ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਬੈਂਸ ਖਿਲਾਫ਼ ਦਾਇਰ ਕੀਤਾ ਮਾਨਹਾਨੀ ਦਾ ਕੇਸ
ਪਟਿਆਲਾ, 1 ਅਗਸਤ (ਮਧੂਸਾਰ ਬਿਊਰੋ) ਪੰਜਾਬ ਦੇ ਕੈਬਨਿਟ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਸੀਨਅਰ ਵਕੀਲ ਗੁਰਪ੍ਰੀਤ ਸਿੰਘ ਭਸੀਨ ਦੇ ਨਾਲ ਜੁਡੀਸ਼ੀਅਲ ਮੈਜਿਸਟ੍ਰੇਟ ਨਿਧੀ ਸੈਣੀ ਦੀ ਅਦਾਲਤ ਵਿਚ ਪੇਸ਼ ਹੋ ਕੇ ਲੁਧਿਆਣਾ ਤੋਂ ਲੋਕ ਭਲਾਈ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਧਾਰਾ 499, 500 ਆਈ ਪੀ ਸੀ ਦੇ ਤਹਿਤ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਵਕੀਲ ਗੁਰਪ੍ਰੀਤ ਸਿੰਘ ਭਸੀਨ ਨੇ ਦੱਸਿਆ ਕਿ ਬੈਂਸ ਨੇ ਕੈਬਨਿਟ ਮੰਤਰੀ ‘ਤੇ ਕਥਿਤ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾਏ ਸਨ ਕਿ ਉਹ ਆਰਬਰ ਬਾਇਓਟੈਕ ਨਾਮ ਦੀ ਕੰਪਨੀ ਦੇ ਮਾਲਕ ਹਨ ਅਤੇ ਉਸਦੀਆਂ ਦਵਾਈਆਂ ਡੀਐਡਿਕਸ਼ਨ ਸੈਂਟਰਾਂ ਨੂੰ ਕਥਿਤ ਤੌਰ ‘ਤੇ ਸਪਲਾਈ ਹੋ ਰਹੀਆਂ ਹਨ ਅਤੇ ਸਿਹਤ ਮੰਤਰੀ ‘ਤੇ ਕਈ ਤਰ੍ਹਾਂ ਦੇ ਹੋਰ ਕਥਿਤ ਇਲਜ਼ਾਮ ਵੀ ਲਗਾਏ ਸਨ।
ਇਨ੍ਹਾਂ ਇਲਜ਼ਾਮਾਂ ਦੇ ਵਿਰੁਧ ਸਿਹਤ ਮੰਤਰੀ ਨੇ ਅਦਾਲਤ ਵਿਚ ਬੈਂਸ ਦੇ ਖਿਲਾਫ਼ ਮਾਨਹਾਨੀ ਦਾ ਕੇਸ ਦਾਇਰ ਕਰਦੇ ਹੋਏ ਅਦਾਲਤ ਨੂੰ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਕੋਈ ਅਜਿਹੀ ਕੰਪਨੀ ਨਹੀਂ ਅਤੇ ਉਨ੍ਹਾਂ ਨੇ ਮੰਤਰੀ ਬਣਨ ਤੋਂ ਬਾਅਦ ਕਿਸੇ ਤਰ੍ਹਾਂ ਦੀ ਵੀ ਦਵਾਈਆਂ ਦੀ ਸਪਲਾਈ ਉਕਤ ਕੰਪਨੀ ਤੋਂ ਨਹੀਂ ਹੋਈ ਅਤੇ ਨਾ ਉਹ ਕਿ ਇਸ ਕੰਪਨੀ ਦੇ ਮਾਲਕ ਹਨ। ਕੈਬਨਿਟ ਮੰਤਰੀ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਜੋ ਮਾਨਹਾਨੀ ਦਾ ਕੇਸ ਵਿਧਾਇਕ ਦੇ ਖਿਲਾਫ਼ ਦਾਇਰ ਕੀਤਾ ਗਿਆ ਹੈ, ਉਸ ਸਬੰਧੀ ਸਾਰੇ ਦਸਤਾਵੇਜ਼ ਫਿਗਰਾਂ, ਫੈਕਸ ਅਤੇ ਤੱਥ ਕੋਰਟ ਦੇ ਸਾਹਮਣੇ ਪੇਸ਼ ਕੀਤੇ ਗਏ ਹਨ। ਅਦਾਲਤ ਨੇ ਇਸ ਕੇਸ ‘ਤੇ ਅਗਲੀ ਸੁਣਵਾਈ 24 ਅਗਸਤ ‘ਤੇ ਰੱਖੀ ਹੈ ਅਤੇ ਇਸ ਕੇਸ ਨੂੰ ਪ੍ਰੀਲਿਮਨਰੀ ਐਵੀਡੈਂਸ ਲਗਾਇਆ ਹੈ।

