ਫਿਰੋਜ਼ਪੁਰ ਵਿਖੇ 100 ਬਿਸਤਿਰਆਂ ਦੀ ਸਮਰਥਾ ਵਾਲਾ ਪੀ.ਜੀ.ਆਈ. ਸੈਟੇਲਾਈਟ ਸੈਂਟਰ ਸਥਾਪਤ ਕਰਨ ਲਈ ਰਾਹ ਪੱਧਰਾ
ਮੰਤਰੀ ਮੰਡਲ ਵੱਲੋਂ ਸੈਂਟਰ ਲਈ 25 ਏਕੜ ਜ਼ਮੀਨ ਭਾਰਤ ਸਰਕਾਰ ਨੂੰ ਦੇਣ ਲਈ ਹਰੀ ਝੰਡੀ
ਚੰਡੀਗੜ੍ਹ, 30 ਜੁਲਾਈ (ਮਧੂਸਾਰ ਬਿਊਰੋ) ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਸਿਹਤ ਤੇ ਜਾਂਚ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਫਿਰੋਜ਼ਪੁਰ ਵਿਖੇ 25 ਏਕੜ ਜ਼ਮੀਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿੱਥੇ 100 ਬਿਸਤਰਿਆਂ ਦੀ ਸਮਰਥਾ ਵਾਲਾ ਪੀ.ਜੀ.ਆਈ.ਐਮ.ਈ.ਆਰ. ਸੈਟੇਲਾਈਟ ਸੈਂਟਰ ਸਥਾਪਤ ਕੀਤਾ ਜਾਣਾ ਹੈ।
ਬੁਲਾਰੇ ਨੇ ਦੱਸਿਆ ਕਿ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ (ਪੀ.ਜੀ.ਆਈ.ਐਮ.ਈ.ਆਰ.) ਦੇ ਸੈਟੇਲਾਈਟ ਸੈਂਟਰ ਲਈ ਪ੍ਰਸਤਾਵ ਇੰਸਟੀਚਿਊਟ ਦੀ 28 ਜੁਲਾਈ, 2018 ਨੂੰ ਹੋਈ ਗਵਰਨਿੰਗ ਬਾਡੀ ਦੀ ਮੀਟਿੰਗ ਅੱਗੇ ਪੇਸ਼ ਕੀਤਾ ਗਿਆ ਸੀ। ਇੰਸਟੀਚਿਊਟ ਨੇ ਪ੍ਰਸਤਾਵ ਨੂੰ ਪ੍ਰਵਾਨ ਕਰਦਿਆਂ ਇਹ ਫੈਸਲਾ ਲਿਆ ਕਿ ਇਸ ਪ੍ਰਾਜੈਕਟ ਦਾ ਵਿਸਥਾਰਤ ਨਿਵੇਸ਼ ਬੋਰਡ ਤਿਆਰ ਕਰਕੇ ਛੇਤੀ ਤੋਂ ਛੇਤੀ ਭਾਰਤ ਸਰਕਾਰ ਨੂੰ ਸੌਂਪਿਆ ਜਾਵੇ ਤਾਂ ਕਿ ਇਸ ਸੈਂਟਰ ‘ਤੇ ਕੁਝ ਜ਼ਰੂਰੀ ਸਿਹਤ ਸੇਵਾਵਾਂ ਚਾਲੂ ਕੀਤੀਆਂ ਜਾ ਸਕਣ।
ਇਕ ਸਰਕਾਰੀ ਬੁਲਾਰੇ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸੈਟੇਲਾਈਟ ਸੈਂਟਰ ਲਈ ਨਵੀਂ ਥਾਂ ਫਿਰੋਜ਼ਪੁਰ-ਚੰਡੀਗੜ੍ਹ ਮਾਰਗ ‘ਤੇ ਸਥਿਤ ਸਰਕਟ ਹਾਊਸ ਨੇੜੇ ਸਥਿਤ ਹੈ। ਇਹ ਜਗ੍ਹਾ ਬਾਗਬਾਨੀ ਵਿਭਾਗ ਨਾਲ ਸਬੰਧਤ ਹੈ।
ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਪਾਸੋਂ ਹਾਸਲ ਹੋਈ ਜਾਣਕਾਰੀ ਮੁਤਾਬਕ ਇਹ ਜ਼ਮੀਨ ਇਕ ਟੁਕੜੇ ਵਿੱਚ ਇਕੋ ਥਾਂ ‘ਤੇ ਹੀ ਮੁੱਖ ਮਾਰਗ ਉਪਰ ਸਥਿਤ ਹੋਣ ਕਰਕੇ ਪਹਿਲੀ ਜਗ੍ਹਾ ਨਾਲੋਂ ਵੱਧ ਢੁਕਵੀਂ ਹੈ ਕਿਉਂ ਜੋ ਪਹਿਲੀ ਜਗ੍ਹਾ ਸ਼ਹਿਰ ਵਿੱਚ ਦੋ ਵੱਖ-ਵੱਖ ਥਾਈਂ ਸੀ।

