ਨੌਜਵਾਨ ਲੋਕਤੰਤਰ ਦੀ ਰੀੜ ਦੀ ਹੱਡੀ-ਕੁਮਾਰ ਅਮਿਤ
ਪਟਿਆਲਾ, 25 ਜੁਲਾਈ (ਮਧੂਸਾਰ ਬਿਊਰੋ) ਭਵਿੱਖ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਥੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸ਼ਿਰਕਤ ਕਰਦਿਆਂ ਨੌਜਵਾਨਾਂ ਨੂੰ ਲੋਕਤੰਤਰ ਦੀ ਰੀੜ ਦੀ ਹੱਡੀ ਕਰਾਰ ਦਿੱਤਾ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਿਕ 15 ਤੋਂ 17 ਸਾਲ ਦੀ ਉਮਰ ਵਰਗ ਦੇ ਸਾਰੇ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ, ਭਾਰਤੀ ਸੰਵਿਧਾਨ ਤੇ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਜਾਣਾ ਹੈ ਤੇ ਫੀਲਖਾਨਾ ਸਕੂਲ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਪ੍ਰੌਗਰਾਮ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਵੋਟਰ ਜਾਗਰੂਕਤਾ (ਸਵੀਪ ਪ੍ਰੋਜੈਕਟ) ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦਸਿਆ ਕਿ ਇਸ ਸਮੇ ਤੱਕ ਜ਼ਿਲ੍ਹੇ ‘ਚ 38000 ਦੇ ਕਰੀਬ ਵੋਟਾਂ ਬਣਨ ਵਾਲੀਆਂ ਹਨ ਜਿਨਾਂ ਨੂੰ ਸਤੰਬਰ ਮਹੀਨੇ ਹੋਣ ਵਾਲੀ ਚੋਣ ਪ੍ਰਕਿਰਿਆ ਦੌਰਾਨ ਵੋਟਰਾਂ ਵਜੋ ਰਜਿਸਟਰ ਕਰਨ ਲਈ ਜ਼ਿਲ੍ਹਾ ਪੱਧਰ ਉਪਰ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿਸ ਤਹਿਤ ਹਰ ਕਾਲਜ ਅਤੇ ਸਕੂਲ ਵਿਚ 2-2 ਵਿਦਿਆਰਥੀਆਂ ਨੂੰ ਕੈਂਪਸ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 200 ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲ ਨੂੰ ਅੱਠ ਜੋਨਾਂ ਵਿਚ ਵੰਡ ਕੇ ਚੋਣ ਸੰਬੰਧੀ ਪ੍ਰਸ਼ਨ ਉੱਤਰ ਅਤੇ ਵਾਦ ਵਿਵਾਦ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਹਰ ਵਿਦਿਆਰਥੀ ਆਪਣੀ ਲੋਕਤੰਤਰੀ ਜੁੰਮੇਵਾਰੀਆਂ ਪ੍ਰਤੀ ਸੁਚੇਤ ਹੋ ਸਕੇ। ਚੋਣ ਤਹਿਸੀਲਦਾਰ ਰਾਮ ਜੀ ਲਾਲ ਨੇ ਦੱਸਿਆ ਕਿ ਸਵੀਪ ਗਤੀਵਿਧੀਆਂ ਵਿਚ ਜ਼ਿਲ੍ਹਾ ਪਟਿਆਲਾ ਪਿਛਲੇ ਦੋ ਸਾਲਾਂ ਤੋਂ ਪੰਜਾਬ ਭਰ ਵਿਚ ਪਹਿਲੇ ਸਥਾਨ ‘ਤੇ ਰਿਹਾ ਹੈ।
ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਨੇ ਵੋਟਰ ਜਾਗਰੁਕਤਾ ਪ੍ਰਤੀ ਸਕੂਲ ਪੱਧਰ ਉਪਰ ਜਿਲਾ ਪੱਧਰੀ ਰਿਪੋਰਟ ਪੜੀ। ਲੈਕਚਰਾਰ ਮਨੋਜ ਥਾਪਰ ਨੇ ਚੋਣ ਆਯੋਗ ਦੀ ਬਣਤਰ ਤੇ ਕਾਰਜਸ਼ੈਲੀ ਬਾਰੇ ਦੱਸਿਆ। ਅਖੀਰ ਵੋਟਰ ਪ੍ਰਸ਼ਨਉਤਰ ਮੁਕਾਬਲੇ ਦੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਨਮਾਨਿਤ ਕੀਤਾ।
ਇਸ ਮੌਕੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਤਾਰ ਸਿੰਘ ਟਿਵਾਣਾ, ਚੋਣ ਕਾਨੂੰਨਗੋ ਵਿਜੇ ਕੁਮਾਰ, ਹਰੀਸ਼ ਕੁਮਾਰ ਤੇ ਕੁਲਜੀਤ ਸਿੰਘ ਸਿੱਧੂ ਦਾ ਵੀ ਸਨਮਾਨ ਕੀਤਾ ਗਿਆ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਤੇ ਸਕੂਲ ਸਕਾਉਟਸ ਨੇ ਪਾਸਿੰਗ ਪਰੇਡ ਕੀਤੀ। ਪ੍ਰੋਗਰਾਮ ਸੂਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਲੈਕਚਰਾਰ ਕਰਮਜੀਤ ਕੌਰ, ਰਵਦੀਪ ਕੌਰ, ਕੰਵਲਜੀਤ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਜੱਸਲ, ਰਵਿੰਦਰ ਸਿੰਘ ਬੇਦੀ, ਅਰੁਣ ਜੈਨ, ਰਵਿੰਦਰ ਸਿੰਘ ਤੇ ਹਰਮਿੰਦਰ ਕੌਰ ਨੇ ਯੋਗਦਾਨ ਪਾਇਆ।

