ਖ਼ਾਲਸਾ ਕਾਲਜ ਪਟਿਆਲਾ ਨੇ ਧੂਮ ਧੜੱਕੇ ਨਾਲ ਮਨਾਇਆ ‘ਤੀਆਂ ਤੀਜ ਦੀਆਂ’ ਤਿਉਹਾਰ
ਆਰਟਸ ਵਿਭਾਗ ਰਿਹਾ ਓਵਰਆਲ ਜੇਤੂ
ਹਰਸੰਗੀਤ ਕੌਰ ਨੂੰ ਮਿਲਿਆ ਮਿਸ ਤੀਜ ਦਾ ਖਿਤਾਬ
ਪਟਿਆਲਾ 10 ਅਗਸਤ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਤੀਆਂ ਤੀਜ ਦੀਆਂ ਤਿਉਹਾਰ ਮਨਾਇਆ ਗਿਆ। ਇਸ ਤਿਉਹਾਰ ਦੌਰਾਨ ਕਾਲਜ ਦੇ ਸਮੂਹ ਲੇਡੀਜ਼ ਸਟਾਫ ਅਤੇ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਭਾਗ ਲਿਆ।
ਕਾਲਜ ਦਾ ਇਹ ਤਿਉਹਾਰ ਮਨਾਉਣ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਅੰਦਰ ਆਪਣੇ ਸੱਭਿਆਚਾਰ ਅਤੇ ਪਰੰਪਰਾ ਨਾਲ ਮੋਹ ਪੈਦਾ ਕਰਨਾ ਅਤੇ ਉਸ ਨੂੰ ਇਸ ਦੀਆਂ ਰਵਾਇਤੀ ਕਦਰਾਂ ਕੀਮਤਾਂ ਤਿਉਹਾਰਾਂ ਖਾਣ ਪੀਣ ਅਤੇ ਪਹਿਰਾਵੇ ਆਦਿ ਤੋਂ ਜਾਣੂ ਕਰਵਾਉਣਾ ਸੀ। ਕਾਲਜ ਵੱਲੋਂ ਇਸ ਮੌਕੇ ਵੱਖ ਵੱਖ ਵਿਭਾਗਾਂ – ਆਰਟਸ ਕਾਮਰਸ ਐਂਡ ਮੈਨੇਜਮੈਂਟ ਸਾਇੰਸ ਕੰਪਿਊਟਰ ਗਣਿਤ ਅਤੇ ਖੇਤੀਬਾੜੀ – ਦੀਆਂ ਵਿਦਿਆਰਥਣਾਂ ਦੇ ਲੋਕ ਗੀਤ ਗਿੱਧੇ ਮਹਿੰਦੀ ਲਗਾਉਣ ਸਿਰ ਗੁੰਦਣ ਰੱਸੀ ਟੱਪਣ ਅਤੇ ਪੱਖੀ ਬੁਣਨ ਆਦਿ ਦੇ ਮੁਕਾਬਲੇ ਕਰਵਾਏ ਗਏ ਅਤੇ ਸਮੂਹ ਕਾਲਜ ਵਿੱਚ ਪਰੰਪਰਾਗਤ ਖਾਣੇ ਖੀਰ ਪੂੜਿਆਂ ਦੇ ਲੰਗਰ ਵਰਤਾਏ ਗਏ। ਇਸ ਸਮਾਰੋਹ ਦੌਰਾਨ ਮੈਡਮ ਸਵਰਨਜੀਤ ਕੌਰ ਉੱਭਾ ਨੇ ਉਚੇਚੇ ਤੌਰ ਤੇ ਸ਼ਰਿਕਤ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਤੀਆਂ ਦੇ ਪਵਿੱਤਰ ਤਿਉਹਾਰ ਨੂੰ ਮਨਾਉਣ ਦੀ ਬਖਸ਼ਸਿ ਉਨ੍ਹਾਂ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ ਜਿਨ੍ਹਾਂ ਦੇ ਘਰ ਧੀਆਂ ਦੀ ਬਖਸ਼ਿਸ਼ ਹੋਵੇ।
ਕਾਲਜ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉੱਭਾ ਨੇ ਇਸ ਮੌਕੇ ਸਾਰਿਆਂ ਨੂੰ ਧੀਆਂ ਦੇ ਤਿਉਹਾਰ ਤੀਆਂ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜਿਸ ਵਿੱਚ ਵੱਖ ਵੱਖ ਥਾਵਾਂ ਤੇ ਰਹਿ ਰਹੀਆਂ ਧੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਜਾਂਦੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਖ਼ੁਸ਼ੀ ਜ਼ਾਹਿਰ ਕੀਤੀ ਕਿ ਅੱਜ ਲੜਕੀਆਂ ਹਰ ਖੇਤਰ ਵਿਚ ਉੱਚੀਆਂ ਮੰਜ਼ਲਾਂ ਨੂੰ ਛੂਹ ਰਹੀਆਂ ਹਨ ਜਿਸ ਨਾਲ ਉਹ ਘਰ ਪਰਿਵਾਰ ਨੂੰ ਸੰਯੁਕਤ ਰੱਖਦੀਆਂ ਹੋਈਆਂ ਸਮੁੱਚੇ ਸਮਾਜ ਦੀ ਵੀ ਅਗਵਾਈ ਕਰ ਰਹੀਆਂ ਹਨ। ਡਾ ਉੱਭਾ ਨੇ ਕਿਹਾ ਕਿ ਔਰਤ ਪਰੰਪਰਾ ਦੀ ਵਾਹਕ ਹੁੰਦੀ ਹੈ ਇਸ ਲਈ ਸਾਡੀਆਂ ਧੀਆਂ ਭਾਵ ਸਾਡੇ ਨੌਜਵਾਨ ਵਰਗ ਨੂੰ ਉੱਚੀਆਂ ਤੇ ਸੁੱਚੀਆਂ ਕਦਰਾਂ ਕੀਮਤਾਂ ਨੂੰ ਧਾਰਨ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਉਸਾਰੂ ਸਮਾਜ ਦੀ ਸਿਰਜਣਾ ਹੋ ਸਕੇ।
