69ਵਾਂ ਰਾਜ ਪੱਧਰੀ ਵਣ ਮਹਾਂ ਉਤਸਵ ਨਾਭਾ ਵਿਖੇ, ਤਿਆਰੀਆਂ ਮੁਕੰਮਲ
ਸਾਧੂ ਸਿੰਘ ਧਰਮਸੋਤ, ਆਈ.ਜੀ., ਡੀ.ਸੀ. ਤੇ ਐਸ.ਐਸ.ਪੀ. ਵੱਲੋਂ ਜਾਇਜ਼ਾ
ਨਾਭਾ, 27 ਜੁਲਾਈ (ਮਧੂਸਾਰ ਬਿਊਰੋ) ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਨਾਭਾ ਦੀ ਅਨਾਜ ਮੰਡੀ ਵਿਖੇ ਕਰਵਾਏ ਜਾਣ ਵਾਲੇ 69ਵੇਂ ਰਾਜ ਪੱਧਰੀ ਵਣ ਮਹਾਂ ਉਤਸਵ ਦੀਆ ਤਿਆਰੀਆਂ ਮੁਕੰਮਲ ਹੋ ਗਈਆ ਹਨ।
ਇਸ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦੋਂ ਕਿ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਸਮੇਤ ਪੰਜਾਬ ਕੈਬਨਿਟ ਦੇ ਹੋਰ ਕਈ ਮੰਤਰੀ ਅਤੇ ਵਿਧਾਇਕ ਵੀ ਸ਼ਾਮਲ ਹੋਣਗੇ।
ਇਸ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਦਾ ਜਾਇਜ਼ਾ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਲਿਆ ਤੇ ਦੱਸਿਆ ਇਸ ਸਮਾਗਮ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ। ਉਨ੍ਹਾਂ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਵਿੱਚ ਵਣ ਵਿਭਾਗ ਵੱਲੋਂ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ ਜਿਸ ਵਿੱਚ ਦਰਜਨ ਦੇ ਕਰੀਬ ਸਟਾਲਾਂ ਲਗਾਈਆ ਗਈਆਂ ਹਨ ਜਿਸ ਦਾ ਮੁੱਖ ਮੰਤਰੀ ਜਾਇਜ਼ਾ ਲੈਣਗੇ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਇਸੇ ਦੌਰਾਨ ਨਾਭਾ-ਮਲੇਰਕੋਟਲਾ ਰੋਡ ‘ਤੇ ਅੰਨੀਆਂ ਢੇਰੀਆਂ ਵਿਖੇ ਬਣੇ ਨੇਚਰ ਪਾਰਕ ਵਿਖੇ ਇਸ 69ਵੇਂ ਵਣ ਮਹਾਂਉਤਸਵ ਦੀ ਸ਼ੁਰੂਆਤ ਨਿੰਮ, ਬੋਹੜ ਤੇ ਪਿੱਪਲ ਦੀ ਤ੍ਰਿਵੇਣੀ ਲਗਾ ਕੇ ਕਰਵਾਉਣਗੇ ਅਤੇ ਨੇਚਰ ਪਾਰਕ ਦੇ ਦੂਸਰੇ ਪੜਾਅ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਉਣਗੇ।
ਇਸ ਮੌਕੇ ਸੁਰੱਖਿਆ ਇੰਤਜਾਮਾਂ ਦਾ ਜਾਇਜਾ ਪਟਿਆਲਾ ਜ਼ੋਨ ਦੇ ਆਈ.ਜੀ. ਸ. ਏ.ਐਸ. ਰਾਏ ਨੇ ਲਿਆ ਅਤੇ ਦੱਸਿਆ ਕਿ ਸਮਾਗਮ ‘ਚ ਸ਼ਾਮਲ ਹੋਣ ਵਾਲੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ, ਇਸ ਲਈ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਣਪਾਲ (ਸਾਊਥ ਸਰਕਲ) ਸ੍ਰੀਮਤੀ ਸ਼ੈਲਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਨਾਭਾ ਸ੍ਰੀ ਕਾਲਾ ਰਾਮ ਕਾਂਸਲ, ਐਸ.ਪੀ. (ਐਚ) ਸ਼੍ਰੀਮਤੀ ਕੰਵਰਦੀਪ ਕੌਰ, ਐਸ.ਪੀ. ਸੁਰੱਖਿਆ ਤੇ ਟਰੈਫ਼ਿਕ ਸ. ਅਮਰਜੀਤ ਸਿੰਘ ਘੁੰਮਣ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਮੋਹਿਤ ਮੋਨੂ ਡੱਲਾ ਸਮੇਤ ਵਣ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

