ਵਾਈਸ-ਚਾਂਸਲਰ ਨੇ ਸੱਦੀ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਸਮੂਹ ਫੈਕਲਟੀਜ਼ ਦੇ ਡੀਨ ਸਹਿਬਾਨ ਬੈਠਕ
ਪਟਿਆਲਾ , 8 ਅਗਸਤ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਸੈਨੇਟ ਹਾਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸੰਬੰਧੀ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਸਮੂਹ ਫੈਕਲਟੀਜ਼ ਦੇ ਡੀਨ ਸਹਿਬਾਨ ਦੀ ਬੈਠਕ ਬੁਲਾ ਲਈ ਹੈ ।
ਬੈਠਕ ਵਿਚ ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਅਕਾਦਮਿਕ ਮਿਆਰ ਵਿਚ ਹੋਰ ਸੁਧਾਰ ਕਰਨ, ਨਵੇਂ ਦਾਖਲਿਆਂ ਦੀ ਗਿਣਤੀ ਵਧਾਉਣ, ਯੂਨੀਵਰਸਿਟੀ ਦੀ ਵਿੱਤੀ ਹਾਲਤ ਵਿਚ ਸੁਧਾਰ ਕਰਨ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਲਾਗੂ ਕਰਵਾਉਣ ਦੀ ਦਿਸ਼ਾ ਵਿਚ ਕੰਮ ਕਰਨ, ਪ੍ਰੋਫੈਸ਼ਨਲ ਕੋਰਸਾਂ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਸੰਬੰਧੀ ਇੰਡਸਟਰੀ ਨਾਲ ਹੋਰ ਵਧੇਰੇ ਸੁਖਾਵਾਂ ਰਾਬਤਾ ਬਣਾਉਣ ਅਤੇ ਕੁੱਝ ਹੋਰ ਮੁੱਦਿਆਂ ਬਾਰੇ ਸੁਝਾਅ ਪ੍ਰਾਪਤ ਕਰਨ ਲਈ ਵਿਚਾਰਾਂ ਹੋਈਆਂ। ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬੱਤਰਾ ਵੱਲੋਂ ਮੀਟਿੰਗ ਦੇ ਏਜੰਡੇ ਸੰਬੰਧੀ ਵਿਸਥਾਰ ਵਿਚ ਦੱਸਣ ਉਪਰੰਤ ਵਾਈਸ-ਚਾਂਸਲਰ ਡਾ. ਘੁੰਮਣ ਵੱਲੋਂ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸਮੂਹ ਡੀਨ ਅਤੇ ਮੁਖੀ ਸਾਹਿਬਾਨ ਯੂਨੀਵਰਸਿਟੀ ਦੀ ਰੀੜ੍ਹ ਦੀ ਹੱਡੀ ਹਨ ਜਿਨ੍ਹਾਂ ਦੀ ਸਰਗਰਮ ਸ਼ਮੂਲੀਅਤ ਬਗੈਰ ਯੂਨੀਵਰਸਿਟੀ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ ਚਲਾਉਣਾ ਸੰਭਵ ਨਹੀਂ ਹੈ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਉਹ ਸੰਬੰਧਤ ਵਿਸ਼ਿਆਂ ਤੇ ਬਿਨਾ ਝਿਜਕ ਖੁੱਲ੍ਹ ਕੇ ਆਪਣੇ ਵਿਚਾਰ ਦੇਣ। ਉਨ੍ਹਾਂ ਕਿਹਾ ਕਿ ਸਭ ਸਮੱਸਿਆਵਾਂ ਦੇ ਹੱਲ ਲਈ ਸਮੁੱਚੇ ਰੂਪ ਵਿਚ ਇਕ ਠੋਸ ਰਣਨੀਤੀ ਤਿਆਰ ਕੀਤੇ ਜਾਣ ਦੀ ਲੋੜ ਹੈ ਜਿਸ ਸੰਬੰਧੀ ਨਿਰੰਤਰ ਸਮੂਹਿਕ ਸੰਵਾਦ ਲੋੜੀਂਦਾ ਹੈ।
