ਦੇਸ਼-ਵਿਦੇਸ਼ਪੰਜਾਬ

ਪਟਿਆਲਾ ਦਾ ਵੇਰਕਾ ਪਲਾਟ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਲਈ ਆਮ ਲੋਕਾਂ ਦੀ ਪਹਿਲੀ ਪਸੰਦ

ਦੁੱਧ ਖ਼ਰੀਦ ਵਿੱਚ ਪਾਰਦਰਸ਼ਤਾ ਲਿਆਉਣ ਲਈ ਲੱਗ ਰਹੀਆਂ ਹਨ ਸਵੈਚਲਿਤ ਦੁੱਧ ਇਕੱਤਰਤਾ ਮਸ਼ੀਨਾਂ
ਪਟਿਆਲਾ, 29 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਵਸਨੀਕਾਂ ਲਈ ਮਿਆਰੀ ਅਤੇ ਗੁਣਵੱਤਾ ਭਰਪੂਰ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਲਈ ਵੇਰਕਾ ਮਿਲਕ ਪਲਾਂਟ ਪਟਿਆਲਾ ਸ਼ੁਰੂ ਤੋਂ ਹੀ ਪਹਿਲੀ ਪਸੰਦ ਰਿਹਾ ਹੈ ਜਿਥੋ ਰੋਜ਼ਾਨਾ 1 ਲੱਖ 32 ਹਜ਼ਾਰ ਲੀਟਰ ਦੁੱਧ 580 ਦੁੱਧ ਉਤਪਾਦਕ ਸਭਾਵਾਂ ਤੋਂ ਇਕੱਠਾ ਕਰਕੇ ਅਲੱਗ-ਅਲੱਗ ਪਦਾਰਥਾਂ ਦੇ ਰੂਪ ਵਿੱਚ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆ ਵੇਰਕਾ ਮਿਲਕ ਪਲਾਂਟ ਪਟਿਆਲਾ ਦੇ ਕਾਰਜਕਾਰੀ ਜਨਰਲ ਮੈਨੇਜਰ ਸ. ਗੁਰਮੇਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਕਾਰਣ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟਖੋਰੀ ਕਰਨ ਵਾਲਿਆਂ ਖਿਲਾਫ਼ ਵਿੱਢੀ ਸਖਤ ਕਾਰਵਾਈ ਉਪਰੰਤ ਇਸ ਪਲਾਂਟ ਤੋਂ ਤਿਆਰ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਸ ਵਿੱਚ ਪਨੀਰ ਅਤੇ ਦਹੀਂ ਪ੍ਰਮੁੱਖ ਹਨ ਦੀ ਖਪਤ ਪਿਛਲੇ 15 ਦਿਨਾਂ ਤੋਂ 25 ਪ੍ਰਤੀਸ਼ਤ ਤੱਕ ਅਤੇ ਦੁੱਧ ਤੇ ਦਹੀ ਦੀ ਖ਼ਪਤ ਵਿੱਚ ਵੀ 10 ਪ੍ਰਤੀਸ਼ਤ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਬਣੇ 33 ਬੂਥਾ ਰਾਹੀਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ।
ਸ. ਗੁਰਮੇਲ ਸਿੰਘ ਨੇ ਦੱਸਿਆ ਕਿ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਅੰਦਰ ਕੁੱਲ 580 ਦੁੱਧ ਉਤਪਾਦਕ ਸਭਾਵਾਂ ਹਨ ਜਿਸ ਵਿੱਚ ਔਰਤਾਂ ਨੂੰ ਇਸ ਕਿੱਤੇ ਵੱਲ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 85 ਸਭਾਵਾਂ ਔਰਤਾਂ ਦੁਆਰਾ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਭਾਵਾਂ ਵਿੱਚ ਦੁੱਧ ਖ਼ਰੀਦ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਵੈਚਲਿਤ ਦੁੱਧ ਇਕੱਤਰਤਾ ਮਸ਼ੀਨਾਂ ਲਗਾਈਆਂ ਜਾ ਰਹੀ ਹਨ ਜੋ ਕਿ ਦੁੱਧ ਦੀ ਗੁਣਵੱਤਾ, ਫੈਟ ਅਤੇ ਕੀਮਤ ਦੀ ਉਸੇ ਸਮੇਂ ਰਸੀਦ ਦੁੱਧ ਉਤਪਾਦਕ ਨੂੰ ਦੇਣਗੀਆਂ ਅਤੇ ਇਹ ਮਸ਼ੀਨਾਂ ਸਰਵਰ ਨਾਲ ਜੋੜੀਆਂ ਜਾ ਰਹੀਆਂ ਹਨ ਜਿਸ ਦਾ ਡਾਟਾ ਨਾਲ ਦੀ ਨਾਲ ਹੀ ਵੇਰਕਾ ਮਿਲਕ ਪਲਾਟ ਵਿੱਚ ਪਹੁੰਚ ਜਾਵੇਗਾ ਜਿਸ ਨਾਲ ਕਿਸੇ ਵੀ ਤਰਾਂ ਦੀ ਗਲਤੀ ਦੀ ਗੁੰਜਾਇਸ਼ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 400 ਸਵੈਚਲਿਤ ਮਸ਼ੀਨਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਬਾਕੀ ਰਹਿੰਦੀਆਂ ਜਲਦੀ ਹੀ ਲਗਾ ਦਿੱਤੀ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵੇਰਕਾ ਪਲਾਂਟ ਵਿੱਚ ਰੋਜ਼ਾਨਾ 15 ਹਜ਼ਾਰ 200 ਦੁੱਧ ਉਤਪਾਦਕਾਂ ਵੱਲੋਂ ਦਿੱਤਾ 1 ਲੱਖ 32 ਹਜ਼ਾਰ ਲੀਟਰ ਦੁੱਧ ਰੋਜ਼ਾਨਾ ਪ੍ਰੋਸੈਸ ਕੀਤਾ ਜਾਂਦਾ ਹੈ।
ਜਨਰਲ ਮੈਨੇਜਰ ਨੇ ਦੱਸਿਆ ਕਿ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਿਬ ਸਾਹਿਬ ਵਿੱਚ ਕੁੱਲ 33 ਬੂਥ ਸਥਾਪਿਤ ਕੀਤੇ ਗਏ ਹਨ ਜਿਥੇ ਵੇਰਕਾ ਦਾ ਬਣਿਆਂ ਮਿਆਰੀ ਸਮਾਨ ਲੋਕਾਂ ਤੱਕ ਪਹੁੰਚਦਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਵੇਰਕਾ ਮਿਲਕ ਪਲਾਂਟ ਦਾ ਰੋਜ਼ਾਨਾ 38 ਹਜ਼ਾਰ ਲੀਟਰ ਦੁੱਧ ਵਿਕਦਾ ਹੈ ਅਤੇ 4500 ਲੀਟਰ ਦਹੀਂ ਦੀ ਵਿੱਕਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਦੀ ਰੋਜ਼ਾਨਾ 9500 ਲੀਟਰ ਲੱਸੀ, 350 ਕਿੱਲੋ ਪਨੀਰ ਅਤੇ 300 ਕਿੱਲੋ ਖੀਰ ਰੋਜ਼ਾਨਾ ਲੋਕਾਂ ਤੱਕ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਦਿਨੀਂ ਸਿਹਤ ਵਿਭਾਗ ਦੀ ਸਖਤੀ ਤੋਂ ਬਾਅਦ ਗਲਤ ਤਰੀਕੇ ਨਾਲ ਦੁੱਧ ਅਤੇ ਪਨੀਰ ਬਣਾਉਣ ਵਾਲਿਆਂ ‘ਤੇ ਹੋਈ ਕਾਰਵਾਈ ਨਾਲ ਵੇਰਕਾ ਦੇ ਦਹੀਂ ਅਤੇ ਪਨੀਰ ਦੀ ਵਿੱਕਰੀ ਵਿੱਚ 25 ਪ੍ਰਤੀਸ਼ਤ ਤੱਕ ਅਤੇ ਦੁੱਧ ਵਿੱਚ 10 ਪ੍ਰਤੀਸ਼ਤ ਤੱਕ ਦਾ ਉਛਾਲ ਆਇਆ ਹੈ।
ਸ. ਗੁਰਮੇਲ ਸਿੰਘ ਨੇ ਦੱਸਿਆ ਕਿ ਪਟਿਆਲਾ ਵੇਰਕਾ ਮਿਲਕ ਪਲਾਂਟ ਵਿੱਚ ਵੇਰਕਾ ਦੇ ਬਣੇ ਪਦਾਰਥਾਂ ਲਈ ਬੂਥ ਵੀ ਬਣਾਇਆ ਹੋਇਆ ਹੈ ਅਤੇ ਇੱਥੇ ਬੈਠਣ ਲਈ ਖੁੱਲ੍ਹਾ ਪਾਰਕ ਅਤੇ ਬੱਚਿਆਂ ਲਈ ਝੂਟੇ ਵੀ ਲੱਗੇ ਹੋਏ ਹਨ ਜਿਥੇ ਵੱਡੀ ਗਿਣਤੀ ਲੋਕ ਰੋਜ਼ਾਨਾ ਆਉਂਦੇ ਹਨ।
ਜਨਰਲ ਮੈਨੇਜਰ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਖ਼ਰੀਦਣ ਸਮੇਂ ਪੈਕਿੰਗ ਉਪਰ ਐਫ.ਐਸ.ਐਸ.ਆਈ. ਦਾ ਲਾਇਸੰਸ ਨੰਬਰ ਜ਼ਰੂਰ ਦੇਖਿਆ ਜਾਵੇ ਤਾਂ ਜੋ ਪੱਤਾ ਲੱਗ ਸਕੇ ਕਿ ਇਹ ਨਿਰਧਾਰਿਤ ਨਿਯਮਾਂ ਅਨੁਸਾਰ ਹੀ ਵਸਤੂ ਬਣਾਈ ਗਈ ਹੈ। ਉਨ੍ਹਾਂ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਉਹ ਵੇਰਕਾ ਨਾਲ ਮੋਢੇ ਨਾਲ ਮੋਢਾ ਜੋੜਕੇ ਕਿਸਾਨਾਂ ਦੀ ਤਰੱਕੀ ਲਈ ਅੱਗੇ ਆਉਣ। ਕਿਉਂਕਿ ਵੇਰਕਾ ਸਿੱਧਾ ਕਿਸਾਨਾਂ ਤੋਂ ਦੁੱਧ ਖ਼ਰੀਦ ਹੈ ਅਤੇ ਇਸ ਵਿੱਚ ਕੋਈ ਵਿਚੋਲਾ ਨਹੀਂ ਹੈ।

Leave a Reply

Your email address will not be published. Required fields are marked *