ਡਾ ਹਰਵਿੰਦਰ ਕੌਰ ਡੀਨ ਸੱਭਿਆਚਾਰਕ ਸਰਗਰਮੀਆਂ ਅਤੇ ਪ੍ਰੋਫੈਸਰ ਸੰਦੀਪ ਕੌਰ ਚਹਿਲ ਡੀਨ ਕਰੀਏਟਿਵ ਆਰਟਸ ਦੀ ਸੁਯੋਗ ਅਗਵਾਈ ਸਦਕਾ ਇਹ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ।
ਇਸ ਤਿਉਹਾਰ ਦੌਰਾਨ ਕਰਵਾਏ ਗਏ ਵਿਭਾਗੀ ਮੁਕਾਬਲਿਆਂ ਵਿੱਚ ਆਰਟਸ ਵਿਭਾਗ ਪਹਿਲੇ ਸਥਾਨ ‘ਤੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੂਸਰੇ ਸਥਾਨ ‘ਤੇ ਅਤੇ ਗਣਿਤ ਵਿਭਾਗ ਤੀਸਰੇ ਸਥਾਨ ‘ਤੇ ਰਹੇ।
ਮਿਸ ਤੀਜ ਮੁਕਾਬਲਿਆਂ ਦੌਰਾਨ ਹਰਸੰਗੀਤ ਕੌਰ ਨੂੰ ਮਿਸ ਤੀਜ ਦਾ ਖਿਤਾਬ ਮਿਲਿਆ ਗੁਰਲੀਨ ਕੌਰ ਫਸਟ ਰਨਰਅੱਪ ਅਤੇ ਉਪਿੰਦਰ ਕੌਰ ਸੈਕਿੰਡ ਰਨਰ ਅੱਪ ਰਹੀਆਂ।
ਇਸ ਤਿਉਹਾਰ ਦੌਰਾਨ ਕਰਵਾਏ ਗਏ ਹੋਰ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ। ਗਿੱਧੇ ਵਿੱਚ ਆਰਟਸ ਵਿਭਾਗ ਪਹਿਲੇ ਸਥਾਨ ‘ਤੇ ਐਗਰੀਕਲਚਰ ਵਿਭਾਗ ਦੂਸਰੇ ਅਤੇ ਕਾਮਰਸ ਵਿਭਾਗ ਤੀਸਰੇ ਸਥਾਨ ‘ਤੇ ਰਹੇ।
ਮਹਿੰਦੀ ਲਗਾਉਣ ਦੇ ਮੁਕਾਬਲਿਆਂ ਵਿੱਚ ਚਰਨਪ੍ਰੀਤ ਕੌਰ ਨੇ ਪਹਿਲਾ ਅਮਨਪ੍ਰੀਤ ਕੌਰ ਨੇ ਦੂਸਰਾ ਅਤੇ ਪ੍ਰਿਯੰਕਾ ਨੇ ਤੀਸਰਾ ਸਥਾਨ ਹਾਸਲ ਕੀਤਾ। ਸਿਰ ਗੁੰਦਣ ਦੇ ਮੁਕਾਬਲੇ ਵਿੱਚ ਜਗਦੀਪ ਕੌਰ ਨੇ ਪਹਿਲਾ ਰੂਬੀ ਨੇ ਦੂਸਰਾ ਅਤੇ ਕਮਲਜੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਪੱਖੀ ਬੁਣਨ ਦੇ ਮੁਕਾਬਲੇ ਵਿੱਚ ਰਮਨਦੀਪ ਕੌਰ ਪਹਿਲੇ ਮਨੀ ਦੂਸਰੇ ਅਤੇ ਮਹਿਕ ਤੀਸਰੇ ਸਥਾਨ ‘ਤੇ ਰਹੀਆਂ। ਰੱਸੀ ਟੱਪਣ ਵਿੱਚ ਅਮਨਪ੍ਰੀਤ ਕੌਰ ਨੇ ਪਹਿਲਾ ਰੁਚੀ ਨੇ ਦੂਸਰਾ ਅਤੇ ਸੁਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੋਕ ਗੀਤ ਮੁਕਾਬਲੇ ਵਿੱਚ ਸਰਘੀ ਨੇ ਪਹਿਲਾ ਹਰਲੀਨ ਕੌਰ ਨੇ ਦੂਸਰਾ ਅਤੇ ਰਵਨੀਤ ਕੌਰ ਅਤੇ ਰੁਪਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਵਿਦਿਆਰਥਣਾਂ ਦੇ ਉਤਸ਼ਾਹ ਜੋਸ਼ੋਫਰੋਖ ਨਾਲ ਵੱਖ ਵੱਖ ਮੁਕਾਬਲਿਆਂ ਵਿੱਚ ਲਏ ਗਏ ਭਾਗ ਅਤੇ ਰੰਗ ਬਿਰੰਗੇ ਪਹਿਰਾਵੇ ਸਦਕਾ ਕਾਲਜ ਦਾ ਸਾਰਾ ਮਾਹੌਲ ਖੁਸ਼ੀਆਂ ਅਤੇ ਖੇੜਿਆਂ ਨਾਲ ਭਰ ਗਿਆ ਅਤੇ ਸਾਰਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਗਿਆ।

