਤੇ ਦੀ ਬਾਤ ਹੋ ਕੇ ਰਹਿ ਜਾਣਗੀਆਂ। ਇਹ ਚੈੱਕ ਪ੍ਰਦਾਨ ਕਰਨ ਵਾਲੇ ਬਲਵਿੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਅਜਿਹਾ ਕਰਨਾ ਉਨ੍ਹਾਂ ਅੰਦਰ ਕੋਈ ਅਹਿਸਾਨਮੰਦੀ ਦਾ ਭਾਵ ਨਹੀਂ ਉਪਜਾਉਂਦਾ, ਕਿਉਂਕਿ ਉਨ੍ਹਾਂ ਨੇ ਜੋ ਵੀ ਕੀਤਾ ਹੈ ਆਪਣੇ ‘ਘਰ’ ਭਾਵ ਯੂਨੀਵਰਸਿਟੀ ਲਈ ਕੀਤਾ ਹੈ, ਜੋ ਕਿ ਇਕ ਫਰਜ਼ ਦੀ ਹੀ ਪਾਲਣਾ ਹੈ। ਇਸ ਮੌਕੇ ਥੀਏਟਰ ਐਂਡ ਟੈਲੀਵਿਯਨ ਵਿਭਾਗ ਦੇ ਕਰਮਚਾਰੀ ਡਾ. ਲੱਖਾ ਲਹਿਰੀ ਅਤੇ ਦਲਜੀਤ ਡਾਲੀ ਵੀ ਮੌਜੂਦ ਸਨ।

Leave a Reply

Your email address will not be published. Required fields are marked *