ਪਟਿਆਲਾ

ਸ਼ਹਿਰ ਦੀ ਆਬੋ ਹਵਾ ਸਾਫ ਕਰਨ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ: ਡਿਪਟੀ ਕਮਿਸ਼ਨਰ

ਪਟਿਆਲਾ, 25 ਜੁਲਾਈ (ਮਧੂਸਾਰ ਬਿਊਰੋ) ਇਤਿਹਾਸਕ ਸ਼ਹਿਰ ਪਟਿਆਲਾ ਦੀ ਹਾਬੋ ਹਵਾ ਵਿੱਚ ਸਕਾਰਾਤਮਕ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਕਿਸੇ ਨੂੰ ਵੀ ਸ਼ਹਿਰ ਨੂੰ ਗੰਦਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਸ਼ਹਿਰ ਵਿੱਚ ਹਵਾ ਪ੍ਰਦੂਸਣ ਦੀ ਮਾਤਰਾ ਵਿੱਚ ਕਮੀ ਲਿਆਉਣ ਅਤੇ ਸ਼ਹਿਰ ਵਾਸੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਿਹਤਰ ਬਣਾਉਣ ਲਈ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਪੁਲਿਸ, ਬੀ.ਐਂਡ.ਆਰ, ਜੰਗਲਾਤ ਵਿਭਾਗ, ਮੰਡੀ ਬੋਰਡ, ਨਗਰ ਨਿਗਮ, ਸਿਵਲ ਸਪਲਾਈ, ਜਲ ਸਪਲਾਈ, ਸੀਵਰੇਜ ਸਮੇਤ ਸਾਰੇ ਸਬੰਧਤ ਵਿਭਾਗਾਂ ਨੂੰ ਸਖਤ ਆਦੇਸ਼ ਦਿੱਤੇ ਹਨ ਕਿ ਸ਼ਹਿਰ ਦੀ ਆਬੋ ਹਵਾ ਨੂੰ ਖਰਾਬ ਕਰਨ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਤੋਂ ਲੈ ਕੇ ਇੱਟਾਂ ਭੱਠੇ ਮਾਲਕਾਂ ਤੱਕ ਸਾਰੇ ਪੰਜਾਬ ਪ੍ਰਦੂਸ਼ਣ ਬੋਰਡ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਨਾਲ ਮੰਨਣਾ ਅਤੇ ਬੋਰਡ ਦੇ ਵੱਲੋਂ ਸੁਝਾਏ ਗਏ ਉਪਕਰਨਾ ਦਾ ਇਸਤੇਮਾਲ ਕਰਦੇ ਹੋਏ ਪ੍ਰਦੂਸ਼ਣ ਵਿੱਚ ਕਮੀ ਲਿਆਉਣੀ ਹੋਵੇਗੀ।
ਉਹਨਾਂ ਕਿਹਾ ਕਿ ਸ਼ਹਿਰ ਦੇ ਵਾਤਵਰਣ ਦੇ ਨਾਲ-ਨਾਲ ਜਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਪ੍ਰਭਾਵਿਤ ਕਰਨ ਵਾਲਿਆਂ ‘ਤੇ ਨਕੇਲ ਕਸੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸ਼ਹਿਰ ਦੀਆਂ ਸੜਕਾਂ ਤੇ ਆਪਣੇ ਹੋਟਲਾਂ ਦਾ ਗੰਦਾ ਪਾਣੀ ਸੁੱਟਣ ਵਾਲੇ ਢਾਬਾ ਮਾਲਕਾਂ ਤੋਂ ਲੈ ਕੇ ਕਾਰ ਵਾਸਿੰਗ ਕਰਨ ਵਾਲਿਆਂ, ਲੰਗਰ ਜਾਂ ਕਿਸੇ ਹੋਰ ਧਾਰਮਿਕ ਪ੍ਰੋਗਰਾਮਾਂ ਦੌਰਾਨ ਸੜਕ ਦੇ ਵਿੱਚ ਗੱਡੇ ਜਾਣ ਵਾਲੇ ਖੰਭਿਆਂ ਤੋਂ ਟੁੱਟਣ ਵਾਲੀਆਂ ਸੜਕਾਂ ਆਦਿ ਦਾ ਹਵਾਲਾ ਦਿੰਦੇ ਹੋਏ ਨਗਰ ਨਿਗਮ, ਮੰਡੀ ਬੋਰਡ ਅਤੇ ਬੀ.ਐਂਡ.ਆਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਸ ਕਿਸੇ ਦੀ ਵਜ੍ਹਾ ਨਾਲ ਸੜਕ ਟੁੱਟ ਰਹੀ ਹੈ ਅਤੇ ਗੰਦਾ ਪਾਣੀ ਧਰਤੀ ਵਿੱਚ ਪਾਇਆ ਜਾ ਰਿਹਾ ਹੈ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਨਾ ਕੇਵਲ ਚਲਾਣ ਕੱਟੇ ਜਾਣਗੇ ਸਗੋਂ ਉਹਨਾਂ ਤੇ ਐਫ.