ਕੋਮ਼ਾਤ੍ਰੀਪੰਜਾਬ

ਇਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਗਰੁੱਪ ਪੰਜਾਬ ਪਹੁੰਚਿਆ

ਚੰਡੀਗੜ੍ਹ, 7 ਅਗਸਤ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਪ੍ਰੋਗਰਾਮ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਤਹਿਤ ਇੰਗਲੈਂਡ ਤੋਂ 14 ਨੌਜਵਾਨਾਂ ਦਾ ਪਹਿਲਾ ਬੈਚ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਿਆ ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਹ ਗਰੁੱਪ 7 ਤੋਂ 16 ਅਗਸਤ ਤੱਕ ਸੂਬੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰੇਗਾ।

ਪ੍ਰਗਟਾਵਾ ਕਰਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਨ.ਆਰ.ਆਈ ਮਾਮਲਿਆਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਐਸ.ਆਰ.ਲੱਧੜ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਜਗਦੀਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਜੀ ਆਇਆਂ ਆਖਿਆ।
‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ 16-22 ਸਾਲਾਂ ਦੀ ਉਮਰ ਤੱਕ ਦੇ ਅੱਠ ਲੜਕੇ ਅਤੇ 6 ਲੜਕੀਆਂ ਅਧਾਰਿਤ ਇਹ ਗਰੁੱਪ ਪੰਜਾਬ ਦੇ ਸ਼ਾਨਾਮੱਤੇ ਸੱਭਿਆਚਾਰ ਅਤੇ ਵਿਰਾਸਤ ਬਾਰੇ ਜਾਣੂ ਹੋਣ ਤੋਂ ਇਲਾਵਾ ਧਾਰਮਿਕ ਤੇ ਇਤਿਹਾਸਕ ਮਹੱਤਤਾ ਵਾਲੀਆਂ ਥਾਵਾਂ ਦਾ ਦੌਰਾ ਕਰਨਗੇ। ਇਹ ਨੌਜਵਾਨ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦੇ ਸਾਕ ਸਬੰਧੀਆਂ ਨੂੰ ਮਿਲ ਕੇ ਆਪਣੀ ਪਰਿਵਾਰਕ ਸਾਂਝ ਤੋਂ ਜਾਣੂੰ ਹੋਣਗੇ।
ਆਪਣੇ ਪੁਰਖਿਆਂ ਦੀ ਧਰਤੀ ‘ਤੇ ਪਹਿਲੀ ਵਾਰ ਆਉਣ ‘ਤੇ ਖੁਸ਼ੀ ਜਾਹਰ ਕਰਦਿਆਂ ਨੌਜਵਾਨਾਂ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਹਾਣੀਆਂ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਨੂੰ ਮਿਲਣ ਦਾ ਸਬੱਬ ਬਣੇਗਾ ਜਿਨ੍ਹਾਂ ਨਾਲ ਪੰਜਾਬ ਅਤੇ ਇੰਗਲੈਂਡ ਦੀਆਂ ਰਵਾਇਤਾਂ, ਭਾਸ਼ਾ, ਬੋਲੀ ਅਤੇ ਖਾਣਿਆਂ ਬਾਰੇ ਆਪਸੀ ਤਜਰਬੇ ਅਤੇ ਵਿਚਾਰਾਂ ਦੀ ਸਾਂਝ ਪਾਉਣ ਦਾ ਨਿਵੇਕਲਾ ਮੌਕਾ ਹਾਸਲ ਹੋਵੇਗਾ।