ਵਖ-ਵਖ ਵਿਭਾਗਾਂ ਦੇ ਮੁਖੀਆਂ ਵੱਲੋਂ ਡਾ. ਘੁੰਮਣ ਨਾਲ ਵਿਸਥਾਰ ਵਿਚ ਸੰਵਾਦ ਰਚਾਇਆ ਗਿਆ ਜਿਸ ਵਿਚ ਜਿੱਥੇ ਉਨ੍ਹਾਂ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਉੱਥੇ ਹੀ ਆਪੋ ਆਪਣੇ ਸੁਝਾਅ ਦਿੱਤੇ। ਡਾ. ਘੁੰਮਣ ਵੱਲੋਂ ਸਭ ਨੂੰ ਧਿਆਨ ਪੂਰਵਕ ਸੁਣਦਿਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਮੌਕੇ ਤੇ ਹੀ ਹੱਲ ਸੁਝਾਏ ਗਏ। ਬਹੁਤ ਸਾਰੇ ਵਿਭਾਗਾਂ ਵੱਲੋਂ ਹੋਸਟਲ ਸਮਰਥਾ ਘੱਟ ਹੋਣ ਦੀ ਸਮੱਸਿਆ ਬਾਰੇ ਡਾ. ਘੁੰਮਣ ਵੱਲੋਂ ਸੰਬੰਧਤ ਡੀਨ ਡਾ. ਅੰਮ੍ਰਿਤਪਾਲ ਕੌਰ ਨੂੰ ਅਸਲ ਸਥਿਤੀ ਤੇ ਚਾਨਣਾ ਪਾਉਣ ਬਾਰੇ ਕਿਹਾ ਅਤੇ ਇਸ ਉਪਰੰਤ ਉਨ੍ਹਾਂ ਖੁਦ ਸਮੂਹ ਵਿਭਾਗਾਂ ਨੂੰ ਸੁਝਾਇਆ ਕਿ ਇਸ ਮਸਲੇ ਤੇ ਸਭ ਨੂੰ ਅਥਾਰਿਟੀ ਦਾ ਸਹਿਯੋਗ ਦੇਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੈਂਪਸ ਦੇ ਨੇੜੇ ਨਿੱਜੀ ਇਮਾਰਤ ਕਿਰਾਏ ਤੇ ਲੈ ਕੇ ਹੋਸਟਲ ਰੂਪ ਵਿਚ ਵਰਤਣ ਦੀ ਵੀ ਇਕ ਯੋਜਨਾ ਹੈ ਜਿੱਥੇ ਆਉਣ ਜਾਣ ਲਈ ਯੂਨੀਵਰਸਿਟੀ ਵੱਲੋਂ ਬੱਸ ਅਤੇ ਢੁਕਵੀਂ ਸੁਰੱਖਿਆ ਆਦਿ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਮੂਹ ਵਿਭਾਗ ਮੁਖੀਆਂ ਨੂੰ ਆਪਣੇ ਵਿਦਿਆਰਥੀਆਂ ਦੇ ਵਿਚਾਰ ਜਾਣਨ ਦੀ ਲੋੜ ਹੈ। ਇਸ ਤੋਂ ਇਲਾਵਾ ਅਕਾਦਮਿਕ ਗੁਣਵੱਤਾ ਵਿਚਲੇ ਸੁਧਾਰ ਅਤੇ ਖੋਜ਼ ਦੇ ਖੇਤਰ ਵਿਚਲੀਆਂ ਹੋਰ ਸੰਭਾਵਨਾਵਾਂ ਨੂੰ ਲੱਭਣ ਸੰਬੰਧੀ ਵਿਸਥਾਰ ਵਿਚ ਸੰਵਾਦ ਰਚਾਇਆ ਗਿਆ। ਡਾ. ਘੁੰਮਣ ਵੱਲੋਂ ਪਿਛਲੇ ਦਿਨੀਂ ਵਿਭਾਗਾਂ ਵਿਚ ਕੀਤੇ ਜਾਂਦੇ ਆਪਣੇ ਦੌਰੇ ਦਾ ਹਵਾਲਾ ਦਿੰਦਿਆਂ ਸਭ ਦੀ ਪ੍ਰਸ਼ੰਸਾ ਕੀਤੀ ਕਿ ਸਾਰੇ ਵਿਭਾਗਾਂ ਵਿਚ ਅਨੁਸ਼ਾਸਨ ਸਹਿਤ ਜਮਾਤਾਂ ਲਗਾਈਆਂ ਜਾ ਰਹੀਆਂ ਸਨ। ਉਨ੍ਹਾਂ ਵੱਲੋਂ ਸੁਝਾਇਆ ਗਿਆ ਕਿ ਸਮੂਹ ਫੈਕਲਟੀ ਮੈਂਬਰਾਂ ਨੂੰ ਵਖ-ਵਖ ਏਜੰਸੀਆਂ ਜਾਂ ਸੰਸਥਾਵਾਂ ਤੋਂ ਗਰਾਂਟਾਂ ਪ੍ਰਾਪਤ ਕਰਨ ਦੀ ਲੋੜ ਹੈ। ਉਨ੍ਹਾਂ ਵੱਲੋਂ ਰੂਸਾ ਦੀ ਗਰਾਂਟ ਸੰਬੰਧੀ ਵਰਤੋਂ ਸਰਟੀਫਿਕੇਟ ਜਲਦੀ ਜਮ੍ਹਾਂ ਕਰਵਾਉਣ ਲਈ ਵੀ ਹਦਾਇਤ ਕੀਤੀ ਤਾਂ ਕਿ ਅਗਲੇ ਫੇਜ਼ ਦੀ ਪੰਜਾਹ ਕਰੋੜ ਦੀ ਗਰਾਂਟ ਨੂੰ ਜਲਦੀ ਪ੍ਰਾਪਤ ਕਰਨ ਸੰਬੰਧੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਅਤੇ ਡੀਨ ਕਾਲਜ ਵਿਕਾਸ ਕੌਂਸਲ ਅਤੇ ਰਿਸਰਚ ਡਾ. ਜਸਪਾਲ ਕੌਰ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।