ਆਈ.ਆਰ. ਵੀ ਦਰਜ ਕੀਤੀ ਜਾਵੇਗੀ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਨੂੰ ਨਾਨ ਅਟੇਨਮੈਂਟ ਸਿਟੀ ਦੀ ਸੂਚੀ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਸਖਤ ਕਦਮ ਚੁੱਕਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਹਵਾ ਵਿੱਚ ਪ੍ਰਦੂਸ਼ਿਤ ਪੀ.ਏਮ.-10 ਕਣਾਂ ਦੀ ਮਾਤਰਾਂ 100 ਮਾਈਕਰੋ ਗਰਾਮ ਪ੍ਰਤੀ ਘਣ ਮੀਟਰ ਤੋਂ ਘੱਟ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਹਿਰ ਵਿੱਚ ਕਈ ਵਾਰ ਇਹ ਪੱਧਰ 100 ਤੋਂ ਜਿਆਂਦਾ ਹੋ ਰਿਹਾ ਹੈ। ਅਜਿਹੇ ਵਿੱਚ ਸਧਾਰਣ ਲੋਕਾਂ ਤੋਂ ਲੈ ਕੇ ਹਰ ਪ੍ਰਭਾਵਿਤ ਸ਼ਹਿਰੀ ਨੂੰ ਇਸ ਵਿੱਚ ਯੋਗਦਾਨ ਦੇਣਾ ਹੋਵੇਗਾ।
ਮੀਟਿੰਗ ਵਿੱਚ ਅਲੀਪੁਰ ਚੌਂਕ ਸਹਿਤ ਅਜਿਹੇ ਕਈ ਸਥਾਨਾਂ ਦਾ ਜਿਕਰ ਹੋਇਆ ਜਿੱਥੇ ਅਕਸਰ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਦੇ ਖਿਲਾਫ ਕੰਮ ਹੋਇਆ, ਜੰਗਲਾਤ ਵਿਭਾਗ ਦੀ ਸਰਕਾਰੀ ਜ਼ਮੀਨ ਤੇ ਦਰਖਤ ਹੋਣ ਦੀ ਬਜਾਏ ਭਵਨ ਉਸਾਰੀ ਸਮੱਗਰੀ ਰੱਖ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹੀ ਉਹਨਾਂ ਜਗ੍ਹਾਂ ਤੇ ਬੂਟੇ ਲਗਾਏ ਜਾਣਗੇ ਜਿੱਥੇ ਹੁਣ ਤੱਕ ਨਹੀਂ ਲੱਗੇ । ਇਸ ਪ੍ਰਕਾਰ ਕਾਰ ਵਾਸਿੰਗ ਦੇ ਨਾਲ-ਨਾਲ ਨਿਯਮਾਂ ਦੇ ਉਲਟ ਤਾਜਾ ਪਾਣੀ ਦਾ ਪ੍ਰਯੋਗ ਕਰਨ ਵਾਲੀ ਇੰਡਸਟਰੀ ਅਤੇ ਹੋਰ ਜਗ੍ਹਾ ਦੀ ਜਾਂਚ ਕੀਤੀ ਜਾਵੇਗੀ। ਪਟਰੋਲ ਪੰਪਾਂ ਤੇ ਤੇਲ ਦੀ ਜਾਂਚ ਕੀਤੀ ਜਾਵੇ, ਵਾਹਨਾਂ ਦਾ ਪ੍ਰਦੂਸ਼ਣ, ਭਵਨ ਉਸਾਰੀ ਦੌਰਾਨ ਉਡਦੀ ਮਿੱਟੀ ਤੇ ਰੋਕ, ਪਰਾਲੀ ਜਾਂ ਹੋਰ ਫਸਲਾਂ ਦੇ ਕੂੜੇ ਨੂੰ ਲੱਗਣ ਵਾਲੀ ਅੱਗ, ਫਸਲ ਦੀ ਖਰੀਦ ਦੌਰਾਨ ਮੰਡੀਆਂ ਵਿੱਚ ਫੈਲਣ ਵਾਲੀ ਗਰਦ ਵਿੱਚ ਆਧੁਨਿਕ ਤਕਨੀਕੀ ਅਤੇ ਲੋਕਾਂ ਦੇ ਸਹਿਯੋਗ ਨਾਲ ਕਮੀ ਲਿਆਂਦੀ ਜਾਵੇਗੀ। ਇਸ ਮੌਕੇ ਤੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ, ਇੰਜਨੀਅਰ, ਐਸ.ਐਸ. ਮਠਾੜੂ, ਐਸ.ਪੀ. ਸ਼੍ਰੀ ਅਮਰਜੀਤ ਸਿੰਘ ਘੁੰਮਣ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *