ਡਾਕਟਰ ਗਾਂਧੀ ਦੀ ਅਗਵਾਈ ਵਿੱਚ ਪੰਜਾਬ ਮੰਚ ਦੇ ਝੰਡੇ ਹੇਠ ਸਾਂਝੇ ਤੌਰ ਤੇ ਕੰਮ ਕਰਨ ਦਾ ਐਲਾਨ
ਪਟਿਆਲਾ 30 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪਿਛਲੇ ਦੋ ਤਿੰਨ ਸਾਲਾਂ ਤੋਂ ਪੰਜਾਬ ਅੰਦਰ ਖਸਖਸ ਦੀ ਖੇਤੀ ਦੀ ਸਰਕਾਰੀ ਨਿਗਰਾਨੀ ਹੇਠ ਖੁੱਲ ਦੇਣ ਦੀ ਮੰਗ ਨੂੰ ਲੈਕੇ ਕਿਸਾਨਾਂ ਅਤੇ ਸਮਾਜ ਦੇ ਹੋਰ ਲੋੜਵੰਦ ਤਬਕਿਆਂ ਅੰਦਰ ਸਰਗਰਮੀ ਨਾਲ ਕੰਮ ਕਰ ਰਹੀਆਂ ਜਥੇਬੰਦੀਆਂ ਦੇ ਪੰਜਾਬ ਦੇ ਤਰਨਤਾਰਨ, ਨਵਾਂ ਸ਼ਹਿਰ, ਸੰਗਰੂਰ, ਜਲੰਧਰ, ਪਟਿਆਲਾ, ਰੋਪੜ, ਸ਼੍ਰੀ ਅਮ੍ਰਿਤਸਰ ਸਾਹਿਬ , ਕਪੂਰਥਲਾ, ਲੁਧਿਆਣਾ, ਸ਼੍ਰੀ ਫਤਿਹਗੜ੍ਹ ਸਾਹਿਬ, ਬਰਨਾਲਾ ਅਤੇ ਕਪੂਰਥਲਾ ਸਮੇਤ 13 ਜਿਲਿਆਂ ਦੇ 52 ਤੋਂ ਵੀ ਵੱਧ ਆਗੂ ਅਤੇ ਸਰਗਰਮ ਕਾਰਕੁੰਨਾਂ ਨੇ ਪਟਿਆਲਾ ਵਿਖੇ ਪੰਜਾਬ ਮੰਚ ਦੇ ਮੁੱਖ ਦਫ਼ਤਰ ਵਿਖੇ ਪਹੁੰਚਕੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਦੀ ਅਗਵਾਈ ਵਿੱਚ ਪੰਜਾਬ ਮੰਚ ਦੇ ਝੰਡੇ ਹੇਠ ਸਾਝੇਂ ਤੌਰ ਤੇ ਕੰਮ ਕਰਨ ਦਾ ਐਲਾਨ ਕੀਤਾ ਹੈ।
ਇਸ ਮੌਕੇ ਪੁੱਜੇ ਹੋਏ ਸਰਗਰਮ ਆਗੂਆਂ ਤੇ ਕਾਰਕੁੰਨਾਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਧਰਮਵੀਰ ਗਾਂਧੀ ਨੇ ਪੰਜਾਬ ਮੰਚ ਦੇ ਪ੍ਰੋਗਰਾਮ, ਨੀਤੀਆਂ ਅਤੇ ਉਦੇਸ਼ਾਂ ਬਾਰੇ ਰੋਸ਼ਨੀ ਪਉਂਦੇ ਹੋਏ ਕਿਹਾ ਕਿ ਭਾਰਤ ਇੱਕ ਬਹੁ-ਭਾਸ਼ਾਈ, ਬਹੁ-ਸਭਿਆਚਾਰ, ਬਹੁ-ਨਸਲੀ, ਬਹੁ-ਧਅਰਮਿਕ, ਬਹੁ-ਕੌਮੀ ਦੇਸ਼ ਹੈ। ਉਹਨਾਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਭਾਰਤ ਦੇ ਸੰਵਿਧਾਨਕ ਢਾਂਚੇ ਦੇ ਲੰਗੜਾ ਲੂਲਾ ਫੈਡਰਲ ਰੂਪ ਦਾ ਲਗਾਤਾਰ ਸਮੇਂ ਦੀਆਂ ਵੱਖ ਵੱਖ ਸਰਕਾਰਾਂ ਵਲੋਂ ਸੰਵਿਧਾਨਕ ਸੋਧਾਂ ਰਾਹੀਂ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਸਾਰੀ ਪੈਦਾਵਾਰ ਚਾਹੇ ਉਹ ਖੇਤੀਬਾੜੀ, ਉਦਯੋਗ ਜਾਂ ਸੇਵਾਵਾਂ ਹੋਣ ਸੂਬਿਆਂ ਵਿੱਚ ਹੁੰਦੀ ਹੈ ਤੇ ਇਸ ਪੈਦਾਵਾਰ ਤੋਂ ਟੈਕਸਾਂ ਦੇ ਰੂਪ ਵਿੱਚ ਸਰਕਾਰਾਂ ਨੂੰ ਮਿਲਣ ਵਾਲੀ ਸਾਰੀ ਆਮਦਨ ਕੇਂਦਰ ਸਰਕਾਰ ਹੂੰਝਕੇ ਲੈ ਜਾਂਦੀ ਹੈ, ਜਦ ਕਿ ਵਿਕਾਸ ਤੇ ਸਮਾਜ ਭਲਾਈ ਦੇ ਸਾਰੇ ਕਾਰਜ ਰਾਜ ਸਰਕਾਰਾਂ ਨੂੰ ਕਰਨੇ ਪੈਂਦੇ ਹਨ, ਪਰ ਰਾਜ ਸਰਕਾਰਾਂ ਕੋਲ ਆਮਦਨ ਦੇ ਬਹੁਤ ਸੀਮਤ ਸਾਧਨ ਹੋਣ ਕਾਰਨ ਉਹ ਆਪਣੀਆਂ ਜੁੰਮੇਵਾਰੀਆਂ ਨਿਭਾਉਣ ਵਿੱਚ ਅਸਮਰੱਥ ਹੁੰਦੀਆਂ ਹਨ। ਸਾਰੇ ਲੋਕ ਵਿਰੋਧ ਦਾ ਸਾਹਮਣਾ ਰਾਜ ਸਰਕਾਰਾਂ ਨੂੰ ਕਰਨਾ ਪੈਂਦਾ ਹੈ।
ਕੇਂਦਰ ਨੇ ਖੇਤਰੀ ਹਿੱਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਖੇਤਰੀ ਪਾਰਟੀਆਂ ਵਲੋਂ ਸਮੇਂ ਸਮੇ ਤੇ ਉਠਣ ਵਾਲੀਆਂ ਵੱਧ ਅਧਿਕਾਰਾਂ ਤੇ ਭਾਰਤੀ ਸੰਘ ਅੰਦਰ ਵਧੇਰੇ ਖੁਦ-ਮੁਖਤਿਆਰੀ ਦੀਆਂ ਮੰਗਾਂ ਅਤੇ ਲਹਿਰਾਂ ਨੂੰ ਨਾ ਸਿਰਫ਼ ਦਬਾਇਆ ਹੈ ਸਗੋਂ ਪੁਰਾਣੀਆਂ ਖੇਤਰੀ ਪਾਰਟੀਆਂ ਨੂੰ ਰਾਜਾਂ ਅੰਦਰ ਲੁੱਟ ਖਸੁੱਟ ਅਤੇ ਭਰਿਸ਼ਟਾਚਾਰ ਦੀ ਖੁੱਲ ਦੇਕੇ ਆਪਣੇ ਵਿੱਚ ਆਤਮਸਾਤ ਵੀ ਕੀ ਕਰ ਲਿਆ। ਹੁਣ ਇਹ ਪੁਰਾਣੀਆਂ ਖੇਤਰੀ ਪਾਰਟੀਆਂ ਖੇਤਰੀ ਹਿੱਤਾਂ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ ਸਗੋਂ ਸਿਆਸੀ ਤੌਰ ਤੇ ਕੇਂਦਰੀਕਿਰਤ ਰਾਸ਼ਟਰੀ ਪਾਰਟੀ ਨਾਲ ਬੱਝ ਗਈਆਂ ਹਨ ਅਤੇ ਆਰਥਿਕ ਤੌਰ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਦੀਆਂ ਹਨ। ਇਸ ਲਈ ਭਾਰਤ ਨੂੰ ਮੁੜ ਮਜਬੂਤ ਫੈਡਰਲ ਲੀਹਾਂ ਤੇ ਸੰਗਠਤ ਕਰਨ ਦੀ ਲੋੜ ਹੈ। ਇਸ ਲਈ ਅੱਜ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਅਤੇ ਪੰਜਾਬੀਅਤ ਨੂੰ ਪ੍ਰਣਾਈ ਹੋਈ ਖੇਤਰੀ ਪਾਰਟੀ ਦੀ ਲੋੜ ਹੈ। ਪੰਜਾਬ ਮੰਚ ਇਹ ਖੱਪਾ ਪੂਰਾ ਕਰਨ ਦਾ ਇੱਕ ਸੰਜੀਦਾ ਉਪਰਾਲਾ ਹੈ। ਪੰਜਾਬੀ ਸਮਾਜ ਦੇ ਸਮਾਜਿਕ ਪੱਛੜੇਪਣ ਬਾਰੇ ਚਰਚਾ ਕਰਦਿਆਂ ਡਾਕਟਰ ਗਾਂਧੀ ਨੇ ਪੰਜਾਬੀ ਸਮਾਜ ਨੂੰ ਇੱਕਵੀਂ ਸਦੀ ਦੇ ਹਾਣ ਦਾ ਬਣਉਣ ਲਈ ਇਸ ਦੇ ਜਮਹੂਰੀ ਕਰਨ ਤੇ ਜੋਰ ਦਿਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਹਰਮੀਤ ਕੌਰ ਬਰਾੜ, ਡਾਕਟਰ ਜਗਜੀਤ ਚੀਮਾ, ਸ੍ਰ: ਨਰ ਸਿੰਘ ਬਰਾੜ, ਸ੍ਰ: ਗੋਦਾਵਰ ਸਿੰਘ ਢੀਂਡਸਾ, ਸ੍ਰ: ਸਹਿਬ ਸਿੰਘ ਵਿਰਕ, ਸ੍ਰ: ਜੈ ਸਿੰਘ ਚੀਮਾ, ਸ੍ਰ: ਕਰਮਜੀਤ ਸਿੰਘ, ਐਡਵੋਕੇਟ ਨਤੀਸ਼ ਸ਼ਰਮਾ ਕਪੂਰਥਲਾ, ਸ੍ਰ: ਪ੍ਰਮਜੀਤ ਸਿੰਘ ਭਦੋੜ ਐਮ. ਸੀ. ਨੇ ਵੀ ਸੰਬੋਧਨ ਕੀਤਾ ਅਤੇ ਸਾਰੇ ਹਾਜਰ ਪ੍ਰਤੀਨਿਧਾਂ ਨੇ ਪੰਜਾਬ ਮੰਚ ਦੀ ਅਗਵਾਈ ਹੇਠ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਤੇ ਫੈਡਰਲ ਭਾਰਤ ਤੇ ਜਮਹੂਰੀ ਪੰਜਾਬ ਦੀ ਸਿਰਜਣਾ ਲਈ ਕੰਮ ਕਰਨ ਦਾ ਸਰਬਸੰਮਤੀ ਨਾਲ ਹੋਰ ਵਧੇਰੇ ਜੋਸ਼ ਨਾਲ ਕੰਮ ਕਰਨ ਦਾ ਫੈਸਲਾ ਕੀਤਾ।ਇਸ ਮੌਕੇ ਪੰਜਾਬ ਮੰਚ ਦੇ ਬੁਲਾਰੇ ਡਾਕਟਰ ਜਗਜੀਤ ਚੀਮਾ ਨੇ ਦੱਸਿਆ ਕਿ 31 ਜੁਲਾਈ ਨੂੰ 11.30 ਵਜੇ ਪ੍ਰੈਸ ਕਲੱਬ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਕੇ ਡਾਕਟਰ ਧਰਮਵੀਰ ਗਾਂਧੀ ਅਤੇ ਪੰਜਾਬ ਮੰਚ ਦੀ ਸਥਾਪਨਾ ਕਮੇਟੀ ਦੀ ਅਗਵਾਈ ਹੇਠ ਪੰਜਾਬ ਮੰਚ ਦਾ ਐਲਾਨਨਾਮਾ ਜਾਰੀ ਕੀਤਾ ਜਾਵੇਗਾ।

