ਸਨੌਰ ਕੁੱਟਮਾਰ ਮਾਮਲੇ ‘ਤੇ ਅਕਾਲੀ ਦਲ ਅਤੇ ਰਾਜਨੀਤਕ ਪਾਰਟੀਆਂ ਸੇਕ ਰਹੀਆਂ ਸਿਆਸੀ ਰੋਟੀਆਂ : ਹਰਮੀਤ ਸਿੰਘ ਪਠਾਣਮਾਜਰਾ
ਏ.ਐਸ.ਆਈ. ਨਰਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਲਈ ਹਰਮੀਤ ਸਿੰਘ ਪਠਾਣਮਾਜਰਾ ਮੈਦਾਨ ‘ਚ ਨਿੱਤਰੇ
ਪਟਿਆਲਾ 10 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭੁੱਨਰਹੇੜੀ ਅਤੇ ਜੁਝਾਰੂ ਆਗੂ ਹਰਮੀਤ ਸਿੰਘ ਪਠਾਣਮਾਜਰਾ ਨੇ ਸਨੌਰ ਕੁੱਟਮਾਰ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਦਿੱਤੀ ਜਾ ਰਹੀ ਤੁਲ ਦੇ ਚੱਲਦਿਆਂ ਆਪਣੇ ਸਮਰਥਕਾਂ ਦਾ ਵੱਡਾ ਇਕੱਠਾ ਕਰਕੇ ਆਖਿਆ ਸਨੌਰ ਥਾਣੇ ‘ਚ ਨੌਜਵਾਨ ਲੜਕੇ ਦੀ ਕੁੱਟਮਾਰ ਸ਼ਰਮਨਾਕ ਘਟਨਾ ਹੈ, ਜਿਸ ਦੇ ਸਾਰੇ ਪਹਿਲੂਆਂ ‘ਤੇ ਜਾ ਕੇ ਸੱਚਾਈ ਸਾਹਮਣੇ ਲਿਆਉਣ ਦੀ ਲੋੜ ਹੈ।
ਹਰਮੀਤ ਪਠਾਣਮਾਜਰਾ ਨੇ ਕਿਹਾ ਕਿ ਅਮਰਦੀਪ ਸਿੰਘ ਦੀ ਕੁੱਟਮਾਰ ਮਾਮਲੇ ਨੂੰ ਜ਼ਿਆਦਾ ਤੁਲ ਦੇ ਕੇ ਏ.ਐਸ.ਆਈ. ਨਰਿੰਦਰ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਰਾਜਨੀਤਕ ਪਾਰਟੀਆਂ ਸਿਆਸੀ ਰੋਟੀਆਂ ਸੇਕਣ ਤੋਂ ਸਿਵਾਏ ਕੁਝ ਨਹੀਂ ਕਰ ਰਹੀਆਂ। ਪਠਾਣਮਾਜਰਾ ਨੇ ਐਸ.ਐਸ.ਪੀ. ਪਟਿਆਲਾ ਨੇ ਸਿਆਸੀ ਪਾਰਟੀਆਂ ਦਬਾਅ ‘ਚ ਆ ਕੇ ਜਲਦਬਾਜ਼ੀ ਕਰਦਿਆਂ ਏ.ਐਸ.ਆਈ. ਨਰਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਤਾਂ ਕਰ ਦਿੱਤਾ, ਪਰ ਪੂਰੇ ਮਾਮਲੇ ਦੀ ਸਮੀਖਿਆ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਲਏ ਫੈਸਲੇ ਨਾਲ ਪੁਲਿਸ ਕਰਮਚਾਰੀਆਂ ਦਾ ਮਨੋਬਲ ਡਿਗੇਗਾ। ਉਨ੍ਹਾਂ ਚਮਾਰਹੇੜੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਪੰਪ ‘ਤੇ ਨਜਾਇਜ਼ ਵਿਅਕਤੀ ਗੋਲੀਆਂ ਨਾਲ ਮਾਰ ਦਿੱਤੇ ਗਏ ਸੀ ਤਾਂ ਸਮਾਜ ਦੇ ਲੋਕਾਂ ਨੇ ਪੁਲਿਸ ‘ਤੇ ਉਂਗਲ ਚੁੱਕਦਿਆਂ ਇਹ ਦੋਸ਼ ਮੜੇ ਸਨ ਕਿ ਜੇ ਪੁਲਿਸ ਰਾਤ ਸਮੇਂ ਗਸ਼ਤ ਕਰਦੀ ਤਾਂ ਸ਼ਾਇਦ ਘਟਨਾ ਨਾ ਵਾਪਰਦੀ, ਪਰ ਜੇ ਹੁਣ ਪੁਲਿਸ ਕਰਮਚਾਰੀ ਰਾਤ ਸਮੇਂ ਆਪਣੀ ਡਿਊਟੀ ਨਿਭਾ ਰਹੀ ਹੈ ਤਾਂ ਅਜਿਹੀਆਂ ਘਟਨਾਵਾਂ ਨੂੰ ਰਾਜਨੀਤਕ ਪਾਰਟੀਆਂ ਦੇ ਲੋਕ ਤੁਲ ਦੇਣ ਲੱਗੇ ਹੋਏ ਹਨ।
ਪਠਾਣਮਾਜਰਾ ਨੇ ਕਿਹਾ ਕਿ ਅਮਰਦੀਪ ਅਤੇ ਪੀੜਤ ਪਰਿਵਾਰ ਨਾਲ ਸਾਨੂੰ ਵੀ ਹਮਦਰਦੀ ਹੈ, ਪਰ ਹਲਕਾ ਵਿਧਾਇਕ ਇਸ ਮਾਮਲੇ ‘ਤੇ ਜ਼ਿਆਦਾ ਹੀ ਸਿਆਸਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਸ ਮਾਮਲੇ ਨੂੰ ਤੁਲ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਸਖਤ ਬਿਆਨ ਦੇ ਰਹੇ ਹਨ, ਜਦਕਿ ਅਕਾਲੀ ਸਰਕਾਰ ਸਮੇਂ ਸਿੱਖਾਂ ਦੇ ਹਿਰਦੇ ਵੰਲਧੂਰ ਦੇਣ ਵਾਲੀ ਬਰਗਾੜੀ ਘਟਨਾ ਸਮੇਂ ਤਾਂ ਉਹ ਉਥੇ ਪਹੁੰਚੇ ਤੱਕ ਨਹੀਂ ਸੀ। ਪਠਾਣਮਾਜਰਾ ਨੇ ਕਿਹਾ ਕਿ ਏ.ਐਸ. ਆਈ. ਨਰਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਲਈ ਇਲਾਕਾ ਵਾਸੀਆਂ ਨਾਲ ਐਸ.ਐਸ.ਪੀ. ਪਟਿਆਲਾ ਨੂੰ 12 ਅਗਸਤ ਨੂੰ ਮਿਲਕੇ ਮਾਮਲੇ ‘ਤੇ ਮੁੜ ਸਮੀਖਿਆ ਕਰਨ ਦੀ ਅਪੀਲ ਕੀਤੀ ਜਾਵੇਗੀ।

