ਪੰਜਾਬੀ ਯੂਨੀਵਰਸਿਟੀ ਦੇ ਠੇਕਾ ਸਿਸਟਮ ਕਰਮਚਾਰੀ ਪਹੁੰਚੇ ਮੁੱਖ ਮੰਤਰੀ ਦੇ ਦਰਬਾਰ ‘ਚ
-ਮੁੱਖ ਮੰਤਰੀ ਦੇ ਓ.ਐਸ.ਡੀ ਨੂੰ ਦਿੱਤਾ ਮੰਗ ਪੱਤਰ
ਪਟਿਆਲਾ 21 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਖੇ ਠੇਕਾ ਸਿਸਟਮ ਤਹਿਤ ਕੰਮ ਕਰ ਰਹੇ 945 ਦੇ ਲਗਭਗ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਮੁੱਖ ਮੰਤਰੀ ਦੇ ਪਟਿਆਲਾ ਦਰਬਾਰ ਵਿਚ ਪਹੁੰਚ ਕੀਤੀ। ਪੰਜਾਬੀ ਯੂਨੀਵਰਸਿਟੀ ਦੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਠੇਕਾ ਮੁਲਾਜਮ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਦੀ ਮੀਟਿੰਗ ਮੁੱਖ ਮੰਤਰੀ ਦੇ ਓ.ਐਸ.ਡੀ ਸ੍ਰੀ ਰਾਜੇਸ਼ ਸ਼ਰਮਾ (ਪੀ.ਸੀ.ਐਸ) ਨਾਲ ਹੋਈ।
ਇਸ ਮੌਕੇ ਡਾ. ਜਤਿੰਦਰ ਸਿੰਘ ਮੱਟੂ ਨੇ ਮੁੱਖ ਮੰਤਰੀ ਦੇ ਓ.ਐਸ.ਡੀ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਦਸੰਬਰ 2012 ਵਿਚ ਹੋਈ ਸਿੰਡੀਕੇਟ ਦੇ ਫੈਸਲੇ ਬਾਰੇ ਜਾਣੂ ਕਰਵਾਇਆ ਜਿਸ ਵਿਚ ਠੇਕਾ ਸਿਸਟਮ ਤਹਿਤ 5 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀ ਨੂੰ ਡੇਲੀਵੇਜਿਜ ‘ਤੇ ਕੀਤੇ ਜਾਣ ਦਾ ਏਜੰਡਾ ਪਾਸ ਹੋਇਆ ਸੀ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਠੇਕਾ ਸਿਸਟਮ ਤਹਿਤ ਕੰਮ ਕਰਨ ਵਾਲੇ ਸਫਾਈ ਕਰਮਚਾਰੀ, ਸੇਵਾਦਾਰ ਅਤੇ ਸੁਰੱਖਿਆ ਗਾਰਡਸ ਪਿਛਲੇ 10-15 ਸਾਲਾਂ ਤੋਂ ਬਹੁਤ ਹੀ ਨਿਗੁਣੀਆਂ ਜਿਹੀਆਂ ਤਨਖਾਹਾਂ ਉੱਪਰ ਇਸ ਆਸ ‘ਤੇ ਡਿਊਟੀਆਂ ਨਿਭਾਅ ਰਹੇ ਹਨ ਕਿ ਉਹ ਅੱਜ਼ ਨਹੀਂ ਤਾਂ ਕੱਲ ਰੈਗੂਲਰ ਹੋਣ ਜਾਣਗੇ। ਲਿਹਾਜਾ ਯੂਨੀਵਰਸਿਟੀ ਅਥਾਰਿਟੀ ਨੂੰ ਆਪਣਾਂ ਕੀਤਾ ਹੋਇਆ ਫੈਯਲਾ ਹੀ ਲਾਗੂ ਕਰਨਾ ਚਾਹੀਦਾ ਹੈ। ਇੰਨਾਂ ਕਰਮਚਾਰੀਆਂ ਵਿਚ 5 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀ ਨੂੰ ਡੇਲੀਵੇਜਿਜ ‘ਤੇ ਕਰਨਾ ਚਾਹੀਦਾ ਹੈ। ਉਨਾਂ ਸ੍ਰੀ ਰਾਜੇਸ਼ ਸ਼ਰਮਾ ਨੂੰ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ 27 ਅਗਸਤ ਨੂੰ ਸਿੰਡੀਕੇਟ ਦੀ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਠੇਕਾ ਸਿਸਟਮ ਤਹਿਤ 5 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਡੇਲੀਵੇਜਿਜ ‘ਤੇ ਕਰਨ ਵਾਲੇ ਮਾਮਲੇ ਨੂੰ ਏਜੰਡੇ ਵਿਚ ਰੱਖਿਆ ਗਿਆ ਹੈ। ਇਸ ਲਈ ਕਰਮਚਾਰੀਆਂ ਦੀ ਅਪੀਲ ਹੈ ਕਿ ਪੰਜਾਬ ਸਰਕਾਰ ਇਸ ਮੀਟਿੰਗ ਵਿਚ ਇੰਨਾਂ ਕਰਮਚਾਰੀਆਂ ਦੇ ਹੱਕ ਦੀ ਗੱਲ ਕਰੇ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ ਸ੍ਰੀ ਰਾਜੇਸ਼ ਸ਼ਰਮਾ ਨੇ ਕਰਮਚਾਰੀਆਂ ਦੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਯੂਨੀਵਰਸਿਟੀ ਅਥਾਰਿਟੀ ਨਾਲ ਬਹੁਤ ਜਲਦ ਇਸ ਸਬੰਧੀ ਗੱਲ ਕੀਤੀ ਜਾਵੇਗੀ ਅਤੇ ਕਰਮਚਾਰੀਆਂ ਦੀ ਇਸ ਮੰਗ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।ਉਨਾਂ ਕਿਹਾ ਕਿ ਕਰਮਚਾਰੀਆਂ ਦੀ ਇਸ ਮੰਗ ਪ੍ਰਤੀ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਵੀ ਗੰਭੀਰ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਠੇਕਾ ਮੁਲਾਜਮ ਸੰਘਰਸ਼ ਕਮੇਟੀ ਤੋਂ ਆਗੂਆਂ ਵਿਚ ਜਤਿੰਦਰ ਧਾਲੀਵਾਲ, ਰਾਜੇਸ਼ ਕੁਮਾਰ, ਸੰਦੀਪ ਕੁਮਾਰ, ਇਕਬਾਲ ਮੀਰ, ਅਜੈ ਅਰੋੜਾ, ਰਾਜ ਕੁਮਾਰ ਮੋਨੂੰ, ਮਨੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੁਮਾਇੰਦੇ ਹਾਜਰ ਸਨ।

