ਖ਼ਾਲਸਾ ਕਾਲਜ ਵੂਮੈਨ ਵਿਖੇ 2 ਰੋਜ਼ਾ ਕੌਮਾਂਤਰੀ ਸੈਮੀਨਾਰ ਦਾ ਅਗਾਜ਼
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਸਹਿਯੋਗ ਅਤੇ ਇੰਡੀਅਨ ਕੌਂਸਲ ਆਫ਼ ਸ਼ੋਸ਼ਲ ਸਾਇੰਸ ਰਿਸਰਚ (ਆਈ. ਸੀ. ਐਸ. ਐਸ. ਆਰ.) ਵੱਲੋਂ ‘ਦੀ ਮੇਕਿੰਗ ਆਫ਼ ਡਿਜ਼ੀਟਲ ਇੰਡੀਆ’ ਵਿਸ਼ੇ ‘ਤੇ 2 ਰੋਜ਼ਾ ਕੌਮਾਂਤਰੀ ਸੈਮੀਨਾਰ ਕਰਵਾਇਆ ਗਿਆ।
ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਇੰਟਰਨੈਟ ਸੁਵਿਧਾ ਜਾਣਕਾਰੀ ਦਾ ਵਿਸ਼ਾਲ ਭੰਡਾਰ ਹੈ। 2 ਰੋਜ਼ਾ ਪ੍ਰੋਗਰਾਮ ‘ਚ ਪੰਜਾਬ ਯੂਨੀਵਰਸਿਟੀ ਦੇ ਮੁੱਖੀ ਪ੍ਰੋ: ਡਾ. ਮਨਜੀਤ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਫ਼ਾਈਨਾਂਸ ਡਿਵੈਲਪਮੈਂਟ ਆਫ਼ਿਸਰ ਡਾ. ਸੰਕੇਤ ਵਿੱਜ ਅਤੇ ਡਾ. ਬਲਵਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ।
ਸ: ਛੀਨਾ ਨੇ ਕਿਹਾ ਕਿ ਡਿਜੀਟਲ ਇੰਡੀਆ ਨਾਲ ਹਰੇਕ ਖੇਤਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਤਕਨਾਲੋਜੀ ਜਿਨ੍ਹਾਂ ‘ਚ ਕਲਾਊਡ ਕੰਪਿਊਟਿੰਗ ਅਤੇ ਮੋਬਾਈਲ ਐਪਲੀਕੇਸ਼ਨ ਸ਼ਾਮਿਲ ਹਨ, ਨੂੰ ਵਿਸ਼ਵ ਭਰ ‘ਚ ਤੇਜ਼ੀ ਨਾਲ ਆਰਥਿਕ ਵਿਕਾਸ ਅਤੇ ਨਾਗਰਿਕ ਸ਼ਕਤੀਕਰਨ ਲਈ ਉਤਪ੍ਰੇਰਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੋਂ ਇਲਾਵਾ ਵਪਾਰਿਕ ਪੱਧਰ ਦੀਆਂ ਸੇਵਾਵਾਂ ‘ਚ ਕਾਫ਼ੀ ਹੱਦ ਤੱਕ ਤਬਦੀਲ ਆਈ ਹੈ, ਜਿਸ ਨਾਲ ਜਿੱਥੇ ਲੋਕਾਂ ਦੇ ਸਮੇਂ ‘ਚ ਬਚਤ ਹੋਈ, ਉਥੇ ਖੱਜਲ ਖੁਆਰੀ ਤੋਂ ਵੀ ਹਰੇਕ ਇਨਸਾਨ ਨਿਜਾਤ ਮਿਲੀ ਹੈ।
ਸ: ਛੀਨਾ ਨੇ ਕਿਹਾ ਕਿ ਡਿਜੀਟਲ ਤਕਨਾਲੋਜੀ ਸਾਨੂੰ ਇਕ ਦੂਸਰੇ ਨਾਲ ਜੁੜਨ ‘ਚ ਮਦਦ ਕਰਦੀ ਹੈ ਅਤੇ ਸਾਡੇ ਦੁਆਰਾ ਸਾਹਮਣੇ ਆਉਣ ਵਾਲੇ ਮਸਲਿਆਂ ਅਤੇ ਚਿੰਤਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸਹਿਯੋਗ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਤੈਕਨਾਲੋਜੀ ਨਾਲ ਕਈ ਮਹੱਤਵਪੂਰਨ ਮੁੱਦਿਆਂ ਨੂੰ ਕੁਝ ਸਮੇਂ ‘ਚ ਹੱਲ ਵੀ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾ. ਵਿੱਜ ਨੇ ਕਿਹਾ ਕਿ ਡਿਜੀਟਲ ਇੰਡੀਆ ਗਰੁੱਪ ਦਾ ਮੰਤਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਡਿਜੀਟਲ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਲਈ ਨਵੇਂ ਵਿਚਾਰਾਂ ਅਤੇ ਪ੍ਰੈਕਟੀਕਲ ਹੱਲਾਂ ਨਾਲ ਆਉਣਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਸੇਵਾਵਾਂ, ਗਿਆਨ ਅਤੇ ਸੂਚਨਾ ਤੱਕ ਪਹੁੰਚ ਕਰਨ ਦੇ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇੰਟਰਨੈਟ ਸਹੂਲਤ ਖੋਜ਼ ਦਾ ਜਖ਼ੀਰਾ ਹੈ, ਜਿਸ ਨਾਲ ਹਰੇਕ ਇਨਸਾਨ ਨੂੰ ਵੰਨ੍ਹ ਸਵੰਨ੍ਹੀ ਜਾਣਕਾਰੀ ਮੁਹੱਈਆ ਹੁੰਦੀ ਹੈ ਅਤੇ ਇਸ ਦੀ ਵਰਤੋਂ ਸੂਚਨਾ ਅਤੇ ਜਾਣਕਾਰੀ, ਤੁਰੰਤ ਉਚਿੱਤ ਤੇ ਸਹੀ ਸੂਚਨਾ ਪਹੁੰਚਾਉਣ ਲਈ ਕਰਨਾ ਚਾਹੀਦੀ ਹੈ ਪਰ ਕਈ ਮਨੁੱਖ ਇਸ ਦਾ ਗ਼ਲਤ ਵਿਸ਼ੇ ਨਾਲ ਇਸਤੇਮਾਲ ਕਰ ਰਹੇ ਹਨ, ਜੋ ਕਿ ਦੇਸ਼ ਅਤੇ ਸਮਾਜ ਲਈ ਖ਼ਤਰਨਾਕ ਹੈ। ਸ੍ਰੀ ਵਿੱਜ ਨੇ ਕਿਹਾ ਕਿ ਡਿਜੀਟਲ ਭਾਰਤ ਦੀ ਅਸਲੀਅਤ ਨੂੰ ਇੱਕ ਹਕੀਕਤ ਬਣਾਉਣ ਲਈ ਦੁਨੀਆ ਭਰ ਦੀਆਂ ਨੀਤੀਆਂ ਅਤੇ ਵਧੀਆ ਪ੍ਰਥਾਵਾਂ ਨਾਲ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਦੀ ਉਨਤੀ ਅਤੇ ਤਕਨੀਕ ‘ਚ ਨਵੀਂ ਕ੍ਰਾਂਤੀ ਆਈ ਹੈ।
ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਹਾਜ਼ਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਮੁੱਖੀ ਡਾ. ਸੁਮਨ ਨਈਅਰ, ਕਨਵੀਨਰ ਡਾ. ਰਿਤੂ ਧਵਨ, ਕੋ ਕਨਵੀਨਰ ਡਾ. ਸੁਭਾਸ਼ ਗਰੋਵਰ, ਡਾ. ਨਮਰਤਾ, ਰਾਜਵਿੰਦਰ ਕੌਰ, ਕਮਲਪ੍ਰੀਤ ਕੌਰ, ਨੀਤੂ ਕਪੂਰ, ਜਸਪ੍ਰੀਤ ਕੌਰ, ਡਾ. ਵਰੁਣ ਬੱਲ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

