ਪੰਜਾਬ

ਭੱਠਿਆਂ ਦੇ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਫਲਾਇੰਗ ਸਕੁਐਡ ਕਾਇਮ: ਸੋਨੀ

ਵਾਤਾਵਰਣ ਮੰਤਰੀ ਨੇ ਭੱਠਾ ਮਾਲਕਾਂ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 30 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਦੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਭੱਠਿਆਂ ਵਿੱਚੋਂ ਨਿਕਲਦੇ ਕਾਲੇ ਧੂੰਏ ਨੂੰ ਠੱਲ੍ਹ ਪਾਉਣ ਲਈ ਫਲਾਇੰਗ ਸਕੁਐਡ ਕਾਇਮ ਕੀਤਾ ਹੈ। ਇਹ ਟੀਮਾਂ ਭੱਠਿਆਂ ਉਤੇ ਛਾਪੇ ਮਾਰ ਕੇ ਇਨ੍ਹਾਂ ਉਤੇ ਪ੍ਰਦੂਸ਼ਣ ਕੰਟਰੋਲ ਕਰਨ ਵਾਲੇ ਯੰਤਰਾਂ ਦੀ ਵਰਤੋਂ ਯਕੀਨੀ ਬਣਾਉਣਗੀਆਂ।

ਇੱਥੇ ਭੱਠਾ ਮਾਲਕਾਂ ਨਾਲ ਮੀਟਿੰਗ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਭੱਠਿਆਂ ਵਿੱਚ ਟਾਇਰਾਂ ਜਾਂ ਹੋਰ ਘਟੀਆ ਬਾਲਣਾਂ ਦੀ ਵਰਤੋਂ ਨਾਲ ਕਾਲਾ ਧੂੰਆਂ ਨਿਕਲਦਾ ਹੈ, ਜੋ ਵਾਤਾਵਰਣ ਨੂੰ ਜ਼ਹਿਰੀਲਾ ਬਣਾਉਂਦਾ ਹੈ। ਇਸ ਪ੍ਰਦੂਸ਼ਣ ਉਤੇ ਕਾਬੂ ਪਾਉਣ ਲਈ ਵਾਤਾਵਰਣ ਵਿਭਾਗ ਦੇ ਮੁੱਖ ਇੰਜਨੀਅਰਾਂ ਦੀ ਡਿਊਟੀ ਲਾਈ ਗਈ ਹੈ, ਜਿਸ ਤਹਿਤ ਫਲਾਇੰਗ ਸਕੂਐਡ (ਛਾਪਾਮਾਰ ਦਸਤੇ) ਕਾਇਮ ਕੀਤੇ ਗਏ ਹਨ, ਜੋ ਭੱਠਿਆਂ ਦੀ ਬਾਕਾਇਦਾ ਜਾਂਚ ਕਰਨਗੇ।
ਵਾਤਾਵਰਣ ਮੰਤਰੀ ਨੇ ਭੱਠਾ ਮਾਲਕਾਂ ਨੂੰ ਕਿਹਾ ਕਿ ਉਹ ਪ੍ਰਦੂਸ਼ਣ ਉਤੇ ਕਾਬੂ ਪਾਉਣ ਲਈ ਸਰਕਾਰ ਦਾ ਸਾਥ ਦੇਣ ਅਤੇ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਨ ਤਾਂ ਕਿ ਪੰਜਾਬ ਦੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਪ੍ਰੋ. ਸਤਵਿੰਦਰ ਸਿੰਘ ਮਰਵਾਹਾ ਨੂੰ ਕਿਹਾ ਕਿ ਜਿਹੜੇ ਭੱਠਿਆਂ ਉਤੇ ਬਾਲਣ ਵਜੋਂ ਟਾਇਰਾਂ ਜਾਂ ਹੋਰ ਘਟੀਆ ਬਾਲਣਾਂ ਦੀ ਵਰਤੋਂ ਹੁੰਦੀ ਹੈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਮੀਟਿੰਗ ਦੌਰਾਨ ਭੱਠਾ ਮਾਲਕਾਂ ਨੇ ਭੱਠੇ ਚਲਾਉਣ ਦੀ ਮਿਆਦ ਵਿੱਚ ਤਬਦੀਲੀ ਦੀ ਮੰਗ ਕੀਤੀ, ਜਿਸ ਉਤੇ ਸ੍ਰੀ ਸੋਨੀ ਨੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਤੇ ਵਾਤਾਵਰਣ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *