ਸਿੱਖਿਆ ਦੇ ਖੇਤਰ ਵਿੱਚ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਇੱਕ ਨਵੇਂ ਯੁੱਗ ਦੀ ਸ਼ੁਰੁਆਤ: ਵੜੈਚ
ਸਮਾਰਟ ਸਕੂਲ ਬਹਾਦਰਗੜ੍ਹ ਵਿਖੇ ਵਿਗਿਆਨ ਐਕਟੀਵਿਟੀ ਮੇਲੇ ਦਾ ਆਯੋਜਨ
ਪਟਿਆਲਾ, 20 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸਕੱਤਰ ਸਿੱਖਿਆ ਪੰਜਾਬ, ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਤੇ ਚਲਾਏ ਜਾ ਰਹੇ ਪ੍ਰਾਜੈਕਟ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਦੀ ਦੇਖਰੇਖ ਹੇਠ ਵਿਗਿਆਨ ਐਕਟੀਵਿਟੀ ਫੇਅਰ ਦਾ ਆਯੋਜਨ ਕਰਵਾਇਆ ਗਿਆ। ਵਿਗਿਆਨ ਮੇਲੇ ਦੌਰਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਆਲ ਇੰਡੀਆ ਰੇਡਿਓ,ਪਟਿਆਲਾ 100.2 ਐਫ.ਐਮ. ਤੋਂ ਅਸਿਸਟੈਂਟ ਡਾਇਰੈਕਟਰ ਸ. ਅਮਰਜੀਤ ਸਿੰਘ ਵੜੈਚ ਨੇ ਸ਼ਿਰਕਤ ਕੀਤੀ।
ਪ੍ਰਦਰਸ਼ਨੀ ਵਿੱਚ ਛੇਵੀਂ ਤੋਂ ਦਸਵੀਂ ਦੇ ਵਿਦਿਆਰਥੀਆਂ ਵਲੋਂ ਪ੍ਰਦਰਸ਼ਿਤ ਕੀਤੀਆਂ ਵਿਗਿਆਨ ਦੀਆਂ ਕਿਰਿਆਵਾਂ ਨੂੰ ਵੇਖਦਿਆਂ ਸ. ਵੜੈਚ ਨੇ ਕਿਹਾ ਕਿ ਅੱਜ ਦੇ ਵਿਗਿਆਨ ਮੇਲੇ ਵਿੱਚ ਆ ਕੇ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਹੈ ਕਿ ਇਹ ਉਪਰਾਲਾ ਬਹੁਤ ਪਹਿਲਾਂ ਹੀ ਆਰੰਭ ਕਰ ਦੇਣਾ ਚਾਹੀਦਾ ਸੀ। ਵਿਗਿਆਨ ਰੋਜਾਨਾ ਜ਼ਿੰਦਗੀ ‘ਚ ਕਿਵੇਂ ਸਹਾਈ ਹੁੰਦਾ ਹੈ ਅਤੇ ਕੁਦਰਤ ਨੂੰ ਵਿਗਿਆਨ ਰਾਹੀਂ ਕਿਵੇਂ ਸਮਝਿਆ ਜਾ ਸਕਦਾ ਹੈ, ਇਸ ਬਾਰੇ ਵਿਦਿਆਰਥੀ ਖੁਦ ਹੱਥੀ ਕਿਰਿਆਵਾਂ ਕਰ ਕੇ ਵਿਖਾ ਰਹੇ ਹਨ। ਉਨਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਦਾ ਇਹ ਉਪਰਾਲਾ ਇੱਕ ਨਵੇਂ ਯੁੱਗ ਦੀ ਸ਼ੁਰੁਆਤ ਹੈ ਅਤੇ ਇਸ ਲਈ ਸਮੁੱਚਾ ਅਧਿਆਪਕ ਵਰਗ ਅਤੇ ਸਕੂਲ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ।
ਮੈਂਟਰ-ਵਿਗਿਆਨ ਅਭਿਨਵ ਜੋਸ਼ੀ ਨੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਕਰੋ ਅਤੇ ਸਿੱਖੋ’ ਦੇ ਸਿਧਾਂਤ ਤੇ ਅਧਾਰਿਤ ਇਨ੍ਹਾਂ ਵਿਗਿਆਨ ਕਿਰਿਆਤਮਕ ਮੇਲਿਆਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਵੀ ਭਰਵਾਂ ਹੁੰਘਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀ ਆਪਣੇ ਸਹਿਪਾਠੀਆਂ ਤੋਂ ਵੀ ਕਿਰਿਆਵਾਂ ਸਿੱਖ ਰਹੇ ਹਨ।
ਇਸ ਵਿਗਿਆਨ ਐਕਟੀਵਿਟੀ ਫੇਅਰ ਦੌਰਾਨ ਵਿਗਿਆਨ ਅਧਿਆਪਕਾਂ ਅੰਜਲੀ ਰਾਣੀ, ਹੈਪੀ ਰਾਣੀ, ਸਪਨਾ ਰਾਣੀ, ਸਪਨਾ ਸ਼ਰਮਾ, ਪੂਜਾ ਭੱਟ, ਨਵਜੋਤ ਕੌਰ ਅਤੇ ਸੀਨੀਅਰ ਲੈਬ ਅਟੈਂਡੈਂਟ ਮੁਕਤਾ ਭੱਲਾ ਅਤੇ ਗੁਰਪ੍ਰੀਤ ਕੌਰ ਨੇ ਵੀ ਭਾਗ ਲਿਆ।

