ਦੇਸ਼ ਦੀ ਸੇਵਾ ਲਈ ਫ਼ੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਸ਼ਲਾਘਾ
ਭਰਤੀ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ : ਕਰਨਲ ਵਰਗੀਸ
ਪਟਿਆਲਾ , 7 ਅਗਸਤ (ਮਧੂਸਾਰ ਬਿਊਰੋ) ਸੂਬੇ ਦੇ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਫ਼ੌਜ ਵਿੱਚ ਨੌਜਵਾਨਾਂ ਦੀ ਭਰਤੀ ਲਈ ਪਟਿਆਲਾ ਸੰਗਰੂਰ ਸੜਕ ਉੱਤੇ ਸਥਿਤ ਫ਼ੌਜੀ ਛਾਉਣੀ ਮੈਦਾਨ ਵਿੱਚ ਆਯੋਜਿਤ ਕੀਤੀ ਗਈ ਭਰਤੀ ਰੈਲੀ ਦਾ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਦੌਰਾ ਕੀਤਾ ਅਤੇ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਫ਼ੌਜ ਵੱਲੋਂ ਭਰਤੀ ਲਈ ਕੀਤੇ ਪੁਖ਼ਤਾ ਪ੍ਰਬੰਧਾਂ ਦੀ ਸ਼ਲਾਘਾ ਕਰਦਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬੱਧਤਾ ਦੁਹਰਾਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਭਰਤੀ ਲਈ ਵੱਖ-ਵੱਖ ਸਥਾਨਾਂ ‘ਤੇ ਬਣਾਏ ਬੂਥਾਂ ਦਾ ਦੌਰਾ ਕੀਤਾ ਅਤੇ ਨੌਜਵਾਨਾਂ ਲਈ ਤਿਆਰ ਭੋਜਨ ਨੂੰ ਦੇਖਕੇ ਉਨ੍ਹਾਂ ਫ਼ੌਜ ਦੇ ਪ੍ਰਬੰਧਾਂ ਦੀ ਸਰਾਹਨਾ ਕੀਤੀ। ਉਨ੍ਹਾਂ ਸਰੀਰਕ ਯੋਗਤਾ ਪਾਸ ਕਰ ਚੁੱਕੇ ਨੌਜਵਾਨਾ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀ ਦੇਸ਼ ਦੀ ਸੇਵਾ ਲਈ ਸਖ਼ਤ ਮਿਹਨਤ ਕਰ ਰਹੇ ਹੋ।
ਇਸ ਮੌਕੇ ਫ਼ੌਜ ਭਰਤੀ ਦੇ ਬੀ.ਆਰ.ਓ. ਪਟਿਆਲਾ ਦੇ ਡਾਇਰੈਕਟਰ ਕਰਨਲ ਅਨਿਲ ਵਰਗੀਸ ਨੇ ਦੱਸਿਆ ਕਿ ਹੁਣ ਤੱਕ ਪਟਿਆਲਾ, ਸੰਗਰੂਰ ਅਤੇ ਸ਼੍ਰੀ ਫ਼ਤਿਹਗੜ੍ਹ ਸਾਹਿਬ ਦਾ ਸਰੀਰਕ ਟੈਸਟ ਹੋ ਚੁੱਕਾ ਹੈ ਅਤੇ ਅੱਜ ਬਰਨਾਲਾ ਜ਼ਿਲ੍ਹੇ ਦੇ ਨੌਜਵਾਨਾ ਦਾ ਸਰੀਰ ਟੈਸਟ ਹੋਇਆ ਹੈ ਅਤੇ 8 ਤੇ 9 ਅਗਸਤ ਨੂੰ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਦਾ ਸਰੀਰਕ ਟੈਸਟ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭਰਤੀ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ 31 ਹਜ਼ਾਰ ਨੌਜਵਾਨਾਂ ਨੇ ਆਨ-ਲਾਈਨ ਅਪਲਾਈ ਕੀਤਾ ਸੀ ਜਿਸ ਵਿੱਚੋਂ 23 ਹਜ਼ਾਰ ਨੌਜਵਾਨ ਟੈਸਟ ਦੇ ਚੁੱਕੇ ਹਨ ਅਤੇ ਅਗਲੇ ਦੋ ਦਿਨਾਂ ਵਿੱਚ ਰਹਿੰਦੇ ਅੱਠ ਹਜ਼ਾਰ ਨੌਜਵਾਨਾਂ ਦਾ ਟੈਸਟ ਲਿਆ ਜਾਵੇਗਾ।
ਸ਼੍ਰੀ ਵਰਗਿਸ ਨੇ ਦੱਸਿਆ ਕਿ ਸਰੀਰਕ ਟੈਸਟ ਪਾਸ ਨੌਜਵਾਨਾਂ ਦਾ ਲਿਖਤੀ ਟੈਸਟ ਵੀ ਲਿਆ ਜਾਵੇਗਾ ਅਤੇ 26 ਅਗਸਤ ਨੂੰ ਪਾਸ ਨੌਜਵਾਨਾਂ ਦਾ ਮੈਡੀਕਲ ਟੈਸਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰੀਰਕ ਟੈਸਟ ਵਿੱਚ ਦੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਨੌਜਵਾਨਾਂ ਸਰੀਰਕ ਤੌਰ ‘ਤੇ ਫਿੱਟ ਹਨ ਅਤੇ ਹਾਲੇ ਤੱਕ ਕਿਸੇ ਵੀ ਨੌਜਵਾਨ ਦਾ ਡੋਪ ਟੈਸਟ ਪਾਸਟਿਵ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਸਰੀਰਕ ਟੈਸਟ ਸਵੇਰੇ 5:30 ਵਜੇ ਤੋਂ ਸ਼ੁਰੂ ਕਰਕੇ ਸਵੇਰੇ 8:30 ਵਜੇ ਤੱਕ ਮੁਕੰਮਲ ਕਰ ਲਏ ਜਾਂਦੇ ਹਨ।