ਇਸੇ ਦੌਰਾਨ ਪ੍ਰਮੁੱਖ ਸਕੱਤਰ ਐਸ.ਆਰ.ਲੱਧੜ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਇਸ ਪ੍ਰੋਗਰਾਮ ਤਹਿਤ ਹੋਰ ਗਰੁੱਪ ਵੀ ਵਿਦੇਸ਼ਾਂ ਤੋਂ ਪੰਜਾਬ ਆਉਣਗੇ। ਉਨ੍ਹਾਂ ਕਿਹਾ ਇਹ ਗਰੁੱਪ ਜਲੰਧਰ, ਪਟਿਆਲਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਫਰੀਦਕੋਟ ਅਤੇ ਮੁਹਾਲੀ ਜ਼ਿਲ੍ਹੇ ਵਿੱਚ ਆਪਣੇ ਪੁਰਖਿਆਂ ਦੇ ਜੱਦੀ ਸਥਾਨਾਂ ‘ਤੇ ਵੀ ਜਾਣਗੇ। ਸ੍ਰੀ ਲੱਧੜ ਨੇ ਦੱਸਿਆ ਕਿ ਇੰਗਲੈਂਡ ਤੋਂ ਪੰਜਾਬ ਪਹੁੰਚੇ 18 ਮੈਂਬਰੀ ਗਰੁੱਪ ਵਿੱਚ 14 ਨੌਜਵਾਨਾਂ ਤੋਂ ਇਲਾਵਾ ਪ੍ਰੋਗਰਾਮ ਦੇ ਕੋਆਰਡੀਨੇਟਰ ਵਰਿੰਦਰ ਸਿੰਘ ਖੇੜਾ, ਉਨ੍ਹਾਂ ਦੀ ਪਤਨੀ ਤੇ ਦੋ ਬੱਚੇ ਵੀ ਸ਼ਾਮਲ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਦੌਰੇ ਦੇ ਅਹਿਮ ਪਲਾਂ ਵਿੱਚ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਸ਼ਿਰਕਤ ਕਰਨਾ ਹੈ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਵੱਲੋਂ ਕੀਤੀ ਜਾਵੇਗੀ।
ਇਨ੍ਹਾਂ ਨੌਜਵਾਨਾਂ ਦਾ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ, ਜਲ੍ਹਿਆਂਵਾਲਾ ਬਾਗ, ਜੰਗੀ ਯਾਦਗਾਰ, ਅਟਾਰੀ-ਵਾਹਗਾ ਬਾਰਡਰ ਅਤੇ ਗੋਬਿੰਦਗੜ੍ਹ ਕਿਲ੍ਹੇ ‘ਤੇ ਵੀ ਜਾਣ ਦਾ ਪ੍ਰੋਗਰਾਮ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਵਿਖੇ ਪੰਜਾਬ ਸਿਵਲ ਸਕੱਤਰੇਤ, ਪੰਜਾਬ ਵਿਧਾਨ ਸਭਾ ਅਤੇ ਰੌਕ ਗਾਰਡਨ, ਪਟਿਆਲਾ ਵਿਖੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ੮ਯਾਦਗਾਰ ‘ਤੇ ਵੀ ਇਨ੍ਹਾਂ ਨੌਜਵਾਨਾਂ ਦਾ ਬੈਚ ਜਾਵੇਗਾ।
ਇਹ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਖਾਲਸਾ ਵਿਰਾਸਤੀ ਕੰਪਲੈਕਸ ਵਿਖੇ ਵੀ ਜਾਣਗੇ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਸਥਿਤ ਵਿੱਚ ਸ੍ਰੀ ਗੁਰੂ ਰਵਿਦਾਸ ਯਾਦਗਾਰ, ਖੁਰਾਲਗੜ੍ਹ ਵਿਖੇ ਜਾਣ ਤੋਂ ਇਲਾਵਾ ਅਨੂਠੀ ਦਸਤਕਾਰੀ ਲਈ ਪ੍ਰਸਿੱਧ ਹੁਸ਼ਿਆਰਪੁਰ ਵਿਖੇ ਵੀ ਜਾਣਗੇ। ਇਹ ਬੈਚ ਜਲੰਧਰ ਵਿਖੇ ਵੱਖ-ਵੱਖ ਸਨਅਤੀ ਯੂਨਿਟਾਂ ਦਾ ਦੌਰਾ ਕਰਨ ਤੋਂ ਇਲਾਵਾ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਵੀ ਜਾਵੇਗਾ।

Leave a Reply

Your email address will not be published. Required fields are marked *