ਯੂਕੇ ਤੋਂ ਅਠਾਰਾਂ ਬੱਚਿਆਂ ਦਾ ਇਕ ਗਰੁੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਘੁੰਮਣ ਆਇਆ
ਪਟਿਆਲਾ 9 ਅਗਸਤ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਵਸਦੇ ਐੱਨ ਆਰ ਆਈ ਭਾਈਚਾਰੇ ਦੀ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੀਆਂ ਜੜਾਂ ਨਾਲ ਜੋੜਨ ਹਿਤ ਚਲਾਈ ਜਾ ਰਹੀ ‘ਕਨੈਕਟ ਵਿਦ ਯੂਅਰ ਰੂਟਸ’ ਨਾਮੀ ਯੋਜਨਾ ਤਹਿਤ ਪਹਿਲੇ ਬੈਚ ਵਿਚ ਯੂਕੇ ਤੋਂ ਅਠਾਰਾਂ ਬੱਚਿਆਂ ਦਾ ਇਕ ਗਰੁੱਪ ਪੰਜਾਬ ਘੁੰਮਣ ਆਇਆ ਹੋਇਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਪਹੁੰਚੇ ਇਸ ਡੈਲੀਗੇਟਸ ਦਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਉੱਚ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਡਾ. ਘੁੰਮਣ ਵੱਲੋਂ ਖੁਦ ਅਗਵਾਈ ਕਰਦਿਆਂ ਇਨ੍ਹਾਂ ਬੱਚਿਆਂ ਨੂੰ ਯੂਨੀਵਰਸਿਟੀ ਕੈਂਪਸ ਦੀਆਂ ਮੁੱਖ ਥਾਵਾਂ ਦਾ ਦੌਰਾ ਕਰਵਾਇਆ ਗਿਆ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਅਤੇ ਨ੍ਰਿਤ ਵਿਭਾਗ ਵੱਲੋਂ ਸਾਂਝੇ ਤੌਰ ਤੇ ਕਲਾ ਭਵਨ ਵਿਖੇ ਇਕ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ ਤਾਂ ਕਿ ਇਨ੍ਹਾਂ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਦੀਆਂ ਕੁੱਝ ਕਲਾਤਮਕ ਵੰਨਗੀਆਂ ਵੀ ਵਿਖਾਈਆਂ ਜਾ ਸਕਣ। ਜੁਗਨੀ, ਫੋਕ-ਆਰਕੈਸਟਰਾ, ਕੋਰੀਓਗ੍ਰਾਫ਼ੀ ਅਤੇ ਕੁੱਝ ਹੋਰ ਪੇਸ਼ਕਾਰੀਆਂ ਨੂੰ ਇਸ ਡੈਲੀਗੇਟ ਦੇ ਮੈਂਬਰਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾ. ਘੁੰਮਣ ਵੱਲੋਂ ਡੈਲੀਗੇਟਸ ਨੂੰ ਕਿਹਾ ਗਿਆ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਵਿਰਸੇ ਦੀ ਖੁਸ਼ਬੋ ਮਾਨਣ ਦੇ ਜਿਸ ਮਕਸਦ ਹਿਤ ਪੰਜਾਬ ਆਏ ਹਨ, ਉਸ ਮਕਸਦ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਿਲਕੁਲ ਢੁਕਵੀਂ ਜਗ੍ਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਡੈਲੀਗੇਟ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਭੇਜਣ ਦੇ ਫੈਸਲੇ ਦਾ ਵੀ ਵਾਈਸ-ਚਾਂਸਲਰ ਵੱਲੋਂ ਸਵਾਗਤ ਕੀਤਾ ਗਿਆ। ਨਾਲ ਹੀ ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰੀ ਆਦੇਸ਼ਾਂ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਿਰਫ ਖਾਣਾ ਮੁਹਈਆ ਕਰਵਾਉਣ ਦੇ ਹੁਕਮ ਹੋਏ ਸਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਸ਼ੇਸ ਤੌਰ ਤੇ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕਰ ਕੇ ਇਨ੍ਹਾਂ ਵਿਦੇਸ਼ੀ ਡੈਲੀਗੇਟਸ ਦੀ ਸਭਿਆਚਾਰ ਅਤੇ ਵਿਰਸੇ ਪ੍ਰਤੀ ਭੁੱਖ ਦੀ ਪੂਰਤੀ ਕਰਨ ਦਾ ਵੀ ਯਤਨ ਕੀਤਾ ਗਿਆ ਹੈ। ਇਸ ਡੈਲੀਗੇਟਸ ਦੇ ਕੋਆਰਡੀਨੇਟਰ ਸ਼੍ਰੀ ਵਰਿੰਦਰ ਸਿੰਘ ਖੈਹਰਾ ਵੱਲੋਂ ਪ੍ਰੋਗਰਾਮ ਪ੍ਰਤੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਦਾ ਭਾਵਪੂਰਤ ਸ਼ਬਦਾਂ ਵਿਚ ਧੰਨਵਾਦ ਕੀਤਾ ਗਿਆ। ਕਲਾ ਭਵਨ ਵਿਚਲੇ ਇਸ ਪ੍ਰੋਗਰਾਮ ਉਪਰੰਤ ਯੂਨੀਵਰਸਿਟੀ ਵੱਲੋਂ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਗੁਰਸੇਵਕ ਸਿੰਘ ਲੰਬੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਡੈਲੀਗੇਟ ਦਾ ਸਵਾਗਤ ਕਰਨ ਹਿਤ ਸਮੁੱਚੇ ਪ੍ਰਬੰਧਾਂ ਦਾ ਆਯੋਜਨ ਯੂਨੀਵਰਸਿਟੀ ਦੇ ਪ੍ਰਬੰਧਕੀ ਅਫਸਰ ਡਾ. ਪ੍ਰਭਲੀਨ ਸਿੰਘ ਵੱਲੋਂ ਕੀਤਾ ਗਿਆ ਸੀ। ਸਵਾਗਤੀ ਟੀਮ ਵਿਚ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬੱਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਅਤੇ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ ਸ਼ਾਮਿਲ ਸਨ। ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਈ ਸੁਰੱਖਿਆ ਛਤਰੀ ਹੇਠ ਪਹੁੰਚੀ ਇਸ ਟੀਮ ਵਿਚ ਟੂਰਿਸਟ ਅਫਸਰ ਅੰਮਿਤਸਰ ਸਾਹਿਬ ਗੁਰਸ਼ਰਨ ਸਿੰਘ, ਟੂਰਿਜ਼ਮ ਅਫਸਰ ਪਟਿਆਲਾ ਹਰਦੀਪ ਸਿੰਘ ਅਤੇ ਟੂਰਿਜ਼ਮ ਅਫਸਰ ਬਠਿੰਡਾ ਗੁਰਜੋਤ ਸਿੰਘ ਸ਼ਾਮਿਲ ਸਨ।

