ਪਟਿਆਲਾ

7 ਸਤੰਬਰ ਨੂੰ ਗਰਲਜ ਪੋਲੀਟੈਕਨਿਕ ‘ਚ ਲੱਗੇਗਾ ਰੋਜ਼ਗਾਰ ਮੇਲਾ

ਏਅਰ ਫੋਰਸ ਲਈ ਭਰਤੀ ਰੈਲੀ ਡੀ.ਐਮ.ਡਬਲਿਯੂ ਦੇ ਗਰਾਊਂਡ ‘ਚ 1 ਅਕਤੂਬਰ ਨੂੰ
ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਜੈਨਰੇਸ਼ਨ ਵੱਲੋਂ ਤਿਆਰੀਆਂ ਬਾਰੇ ਜਾਇਜ਼ਾ ਮੀਟਿੰਗ
ਪਟਿਆਲਾ, 23 ਅਗਸਤ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਰੋਜ਼ਗਾਰ ਦੇਣ ਦੇ ਕੀਤੇ ਗਏ ਵਾਅਦੇ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਟਿਆਲਾ ਜ਼ਿਲ੍ਹੇ ‘ਚ ਅਗਲਾ ਰੋਜ਼ਗਾਰ ਮੇਲਾ 7 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਦੋਂਕਿ ਏਅਰ ਫੋਰਸ ‘ਚ ਭਰਤੀ ਲਈ ਰੈਲੀ 1 ਅਕਤੂਬਰ ਨੂੰ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਜੈਨਰੇਸ਼ਨ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦੋਵਾਂ ਪ੍ਰਮੁੱਖ ਆਯੋਜਨਾਂ ਦੇ ਬਾਬਤ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਇਕ ਬੈਠਕ ਕੀਤੀ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਰੋਜ਼ਗਾਰ ਮੇਲਾ ਗਰਲ ਪਾਲੀਟੈਕਨਿਕ ਵਿਖੇ ਲਾਇਆ ਜਾ ਰਿਹਾ ਹੈ, ਜਿਥੇ ਐਲ. ਐਂਡ ਟੀ ਵਰਗੀਆਂ ਵੱਡੀਆਂ ਕੰਪਨੀਆਂ ਸਮੇਤ ਸਥਾਨਕ ਉਦਯੋਗਾਂ ਦੇ ਨੁਮਾਇੰਦੇ ਵੀ ਹਿੱਸਾ ਲੈਣਗੇ। ਇਸੇ ਤਰ੍ਹਾਂ ਏਅਰ ਫੋਰਸ ‘ਚ ਭਰਤੀ ਲਈ ਖੁੱਲੀ ਰੈਲੀ ਵੀ ਡੀ.ਐਮ.ਡਬਲਿਯੂ ਦੇ ਮੈਦਾਨ ‘ਚ ਕਰਵਾਈ ਜਾ ਰਹੀ ਹੈ। ਇਥੇ ਹਵਾਈ ਸੈਨਾ ‘ਚ ਗਰੁੜ ਸੈਨਿਕਾਂ ਦੇ ਰੂਪ ‘ਚ ਸੁਰੱਖਿਆ ਡਿਊਟੀ ਲਈ 50 ਫੀਸਦੀ ਅੰਕਾਂ ਨਾਲ 12ਵੀਂ ਪਾਸ 17 ਤੋਂ 21 ਸਾਲ ਤੱਕ ਦੇ ਨੌਜਵਾਨ ਮੌਕੇ ‘ਤੇ ਆ ਕੇ ਹੀ ਆਪਣੇ ਬੇਨਤੀ ਪੱਤਰ ਦੇ ਸਕੇਗਾ। ਇਸ ਲਈ ਅੰਗਰੇਜ਼ੀ ‘ਚ 50 ਫੀਸਦੀ ਅੰਕ ਹੋਣੇ ਲਾਜਮੀ ਹਨ ਜਦੋਂਕਿ ਕੋਈ ਹੋਰ ਆਨ ਲਾਇਨ ਰਜਿਸਟ੍ਰੇਸ਼ਨ ਜਰੂਰੀ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੋ ਲੜਕੇ ਥਲ ਸੈਨਾ ‘ਚ ਕੱਦ ਜਾਂ ਉਮਰ ਕਰਕੇ ਭਰਤੀ ਨਹੀਂ ਹੋ ਸਕੇ, ਉਹ ਵੀ ਏਅਰ ਫੋਰਸ ‘ਚ ਭਰਤੀ ਲਈ ਆ ਸਕਣਗੇ। ਉਨ੍ਹਾਂ ਦੱਸਿਆ ਕਿ ਲੜਕਿਆਂ ਲਈ 5 ਕਿਲੋਮੀਟਰ ਦੌੜ 24 ਮਿੰਟ ਅਤੇ ਲੜਕੀਆਂ ਲਈ ਇੱਕ ਮੀਲ ਦੌੜ 8 ਮਿੰਟ 50 ਸੈਕਿੰਟਾਂ ‘ਚ ਪੂਰੀ ਕਰਨੀ ਵੀ ਲਾਜਮੀ ਹੋਵੇਗੀ। ਜਦੋਂ ਕਿ ਅਰਧ ਸੈਨਿਕ ਬਲਾਂ ‘ਚ 55 ਹਜ਼ਾਰ ਜਵਾਨਾਂ ਨੂੰ ਭਰਤੀ ਕਰਨ ਦੀ ਪ੍ਰਕ੍ਰਿਆ ਜਾਰੀ ਹੈ, ਇਸ ਲਈ ਵੀ 18 ਤੋਂ 23 ਸਾਲ ਦੇ ਨੌਜਵਾਨ 17 ਸਤੰਬਰ ਪੰਜ ਵਜੇ ਤੱਕ www.ssconline.nic.in ‘ਤੇ ਜਾ ਕੇ ਆਨ ਲਾਇਨ ਆਵੇਦਨ ਕੀਤੇ ਜਾ ਸਕਦੇ ਹਨ।
ਸ੍ਰੀ ਕੁਮਾਰ ਅਮਿਤ ਨੇ ਉਦਯੋਗਾਂ ਦੇ ਪ੍ਰਤੀਨਿੱਧੀਆਂ ਨਾਲ ਵੀ 16 ਅਗਸਤ ਨੂੰ ਬੈਠਕ ਕਰਕੇ ਸਨਅਤਾਂ ਦੀਆਂ ਲੋੜਾਂ ਬਾਰੇ ਜਾਣਿਆਂ ਸੀ। ਦੱਸਿਆ ਕਿ ਆਈ.ਟੀ.ਆਈ. ਪਾਸ ਨੌਜਵਾਨਾਂ ਲਈ 1500 ਰੁਪਏ ਸਰਕਾਰ ਵੱਲੋਂ ਪ੍ਰਤੀ ਮਹੀਨਾਂ ਦਿੱਤੇ ਜਾਂਦੇ ਹਨ ਜਦੋਂਕਿ ਉਨ੍ਹਾਂ ਦੇ ਹੁਨਰ ਵਿਕਾਸ ਤਹਿਤ ਮਿਲਣ ਵਾਲੀ ਰਾਸ਼ੀ ਮਿਲਾ ਕੇ ਇਹ ਰਾਸ਼ੀ 5 ਹਜਾਰ ਰੁਪਏ ਹੋ ਜਾਂਦੀ ਹੈ। ਇਸ ਤੋਂ ਬਿਨ੍ਹਾਂ ਪ੍ਰਸਾਸ਼ਨ ਨੇ ਉਦਯੋਗਾਂ ਦੀ ਲੋੜ ਮੁਤਾਬਕ ਹੁਨਰ ਵਿਕਾਸ ਦੇ ਵੀ ਕੁਝ ਮਹੀਨਿਆਂ ਅਤੇ ਹਫ਼ਤਿਆਂ ਦੇ ਕੋਰਸ ਕਰਵਾਉਣ ਦੀ ਤਜਵੀਜ ਉਲੀਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਕ ਵਾਰ ਰੋਜ਼ਗਾਰ ਬਿਊਰੋ ਕੋਲ ਰਜਿਸਟਰ ਹੋਣ ਵਾਲੇ ਵਿਅਕਤੀ ਨੂੰ ਹਰ ਸੰਭਾਵਤ ਰੋਜ਼ਗਾਰ ਦੇ ਸੁਨੇਹੇ ਮਿਲਣ ਲੱਗ ਜਾਂਦੇ ਹਨ। ਇਸ ਮੌਕੇ ਰੋਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *