ਇਮਰਾਨ ਖਾਨ ਨਹੀਂ ਵਸੀਮ ਅਕਰਮ ਜਿੱਤੇ ਚੋਣਾਂ !
ਲੰਡਨ (ਭਾਸ਼ਾ)- ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਵਿਚ ਇਮਰਾਨ ਖਾਨ ਦੀ ਜਗ੍ਹਾ ਵਸੀਮ ਅਕਰਮ ਨੂੰ ਇਕ ਵੈਬਸਾਈਟ ਨੇ ਵੀਡੀਓ ਵਿਚ ਦਿਖਾ ਕੇ ਚੋਣ ਸਰਵੇਖਣ ਵਿਚ ਸਭ ਤੋਂ ਅੱਗੇ ਦੱਸਿਆ। ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਦੀ ਬਜਾਏ ਟੀਮ ਦੇ ਸਾਬਕਾ ਖਿਡਾਰੀ ਵਸੀਮ ਅਕਰਮ ਦੀ ਫੁਟੇਜ ਦਿਖਾਉਣ ਲਈ ਵੈਬਸਾਈਟ ਨੇ ਮੁਆਫੀ ਵੀ ਮੰਗੀ ਹੈ।
ਨਿਊਜ਼ ਪ੍ਰੋਗਰਾਮ ਵਿਚ ਪਾਕਿਸਤਾਨ ਚੋਣਾਂ ਵਿਚ ਇਮਰਾਨ ਦੌੜ ਵਿਚ ਸਭ ਤੋਂ ਅੱਗੇ ਹੋਣ ਦੀ ਖਬਰ ਦਿਖਾਉਣ ਦੌਰਾਨ ਵੈਬਸਾਈਟ ਨੇ ਹਰਫਨਮੌਲਾ ਕ੍ਰਿਕਟਰ ਖਾਨ ਦੀ ਬਜਾਏ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਦੀ ਫੁਟੇਜ ਦਿਖਾ ਦਿੱਤੀ ਸੀ।
ਪ੍ਰੋਗਰਾਮ ਦੇ ਅਖੀਰ ਵਿਚ ਪੇਸ਼ਕਰਤਾ ਨੇ ਕਿਹਾ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਇਕ ਗਲਤੀ ਕਰ ਦਿੱਤੀ। ਅਸੀਂ ਜੋ ਫੁਟੇਜ ਦਿਖਾਈ ਉਹ ਕ੍ਰਿਕਟਰ ਵਸੀਮ ਅਕਰਮ ਦੀ ਸੀ, ਇਮਰਾਨ ਖਾਨ ਦੀ ਨਹੀਂ। ਪਤਾ ਨਹੀਂ ਇੰਝ ਕਿਵੇਂ ਹੋਇਆ। ਉਸ ਲਈ ਤਹਿ ਦਿਲੋਂ ਮੁਆਫੀ ਮੰਗਦੇ ਹਾਂ।
ਦੱਸਣਯੋਗ ਹੈ ਕਿ ਅਕਰਮ ਅਤੇ ਖਾਨ ਦੋਵੇਂ ਹੀ ਪਾਕਿਸਤਾਨੀ ਕ੍ਰਿਕਟ ਟੀਮ ਦੇ ਪ੍ਰਸਿੱਧ ਚਿਹਰੇ ਰਹੇ ਹਨ। ਖਾਨ ਨੇ 1992 ਦੇ ਕ੍ਰਿਕਟ ਵਿਸ਼ਵ ਕਪ ਵਿਚ ਦੇਸ਼ ਦੀ ਅਗਵਾਈ ਕਰਕੇ ਟੀਮ ਨੂੰ ਜਿੱਤ ਦਿਵਾਉਣ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਖੇਡ ਨੂੰ ਅਲਵਿਦਾ ਕਹਿਣ ਮਗਰੋਂ ਉਹ ਰਾਜਨੀਤੀ ਵਿਚ ਆਏ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਆਮ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਵੈਬਸਾਈਟ ਵਲੋਂ ਸ਼੍ਰੀਲੰਕਾਈ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੂੰ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਸਣ ਦੀ ਗਲਤੀ ਕੀਤੀ ਗਈ ਸੀ।

